ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ ।
ਵੱਤੇ ਫਿਰਨ ਪਰਵਾਰ ਜਿਉ ਚੰਨ ਦਵਾਲੇ, ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂੰ ।
ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦਵਾਲੇ ਚੱਕੀਆਂ ਫਿਰਨ ਲਾਹੌਰ ਵਾਂਗੂੰ ।
ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਨੀ, ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂੰ ।
(ਚੱਕ=ਦੰਦੀ, ਕੋਟ=ਕਿਲਾ)
ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ, ਸਿਆਲੀਂ ਲਾਇਕੇ ਪਾਸਣਾ ਧਾਈਆਂ ਨੀ ।
ਹੱਥੀਂ ਬਾਲ ਮਵਾਤੜੇ ਕਾਹ ਕਾਨੇ, ਵੱਡੇ ਭਾਂਬੜੇ ਬਾਲ ਲੈ ਆਈਆਂ ਨੀ ।
ਝੁੱਗੀ ਸਾੜ ਕੇ ਭਾਂਡੜੇ ਭੰਨ ਸਾਰੇ, ਕੁੱਕੜ ਕੁੱਤਿਆਂ ਚਾਇ ਭਜਾਈਆਂ ਨੀ ।
ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ, ਮੁੜ ਫੇਰ ਲਾਹੌਰ ਨੂੰ ਆਈਆਂ ਨੀ ।
(ਚਕਚੂਰ=ਚੂਰ ਚੂਰ, ਕਾਹ=ਘਾਹ, ਮਵਾਤੜਾ=ਲਾਟਾਂ, ਮਾਰ ਮਥਰਾ= ਫਤਹਿ ਕਰਕੇ)
ਕੈਦੋ ਲਿੱਥੜੇ ਪੱਥੜੇ ਖੂਨ ਵਹਿੰਦੇ, ਕੂਕੇ ਬਾਹੁੜੀ ਤੇ ਫ਼ਰਿਆਦ ਮੀਆਂ।
ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ।
ਕਫ਼ਨ ਪਾੜ ਬਾਦਸ਼ਾਹ ਥੇ ਜਾ ਕੂਕਾਂ, ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ ।
ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀ ਮਾਰਿਆ ਜਿਵੇਂ ਫ਼ਰਹਾਦ ਮੀਆਂ ।
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਏਹ ਗੱਲ ਨਾ ਜਾਏ ਬਰਬਾਦ ਮੀਆਂ ।
ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ।
(ਕੂਕੇ=ਚੀਕਾਂ ਮਾਰੇ, ਦਾਦ ਦਿਉ=ਇਨਸਾਫ਼ ਕਰੋ, ਬਿਨਾ ਫਾਟ=ਬਗ਼ੈਰ ਕੁਟ ਖਾਣ ਤੇ, ਸਵਾਦ=ਸੁਆਦ, ਮਜ਼ਾ)
ਚੂਚਕ ਆਖਿਆ ਲੰਙਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ ।
ਸਰਦਾਰ ਹੈਂ ਚੋਰ ਉਚੱਕਿਆਂ ਦਾ, ਸੂਹਾ ਬੈਠਾ ਹੈਂ ਸਾਹਿਆਂ ਫੇੜਿਆਂ ਦਾ ।
ਤੈਨੂੰ ਵੈਰ ਹੈ ਨਾਲ ਅੰਞਾਣਿਆਂ ਦੇ, ਤੇ ਵੱਲ ਹੈ ਦੱਬ ਦਰੇੜਿਆਂ ਦਾ ।
ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ, ਇਹੋ ਚੱਜ ਜੇ ਮਾਹਣੂਆਂ ਭੈੜਿਆਂ ਦਾ ।
ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੇ, ਏਹੋ ਮੂਲ ਹੈ ਸਭ ਬਖੇੜਿਆਂ ਦਾ ।
(ਵਲ=ਢੰਗ, ਤਰੀਕਾ, ਸੂਹਾਂ=ਸੂਹ ਲੈਣ ਵਾਲਾ, ਸੂਹੀਆ, ਸਾਹਾ=ਵਿਆਹ ਸ਼ਾਦੀ, ਦਬ ਦਰੇੜੇ=ਝਗੜੇ,ਦਬਾਉ, ਮੂਲ=ਜੜ੍ਹ, ਅਬਲੀਸ=ਸ਼ੈਤਾਨ)
ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁੱਗੀ ਲਾ ਮੁਆਤੜੇ ਸਾੜੀਆ ਨੇ ।
ਦੌਰ ਭੰਨ ਕੇ ਕੁਤਕੇ ਸਾੜ ਮੇਰੇ, ਪੈਵੰਦ ਜੁੱਲੀਆਂ ਫੋਲ ਕੇ ਪਾੜੀਆ ਨੇ ।
ਕੁੱਕੜ ਕੁੱਤੀਆਂ ਭੰਗ ਅਫੀਮ ਲੁੱਟੀ, ਮੇਰੀ ਬਾਵਨੀ ਚਾ ਉਜਾੜੀਆ ਨੇ ।
ਧੜਵੈਲ ਧਾੜੇ ਮਾਰ ਲੁੱਟਣ, ਮੇਰਾ ਦੇਸ ਲੁਟਿਆ ਏਨ੍ਹਾਂ ਲਾੜੀਆਂ ਨੇ।
(ਉਧਲਾਂ =ਉਧਲ ਜਾਣੀਆਂ, ਪੈਵੰਦ=ਜੋੜ, ਪੈਵੰਦ ਜੁੱਲੀਆਂ=ਉਹ ਜੁੱਲੀ ਜਾਂ ਗੋਦੜੀ ਜਿਹੜੀ ਵੱਖ ਵੱਖ ਭਾਂਤ ਦੇ ਸੁਹਣੇ ਟੋਟੇ ਜੋੜ ਕੇ ਸੀਤੀ ਹੋਵੇ, ਬਾਵਨੀ=ਬਵੰਜਾਂ ਪਿੰਡਾਂ ਦੀ ਜਗੀਰ)
ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ, ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈ ।
ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ, ਮਾਵਾਂ ਧੀਆਂ ਨੂੰ ਪਾੜ ਵਿਖਾਵਨਾ ਹੈ।
ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ, ਐਵੇਂ ਟੱਕਰਾਂ ਪਿਆ ਲੜਾਵਨਾ ਹੈ।
ਪਰ੍ਹਾਂ ਜਾਹ ਜੱਟਾ ਪਿੱਛਾ ਛਡ ਸਾਡਾ, ਐਵੇਂ ਕਾਸ ਨੂੰ ਪਿਆ ਅਕਾਵਨਾ ਹੈ ।
(ਲੂਤੀਆਂ ਲਾਉਣਾ=ਚੁਗ਼ਲੀਆਂ ਕਰਕੇ ਫਸਾਦ ਕਰਵਾਉਣਾ)
ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ, ਭਰੇ ਦੇਸ 'ਚ ਫਾਟਿਆ ਕੁੱਟਿਆ ਹਾਂ।
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ, ਧੁਰੋਂ ਜੜ੍ਹਾਂ ਥੀ ਲਾ ਮੈਂ ਪੁੱਟਿਆ ਹਾਂ ।
ਮੈਂ ਮਾਰਿਆਂ ਦੇਖਦੇ ਮੁਲਕ ਸਾਰੇ, ਧਰੂਹ ਕਰੰਗ ਮੋਏ ਵਾਂਗੂ ਸੁੱਟਿਆ ਹਾਂ।
ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗੱਦੋਂ ਵਾਂਗ ਕੁੱਟਿਆ ਹਾਂ।
ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ, ਰੋ ਰੋ ਕੇ ਬਹੁਤ ਨਖੁੱਟਿਆ ਹਾਂ।
(ਧਰੋਹੀ=ਦੁਹਾਈ, ਕਰੰਗ=ਮੁਰਦਾ ਸਰੀਰ, ਪਿੰਜਰ, ਅੜੀਦਾਰ ਗਦੋਂ=ਅੜਬੈਲ ਜਾਂ ਅੜੀਅਲ ਗਧੀ)
ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ,ਲੰਝਾ ਕਾਸ ਨੂੰ ਢਾਹ ਕੇ ਮਾਰਿਆ ਜੇ ।
ਐਵੇਂ ਬਾਝ ਤਕਸੀਰ ਗੁਨਾਹ ਲੁਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ ।
ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ, ਏਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ ।
ਕਰੋ ਕੌਣ ਤਕਸੀਰ ਫ਼ਕੀਰ ਅੰਦਰ, ਫੜੇ ਚੋਰ ਵਾਂਗੂ ਘੁਟ ਮਾਰਿਆ ਜੇ ।
ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਏਸ ਫ਼ਕਰ ਨੂੰ ਮਾਰ ਉਤਾਰਿਆ ਜੇ ।
ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ ।
(ਇੱਕੇ=ਜਾਂ, ਮਾਰ ਉਤਾਰਿਆ=ਕੁਟ ਕੁਟ ਕੇ ਮਰਨ ਵਾਲਾ ਕਰ ਦਿੱਤਾ)