ਆਪ ਬਣੇ ਮਛਲੀ ਨਾਲ ਚਾਵੜਾਂ ਦੇ, ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ ।
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ, ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ।
ਵਾਰਿਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ, ਨਿਤ ਯਾਰ ਦਾ ਜੀਉ ਪਰਚਾਂਵਦੀ ਹੈ।
(ਸਰੋਦ ਕਰਦਾ=ਗਾਉਂਦਾ, ਮਸ਼ਕ ਬੋਰੀ=ਜਿੱਦਾਂ ਮਾਸ਼ਕੀ ਨੇ ਲੱਕ ਨਾਲ ਪਾਣੀ ਵਾਲੀ ਮਸ਼ਕ ਬੋਰੀ ਵਾਂਗ ਬੰਨੀ ਹੋਵੇ, 'ਮੀਰੀ ਆਂ' =ਮਿੱਤੀ ਹਾਂ, ਮਾਮੇ ਦੇ ਖ਼ਰਬੂਜ਼ੇ= ਨਦੀ ਵਿੱਚ ਖੇਡੀ ਜਾਣ ਵਾਲੀ ਇੱਕ ਖੇਡ, ਬਾਹਲੀ=ਬਾਂਹ,ਕਮੀਜ਼ ਦੀ ਬਾਂਹ, ਚਵਾ= ਚਾਉ, ਨੈਲ ਨਿੱਸਲ=ਪਾਣੀ ਉੱਤੇ ਸਿੱਧਾ ਤਰਨਾ ਕਿ ਸਾਰਾ ਸਰੀਰ ਦਿਸੇ, ਡੰਬੜੇ= ਦੰਭੀ,ਫ਼ਰੇਬੀ, ਬੁਲ੍ਹਣ = ਇੱਕ ਵੱਡੀ ਮੱਛੀ, ਕੁਰਲ = ਕਨਕੁਰਲ, ਜਾਲੀਆਂ ਪਾਉਂਦੀ=ਜਾਲ ਲਾਉਂਦੀ)
ਕੈਦੋ ਆਖਦਾ ਮਲਕੀਏ ਭੈੜੀਏ ਨੀ, ਤੇਰੀ ਧੀਉ ਵੱਡਾ ਚੱਚਰ ਚਾਇਆ ਈ।
ਜਾਇ ਨਈਂ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰੱਛ ਗਵਾਇਆ ਈ।
ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ।
ਮੂੰਹ ਘੁਟ ਰਹੇ ਵਾਲ ਪੁਟ ਰਹੇ, ਲਿੰਗ ਕੁਟ ਰਹੇ ਮੈਨੂੰ ਤਾਇਆ ਈ ।
ਹਿੱਕ ਹੁੱਟ ਰਹੇ ਝਾਟਾ ਪੁਟ ਰਹੇ, ਅੰਤ ਟੁੱਟ ਰਹੇ ਗ਼ੈਬ ਚਾਇਆ ਈ।
ਲਿਟਾਂ ਪੁਟ ਰਹੇ ਤੇ ਨਿਖੁੱਟ ਰਹੇ, ਲੱਤੀਂ ਜੁਟ ਰਹੇ ਤੇ ਲਟਕਾਇਆ ਈ।
ਮੱਤੀਂ ਦੇ ਰਹੇ ਪੀਰ ਸੇਵ ਰਹੇ, ਪੈਰੀ ਪੈ ਰਹੇ ਲੋੜ੍ਹਾ ਆਇਆ ਈ ।
ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ, ਲੰਝੇ ਰਿੱਛ ਨੇ ਮੋੜ ਜਗਾਇਆ ਈ ।
(ਮੁਲਕ ਦਾ ਰੱਛ=ਦੇਸ਼ ਦੀਆਂ ਕਦਰਾਂ ਕੀਮਤਾਂ, ਤਾਇਆ=ਦਿਲ ਸਾੜ ਦਿੱਤਾ, ਲੰਙਾ ਰਿੱਛ=ਕੈਦੋਂ)
ਮਲਕੀ ਆਖਦੀ ਸੱਦ ਤੂੰ ਹੀਰ ਤਾਈ, ਝਬ ਹੋ ਤੂੰ ਔਲੀਆ ਨਾਈਆ ਵੇ ।
ਅਲਫੂ ਮੋਚੀਆ ਮੌਜਮਾ ਵਾਗੀਆ ਵੇ, ਧੱਦੀ ਮਾਛੀਆ ਭਜ ਤੂੰ ਭਾਈਆ ਵੇ ।
ਖੇਡਣ ਗਈ ਮੂੰਹ ਸੋਝਲੇ ਘਰੋਂ ਨਿਕਲੀ, ਨਿੰਮ੍ਹੀ ਸ਼ਾਮ ਹੋਈ ਨਹੀਂ ਆਈਆ ਵੇ ।
ਵਾਰਿਸ ਸ਼ਾਹ ਮਾਹੀ ਹੀਰ ਨਹੀਂ ਆਏ, ਮਹਿੜ ਮੰਗੂਆਂ ਦੀ ਘਰੀਂ ਆਈਆ ਵੇ ।
(ਸੋਝਲੇ=ਸਾਝਰੇ, ਮੰਗੂਆਂ ਦੀ ਮਹਿੜ=ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ ਪਹਿਲਾਂ ਘਰ ਮੁੜੇ ਪਸ਼ੂ)
ਝੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ ।
ਜਾ ਹੀਰ ਅੱਗੇ ਧੁੰਮ ਘੱਤੀਆ ਨੇ, ਬੱਚਾ ਕੇਹੀ ਉਡਾਈ ਆ ਖ਼ਾਕ ਮੀਆਂ।
ਤੇਰੀ ਮਾਂਉ ਤੇਰੇ ਉਤੇ ਬਹੁਤ ਗੁੱਸੇ, ਜਾਨੋ ਮਾਰਸੀ ਚੂਚਕ ਬਾਪ ਮੀਆਂ ।
ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਚਾਕ ਮੀਆਂ ।
ਸਿਆਲ ਘੇਰ ਘੇਰਨ ਪਵਣ ਮਗਰ ਤੇਰੇ, ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ।
ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗੁਲੇਲੜਾ ਪੇਸ ਪਟਾਕ ਮੀਆਂ।
ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ, ਸਾਰਾ ਕੋੜਮਾ ਬਹੁਤ ਗ਼ਮਨਾਕ ਮੀਆਂ।
ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ, ਸਭਾ ਜੁੜੀ ਝਨਾਉਂ ਦੀ ਢਾਕ ਮੀਆਂ ।
(ਧੁੰਮ ਘਤੀਆ=ਰੌਲਾ ਪਾਇਆ)
ਹੀਰ ਮਾਂ ਨੂੰ ਆਣ ਸਲਾਮ ਕੀਤਾ, ਮਾਉਂ ਆਖਦੀ ਆ ਨੀ ਨਹਿਰੀਏ ਨੀ ।
ਯਰੋਲੀਏ ਗੋਲੀਏ ਬੇਹਿਆਏ, ਘੁੰਢ ਵੀਣੀਏ ਤੇ ਗੁਲ ਪਹਿਰੀਏ ਨੀ ।
ਉਧਲਾਕ ਟੁੰਬੇ ਅਤੇ ਕੜਮੀਏ ਨੀ, ਛਲਛਿੱਦਰੀਏ ਤੇ ਛਾਈ ਜਹਿਰੀਏ ਨੀ ।
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ, ਗੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ ।
ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ, ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ ।
ਆ ਆਖਨੀ ਹਾਂ ਟਲ ਜਾ ਹੀਰੇ, ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ ।
ਸਾਨ੍ਹਾਂ ਨਾਲ ਰਹੇ ਦਿਹੁੰ ਰਾਤ ਖਹਿੰਦੀ, ਆ ਟਲੀ ਨੀ ਕੱਟੀਏ ਵਹਿੜੀਏ ਨੀ ।
ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ, ਤੇਰੀ ਸਾਇਤ ਆਂਵਦੀ ਕਹਿਰੀਏ ਨੀ ।
ਵਾਰਿਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ, ਵੇਖੀਂ ਨੀਲ ਡਾਡਾਂ ਉੱਠੇ ਲਹਿਰੀਏ ਨੀ ।
(ਯਰੋਲੀ= ਯਾਰ ਰੱਖਣ ਵਾਲੀ, ਘੁੰਡ ਵੀਣੀ= ਵਿਖਾਵੇ ਦਾ ਘੁੰਡ ਕੱਢਣ ਵਾਲੀ, ਫ਼ਰੇਬਨ, ਗੁਲ ਪਹਿਰੀ=ਫੁੱਲਾਂ ਨਾਲ ਸਜਾਵਟ ਕਰਨ ਵਾਲੀ, ਉਧਲਾਕ=ਉੱਧਲ ਜਾਈ, ਟੁੰਬੇ =ਟੂਮ, ਕੜਮੀਏ-ਬਦ ਨਸੀਬੇ, ਛਲ ਛਿੱਦਰੀਏ=ਉਪਰੋਂ ਭੋਲੀ ਪਰ ਅੰਦਰੋਂ ਛਲਾਂ ਨਾਲ ਭਰੀ, ਛਾਈ=ਮਿੱਟੀ ਦਾ ਭਾਵ ਕੱਚਾ, ਜਹਿਰ=ਜਹਿਰੀਏ, ਪਾਣੀ ਦਾ ਘੜਾ, ਸ਼ਾਦੀ ਤੋਂ ਪਹਿਲਾਂ ਇੱਕ ਰਿਵਾਜ਼ ਸੀ ਕਿ ਕੁੜੀਆਂ ਥੱਲੇ ਉਪਰਦੇ ਤਿੰਨ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਦੀਆਂ ਸਨ ਅਤੇ ਉਨ੍ਹਾਂ ਦੇ ਸਿਖਰ ਇੱਕ ਸ਼ਰਬਤ ਦਾ ਪਿਆਲਾ ਭਰਕੇ ਰੱਖ ਦਿੱਤਾ ਜਾਂਦਾ ਸੀ । ਜੋ ਕੋਈ ਮਰਦ ਇਹ ਘੜੇ ਲਹਾਉਣ ਵਿੱਚ ਮਦਦ ਕਰੇ ਤਾਂ ਉਹ ਆਦਮੀ ਉਸ ਮੁਟਿਆਰ ਨਾਲ ਵਿਆਹ ਕਰਾਵੇਗਾ, ਗੋਲਾ ਦਿੰਗੀ = ਭੈੜੇ ਚਲਨ ਵਾਲੀ ਇਸਤਰੀ, ਉਜ਼ਬਕ = ਉਜ਼ਬੇਕਸਤਾਨ ਦੀ,ਧਾੜਵੀ, ਮਾਲਜ਼ਾਦੀ=ਕੰਜਰੀ ਜਾਂ ਵੇਸਵਾ, ਮੁਤਹਿਰਾ=ਡੰਡਾ, ਕਪੜ ਧੜੀ = ਕਪੜਿਆਂ ਨੂੰ ਕੁਟ ਕੁਟ ਧੋਣਾ, ਨੀਲ ਡਾਡਾਂ=ਡੰਡੇ ਦੀਆਂ ਪਈਆਂ ਲਾਸਾਂ)
ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ, ਕੈਸੇ ਗ਼ੈਬ ਦੇ ਤੂਤੀਏ ਬੋਲਨੀ ਹੈ ।
ਗੰਦਾ ਬਹੁਤ ਮਲੂਕ ਮੂੰਹ ਝੂਠੜੇ ਦਾ, ਐਡਾ ਝੂਠ ਪਹਾੜ ਕਿਉਂ ਤੋਲਨੀ ਹੈਂ ।
ਸੁਲਾ ਨਾਲ ਗੁਲਾਬ ਤਿਆਰ ਕੀਤਾ, ਵਿੱਚ ਪਿਆਜ਼ ਕਿਉਂ ਝੂਠ ਦਾ ਘੋਲਨੀ ਹੈਂ ।
ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ, ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ।
ਅਣਸੁਣਿਆਂ ਨੂੰ ਚਾ ਸੁਣਾਇਆ ਈ, ਮੋਏ ਨਾਗ਼ ਵਾਂਗੂ ਵਿਸ ਘੋਲਨੀ ਹੈ।
ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ, ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ ।
(ਗ਼ੈਬ ਦੇ ਤੂਤੀਏ=ਜਿਹੜੇ ਬੋਲ ਕਿਸੇ ਨੇ ਸੁਣੇ ਨਾ ਹੋਣ, ਸ਼ੁਲਾ=ਸ਼ਰਾਬ, ਪਿਆਜ਼ ਘੋਲਣਾ=ਕੰਮ ਖ਼ਰਾਬ ਕਰਨਾ, ਗਦਾਂ=ਗਧੀ, ਗ਼ੈਬ ਤੋਲਨੇ=ਨਿਰਾ ਝੂਠ ਬੋਲਣਾ)