ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ ।
ਸਾਡੀਆਂ ਮੰਮੀਆਂ ਟੋਂਹਦਾ ਤੋੜ ਗੱਲ੍ਹਾਂ, ਪਿੱਛੇ ਹੋਇਕੇ ਸੁੱਥਣਾਂ ਸੁੰਘਦਾ ਏ ।
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ, ਸਾਨ੍ਹ ਹੋਇਕੇ ਟੱਪਦਾ ਰਿੰਗਦਾ ਏ ।
ਨਾਲੇ ਬੰਨ੍ਹ ਕੇ ਜੋਗ ਨੂੰ ਜੋ ਦਿੰਦਾ, ਗੁੱਤਾਂ ਬੰਨ੍ਹ ਕੇ ਖਿੱਚਦਾ ਤੰਗਦਾ ਏ ।
ਤੇੜੋਂ ਲਾਹ ਕਹਾਈ ਵੱਤੇ ਫਿਰੇ ਭੱਦਾ, ਭੌਂ ਭੌਂ ਮੂਤਦਾ ਤੇ ਨਾਲ ਤ੍ਰਿੰਗਦਾ ਏ ।
ਵਾਰਿਸ ਸ਼ਾਹ ਉਜਾੜ ਵਿੱਚ ਜਾਇਕੇ ਤੇ, ਫਲਗਣਾਂ ਅਸਾਡੀਆਂ ਸੁੰਘਦਾ ਏ ।
(ਕਾਰੇ=ਭੈੜੇ ਕੰਮ, ਕਹਾਈ= ਲੰਗੋਟੀ, ਠੁੰਗਦਾ=ਠੂੰਗੇ ਮਾਰਦਾ, ਫਲਗਣਾਂ = ਬਸੰਤ ਦੀ ਰੁੱਤੇ ਕੁੜੀਆਂ ਦੇ ਪਾਏ ਹਾਰ)
ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ ।
ਝੁੱਗੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ, ਲਾਹ ਭਾਗ ਪੱਟੇ ਪੁਟ ਦੂਰ ਕੀਤੇ।
ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਤੁਸਾਂ ਮਾਰ ਕੇ ਖ਼ਲਕ ਰਜੂਰ ਕੀਤੇ।
ਵਾਰਿਸ ਸ਼ਾਹ ਗੁਨਾਹ ਥੋਂ ਪਕੜ ਕਾਫ਼ਰ, ਹੱਡ ਪੈਰ ਮਲਾਇਕਾਂ ਚੂਰ ਕੀਤੇ ।
(ਭਾਗ=ਭੰਗ, ਮਲਾਇਕਾਂ=ਫਰਿਸ਼ਤਿਆਂ, ਮਲਕ ਦਾ ਬਹੁ ਵਚਨ)
ਵਾਰ ਘੱਤਿਆ ਕੌਣ ਬਲਾ ਕੁੱਤਾ, ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ।
ਅਸਾਂ ਭੱਈੜੇ ਪਿੱਟੀਆਂ ਹਥ ਲਾਇਆ, ਤੁਸੀਂ ਏਤਨੀ ਗੱਲ ਨਾ ਸਾਰਦੇ ਹੋ ।
ਫ਼ਰਫ਼ਜੀਆਂ ਮਕਰਿਆਂ ਠਕਰਿਆਂ ਨੂੰ, ਮੂੰਹ ਲਾਇਕੇ ਚਾ ਵਿਗਾੜਦੇ ਹੋ ।
ਮੁੱਠੀ ਮੁੱਠੀ ਹਾਂ ਏਡ ਅਪਰਾਧ ਪੌਂਦੇ, ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ ।
ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹੇ ਸੱਚ ਤੇ ਝੂਠ ਨਿਤਾਰਦੇ ਹੋ ।
ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾ ਨਿਖਾਰਦੇ ਹੋ।
ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ ।
(ਅਪਰਾਧ ਪੌਂਦੇ =ਅਪਰਾਧ ਕਰਦੇ)
ਕੈਦੋਂ ਬਾਹੁੜੀ ਤੇ ਫ਼ਰਿਆਦ ਕੂਕੇ, ਧੀਆਂ ਵਾਲਿਉ ਕਰੋ ਨਿਆਉਂ ਮੀਆਂ ।
ਮੇਰਾ ਹੱਟ ਪਸਾਰੀ ਦਾ ਲੁਟਿਆ ਨੇ, ਕੋਲ ਵੇਖਦਾ ਪਿੰਡ ਗਿਰਾਉਂ ਮੀਆਂ ।
ਮੇਰੀ ਭੰਗ ਅਫੀਮ ਤੇ ਪੋਸਤ ਲੁੜਿਆ, ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ।
ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਪਿੰਨ ਟੁਕੜੇ ਪਿੰਡ ਦੇ ਖਾਉ ਮੀਆਂ।
ਤੋਤੇ ਬਾਗ਼ ਉਜਾੜਦੇ ਮੇਵਿਆਂ ਦੇ, ਅਤੇ ਫਾਹ ਲਿਆਂਵਦੇ ਕਾਉ ਮੀਆਂ ।
ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ।
ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ ।
ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖੂਨ ਗੁਜਾਰਿਆ ਨੇ ।
ਬਹੁਤ ਦੇ ਦਿਲਾਸੜਾ ਪੂੰਝ ਅੱਖੀਂ, ਕੈਦੋ ਲੰਝੇ ਨੂੰ ਠੱਗ ਕੇ ਠਾਰਿਆ ਨੇ ।
ਕੈਦੇ ਆਖਿਆ ਧੀਆਂ ਦੇ ਵਲ ਹੋ ਕੇ, ਵੇਖੋ ਦੀਨ ਈਮਾਨ ਨਿਘਾਰਿਆ ਨੇ ।
ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਵੇਖ ਜੋ ਭਾਂਬੜਾ ਮਾਰਿਆ ਨੇ ।
(ਭਾਂਬੜਾ=ਭੰਵਰਾ)
ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ, ਮੁੰਡੀ ਲਾਹ ਸੁੱਟਾਂ ਮੁੰਡੇ ਮੁੰਡੀਆਂ ਦੀ।
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਉ ਹੈ ਗੁੰਡਿਆਂ ਦੀ ।
ਸਰਵਾਹੀਆਂ ਛਿੱਕ ਕੇ ਅਲਖ ਲਾਹਾਂ, ਅਸੀਂ ਸਥ ਨਾ ਪਰ੍ਹੇ ਹਾਂ ਟੁੰਡਿਆਂ ਦੀ ।
ਕੈਦੋ ਆਖਿਆ ਵੇਖ ਫੜਾਵਨਾ ਹਾਂ, ਭਲਾ ਮਾਉਂ ਕਿਹੜੀ ਇਹਨਾਂ ਲੁੰਡਿਆਂ ਦੀ ।
ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ, ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ ।
ਏਸ ਹੀਰ ਦੀ ਪੜਛ ਦੀ ਭੰਗ ਲੈਸਾਂ, ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ ।
ਵਾਰਿਸ ਸ਼ਾਹ ਮੀਆਂ ਏਥੇ ਖੇਡ ਪੈਂਦੀ, ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ।
(ਮੁੰਡੀ=ਗਰਦਨ, ਮੁੰਡੀਆਂ=ਕੁੜੀਆਂ, ਸਰਵਾਹੀਆਂ=ਤਲਵਾਰਾਂ, ਪੜਛ= ਖੱਲ ਦਾ ਟੁਕੜਾ)
ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ ।
ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ ।
ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ।
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ ।
(ਉਸ਼ੇਰ=ਸਵੇਰ, ਚੁੰਨੂਆਂ=ਫੁਲਕਾਰੀਆਂ, ਘੁਨੂੰਆਂ=ਘੋਗਲ-ਕੰਨਾ)
ਜਦੋਂ ਲਾਲ ਖਜੂਰਿਉਂ ਖੇਡ ਸੱਈਆਂ, ਸਭੇ ਘਰੋ ਘਰੀ ਉਠ ਚੱਲੀਆਂ ਨੀ ।
ਰਾਂਝਾ ਹੀਰ ਨਿਆਰੜੇ ਹੋ ਸੁੱਤੇ, ਕੰਧਾਂ ਨਦੀ ਦੀਆਂ ਮਹੀ ਨੇ ਮੱਲੀਆਂ ਨੀ ।
ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ, ਟੰਗਾਂ ਲੰਝੇ ਦੀਆਂ ਤੇਜ਼ ਹੋ ਚੱਲੀਆਂ ਨੀ ।
ਪਰ੍ਹੇ ਵਿੱਚ ਕੈਦੇ ਆਣ ਪੱਗ ਮਾਰੀ, ਚਲੋ ਵੇਖ ਲਉ ਗੱਲਾਂ ਅਵੱਲੀਆਂ ਨੀ ।
(ਕੰਧਾਂ=ਕੰਢੇ, ਲਾਲ ਖਜੂਰੀ=ਇੱਕ ਥਾਂ ਦਾ ਨਾਂਉ, ਪੱਗ ਮਾਰੀ=ਦਾਅਵੇ ਨਾਲ ਗੱਲ ਕੀਤੀ)