ਸੜੇ ਲੇਖ ਸਾਡੇ ਕੱਜ ਪਏ ਤੈਨੂੰ, ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ ।
ਨਿਤ ਕਰੇ ਤੌਬਾ ਨਿਕ ਕਰੇਂ ਯਾਰੀ, ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ ।
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ, ਤੈਨੂੰ ਕਿਸੇ ਫ਼ਕੀਰ ਦੀ ਕੇਹੀ ਵੱਗੀ।
ਵਾਰਿਸ ਸ਼ਾਹ ਇਹ ਦੁਧ ਤੇ ਖੰਡ ਖਾਂਦੀ, ਮਾਰੀ ਫਿਟਕ ਦੀ ਗਈ ਜੇ ਹੋ ਬੱਗੀ।
(ਕਜ=ਐਬ.ਨੁਕਸ, ਕਹੀ ਵੱਗੀ=ਮੂੰਹੋਂ ਆਖੀ ਬਦ-ਦੁਆ ਲੱਗ ਗਈ, ਫਿਟਕ=ਖੂਨ ਦੇ ਘਟ ਹੋਣ ਕਾਰਨ ਰੰਗ ਪੀਲਾ ਹੋਣ ਦੀ ਬੀਮਾਰੀ)
ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ ।
ਨਿਉ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰੀਆਂ ਵੱਡਾ ਸਰਾਪ ਆਵੇ।
ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ ।
ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ।
(ਭੱਈਆਂ-ਮਿੱਟੀ=ਭੱਈਆਂ ਪਿੱਟੀਆਂ, ਇੱਕ ਗਾਲ )
ਕੈਦੋ ਆਇਕੇ ਆਖਦਾ ਸੌਹਰਿਓ ਵੇ, ਮੈਥੋਂ ਕੌਣ ਚੰਗਾ ਮੱਤ ਦੇਸੀਆ ਵੋਇ ।
ਮਹੀ ਮੋਹੀਆਂ ਤੇ ਨਾਲੇ ਸਿਆਲ ਮੁਠੇ, ਅੱਜ ਕਲ ਵਿਗਾੜ ਕਰੇਸੀਆ ਵੇਇ ।
ਇਹ ਨਿਤ ਦਾ ਪਿਆਰ ਨਾ ਜਾਏ ਖਾਲੀ, ਪਿੰਜ ਗੱਡ ਦਾ ਪਾਸ ਨਾ ਵੈਸੀਆ ਵੇਇ ।
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ, ਪਰ੍ਹਾ ਛੱਡ ਝੇੜਾ ਬਹੁ ਭੇਸੀਆ ਵੋਇ।
ਰਗ ਇੱਕ ਵਧੀਕ ਹੈ ਲੰਙਿਆਂ ਦੀ, ਕਿਰਤਘਣ ਫ਼ਰਫ਼ੇਜ਼ ਮਲਘੇਸੀਆ ਵੋਇ।
(ਖ਼ਾਲੀ ਪਿੰਜ ਗਡ=ਬਿਨਾ ਪਿੰਜ ਤੋਂ ਗੱਡਾ, ਫ਼ਰਫ਼ੇਜ਼=ਫ਼ਰੇਬ, ਬਹੁਭੇਸੀਆ= ਬਹੁਰੂਪੀਆ, ਮਲਘੇਸੀਆ=ਗੰਦਾ)
ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ, ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ ।
ਜਿਨ੍ਹਾਂ ਬਾਣ ਹੈ ਨੱਚਣੇ ਕੁਦਣੇ ਦੀ, ਰੱਖੇ ਕੌਣ ਰੰਨਾਂ ਹਰਿਆਰੀਆਂ ਨੂੰ ।
ਏਸ ਪਾਇ ਭੁਲਾਵੜਾ ਠਗ ਲੀਤੇ, ਕੰਮ ਪਹੁੰਚਸੀ ਬਹੁਤ ਖੁਆਰੀਆਂ ਨੂੰ ।
ਜਦੋਂ ਚਾਕ ਉਧਾਲ ਲੈ ਜਾਗ ਨੱਢੀ, ਤਦੋਂ ਝੂਰਸੋਂ ਬਾਜ਼ੀਆਂ ਹਾਰੀਆਂ ਨੂੰ ।
ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੇਈ ਜਾਣਦੇ ਦਾਰੀਆਂ ਯਾਰੀਆਂ ਨੂੰ ।
(ਭੁਲਾਵੜਾ=ਭੁਲੇਖਾ, ਦਾਰੀਆਂ=ਦਾਰੀ ਦਾ ਬਹੁ-ਵਚਨ,ਖ਼ਾਤਰਦਾਰੀ)
ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ, ਜਾ ਕੰਨ ਦੇ ਵਿੱਚ ਸੁਣਾਇਆ ਈ ।
ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ, ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ ।
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੇ, ਡੱਗਾ ਵਿੱਚ ਬਾਜ਼ਾਰ ਦੇ ਲਾਇਆ ਈ।
ਇਹ ਗੱਲ ਜੇ ਜਾਇਸੀ ਅੱਜ ਖ਼ਾਲੀ, ਤੂੰ ਹੀਰ ਕਿਉਂ ਨਾਉਂ ਸਦਾਇਆ ਈ ।
ਕਰ ਛੱਡ ਤੂੰ ਏਸ ਦੇ ਨਾਲ ਏਹੀ, ਸੁਣੇ ਦੇਸ ਜੋ ਕੀਤੜਾ ਪਾਇਆ ਈ ।
ਵਾਰਿਸ ਸ਼ਾਹ ਅਪਰਾਧੀਆਂ ਰਹਿਣ ਚੜ੍ਹੀਆਂ, ਲੰਝੇ ਰਿੱਛ ਨੇ ਮਾਮਲਾ ਚਾਇਆ ਈ ।
ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ ।
ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ।
ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ ।
ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੇ ।
ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ ।
(ਕੁਤਕੇ=ਘੋਟਨੇ, ਕੁਢਣ=ਚੁਭੇ ਜਾਂ ਭੱਠ ਵਿੱਚੋਂ ਸੁਆਹ ਕੱਢਣ ਵਾਲਾ ਸੰਦ,ਟੋਭੜੇ=ਟੋਭੇ)
ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ, ਖਿੰਡ-ਪੁੰਡ ਕੇ ਗਲੀਆਂ ਮੱਲੀਆਂ ਨੇ ।
ਕੈਦੋਂ ਆਣ ਵੜਿਆ ਜਦੋਂ ਫਲ੍ਹੇ ਅੰਦਰ, ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ।
ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ, ਗੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ ।
ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ, ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ।
ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ, ਧਾਈਂ ਛੱਟਦੀਆਂ ਜਿਵੇਂ ਮੁਹੱਲੀਆਂ ਨੇ ।
(ਕਾਂਬਾਂ=ਛਮਕਾਂ)
ਗਲ ਪਾਇਕੇ ਸੇਲ੍ਹੀਆਂ ਲਾਹ ਟੋਪੀ, ਪਾੜ ਜੁੱਲੀਆਂ ਸੰਘ ਨੂੰ ਘੁੱਟਿਉ ਨੇ ।
ਭੰਨ ਕੌਰ ਤੇ ਕੁੜਕੇ ਛੜਨ ਲੱਤੀ, ਰੋੜ ਵਿੱਚ ਖੁੜੱਲ ਦੇ ਸੁੱਟਿਉ ਨੇ ।
ਝੰਝੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁੱਟਿਉ ਨੇ ।
ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ, ਏਹ ਅਖੱਟੜਾ ਹੀ ਚਾ ਖੁੱਟਿਓ ਨੇ।
(ਲਾਂਗੜ=ਲੰਗੋਟੀ, ਤਹਿਮਤ, ਅਖੱਟੜਾ=ਕਰੜਾ)
ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ।
ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ।
ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ।
ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ।
(ਤ੍ਰੀਈ=ਤੀਜੀ, ਦੁੱਬਰ ਵਿੱਚ=ਗੁਦਾ ਵਿੱਚ, ਡੰਡਕਾ=ਡੰਡਾ)