ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਵਦੇ ਜੇ।
ਤਰਕ ਕੌਲ ਹਦੀਸ ਦੇ ਨਿਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਜੇ।
ਜੇਹੇ ਆਪ ਥੀਵਣ ਤੇਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਵਦੇ ਜੇ।
ਜਿਹੜਾ ਚੈਰ ਤੇ ਰਾਹਜ਼ਨ ਹੋਵੇ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਵਦੇ ਜੇ ।
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ, ਉਹਨੂੰ ਮਿਹਣਾ ਮਸ਼ਕਰੀ ਲਾਵਦੇ ਜੇ।
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ, ਵੇਖੋ ਰੱਬ ਤੇ ਮੌਤ ਭੁਲਾਂਵਦੇ ਜੇ।
ਵਾਰਿਸ ਸ਼ਾਹ ਮੀਆ ਦੇ ਦੇ ਖ਼ਸਮ ਦੇਂਦੇ, ਨਾਲ ਬੇਟੀਆ ਵੈਰ ਕਮਾਵਦੇ ਜੇ।
(ਤਰਕ ਕਰਦੇ=ਛੱਡ ਦਿੰਦੇ, ਪਾੜ ਲਾਉਂਦੇ=ਕੰਧ ਪਾੜ ਕੇ ਚੋਰੀ ਕਰਦੇ, ਤੇਹੀਆਂ= ਉਸੇ ਤਰ੍ਹਾਂ ਦੀਆਂ)
ਜਦੋਂ ਗਾਨੜੇ ਦੇ ਦਿਨ ਆਣ ਪੁੱਗੇ, ਲੱਸੀ ਮੁੰਦਰੀ ਖੇਡਣੇ ਆਈਆਂ ਨੇ।
ਪਈ ਧੁਮ ਕੇਹਾ ਗਾਨੜੇ ਦੀ, ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ ।
ਸੈਦਾ ਲਾਲ ਪੀਹੜੇ ਉਤੇ ਆ ਬੈਠਾ, ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ ।
ਪਕੜ ਹੀਰ ਦੇ ਹੱਥ ਪਰਾਤ ਪਾਏ, ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ।
ਵਾਰਿਸ ਸ਼ਾਹ ਮੀਆ ਨੈਣਾਂ ਹੀਰ ਦਿਆ, ਵਾਂਗ ਬੰਦਲਾਂ ਝੰਬਰਾਂ ਲਾਈਆਂ ਨੇ।
(ਲੱਸੀ ਮੁੰਦਰੀ=ਵਿਆਹ ਦੀ ਇੱਕ ਰਸਮ,ਝੁੰਬਰਾ=ਛਹਿਬਰਾਂ ਝੜੀਆਂ)
ਘਰ ਖੇੜਿਆਂ ਦੇ ਜਦੋਂ ਹੀਰ ਆਈ, ਚੁਕ ਗਏ ਤਗਾਦੜੇ ਅਤੇ ਝੇੜੇ।
ਵਿੱਚ ਸਿਆਲਾ ਦੇ ਚੁਪ ਚਾਂਗ ਹੋਈ, ਅਤੇ ਖ਼ੁਸ਼ੀ ਹੋ ਫਿਰਦੇ ਨੇ ਸਭ ਖੇੜੇ।
ਫ਼ੌਜਦਾਰ ਤਗੱਈਅਰ ਹੋ ਆਣ ਬੈਠਾ, ਕੋਈ ਓਸ ਦੇ ਪਾਸ ਨਾ ਪਾਏ ਫੇਰੇ।
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ, ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ ।
ਚਿੱਠੀ ਲਿਖ ਕੇ ਹੀਰ ਦੀ ਉਜਰਖ਼ਾਹੀ, ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ ।
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ, ਸਾਡੇ ਅੱਲੜੇ ਘਾ ਸਨ ਤੂੰ ਉਚੇੜੇ।
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ, ਲਟਕਦੜਾ ਘਰੀਂ ਤੂੰ ਪਾ ਫੇਰੇ ।
ਜਿਹੜੇ ਫੁੱਲ ਦਾ ਨਿੱਤ ਤੂੰ ਰਹੇ ਰਾਖਾ, ਓਸ ਫੁੱਲ ਨੂੰ ਤੋੜ ਲੈ ਗਏ ਖੇੜੇ ।
ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੀਲਾਂ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ।
ਕੋਈ ਨਹੀਂ ਵਸਾਹ ਕੰਵਾਰੀਆਂ ਦਾ, ਐਵੇਂ ਲੋਕ ਨਿਕੰਮੜੇ ਕਰਨ ਝੇੜੇ ।
ਤੂੰ ਤਾਂ ਮਿਹਨਤਾਂ ਮੈਂ ਦਿੰਹੁ ਰਾਤ ਕਰਦਾ, ਵੇਖ ਕੁਦਰਤਾਂ ਰੱਬ ਦੀਆਂ ਕੌਣ ਫੇਰੇ।
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ, ਖੁਸ ਜਾਣ ਜਾਂ ਖੱਪਰਾਂ ਮੂੰਹੋਂ ਹੋੜੇ।
ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ, ਜਿਸ ਵੇਲੜੇ ਆਣ ਕੇ ਵੜੇਂ ਵਿਹੜੇ।
ਵਾਰਿਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ, ਖੁਆਜਾ ਖ਼ਿਜ਼ਰ ਚਿਰਾਗ ਦੇ ਲਏ ਪੇੜੇ ।
(ਚੁੱਕ ਗਏ=ਮੁੱਕ ਗਏ, ਤਗਾਦੜੇ=ਤਕਾਜ਼ੇ, ਝਗਤੇ, ਤਗੱਈਅਰ-ਬਦਲੀ, ਉਜ਼ਰਖਾਹੀ=ਮੁਆਫੀ ਚਾਹੁਣ ਦਾ ਭਾਵ, ਰਜਾ=ਕਿਸਮਤ, ਬੇੜ੍ਹੇ=ਬਘਿਆੜ, ਖੁੱਸ ਜਾਣ=ਖੋਹ ਲਏ ਜਾਣ, ਖੰਪਰ=ਕਾਸਾ, ਹੋੜੇ-ਸ਼ਿਕਾਰੀ, ਚਿਰਾਗ=ਦੀਵਾ)
ਭਾਬੀ ਖਿਜਾਂ ਦੀ ਰੁੱਤ ਜਾਂ ਆਣ ਪੁੰਨੀ, ਭੋਰ ਆਸਰੇ ਤੇ ਪਏ ਜਾਲਦੇ ਨੀ ।
ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲਦੇ ਨੀ ।
ਅਸਾਂ ਜਦੋਂ ਕਦੇ ਉਨ੍ਹਾਂ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ ।
ਜਿਨ੍ਹਾਂ ਸੂਲੀਆਂ 'ਤੇ ਲਏ ਜਾਇ ਝੂਟੇ, ਮਨਸੂਰ ਹੋਰੀ ਸਾਡੇ ਨਾਲ ਦੇ ਨੀ।
ਵਾਰਿਸ ਸ਼ਾਹ ਜੇ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਥੋਂ ਆਵਣਾ ਭਾਲਦੇ ਨੀ।
(ਖਿਜ਼ਾ-ਪੱਤਝੜ, ਪੁੰਨੀ-ਪੁੱਜੀ, ਜਾਲਦੇ ਨੇ- ਗੁਜਾਰਾ ਕਰਦੇ ਹਨ)
ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ, ਇਹ ਪੇਖਣੇ ਜੱਲ-ਜਲਾਲ ਦੇ ਨੀ।
ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ, ਸਫ਼ਾ ਡੋਬਦੇ ਖੂਹਣੀਆ ਗਾਲਦੇ ਨੀ ।
ਭਾਬੀ ਇਸ਼ਕ ਥੋਂ ਨੱਸ ਕੇ ਉਹ ਜਾਂਦੇ, ਪੁੱਤਰ ਹੋਣ ਜੇ ਕਿਸੇ ਕੰਗਾਲ ਦੇ ਨੀ।
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ, ਵਾਰਿਸ ਸ਼ਾਹ ਹੋਰੀ ਫਿਰਨ ਭਾਲਦੇ ਨੀ ।
(ਪੇਖਣੇ=ਨਜ਼ਾਰੇ, ਜੱਲ-ਜਲਾਲ=ਮਹਾਨ ਅਤੇ ਜਲਾਲ ਵਾਲਾ,ਕੰਗਾਲ=ਕਮੀਨਾ)
ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਵਦੇ ਨੀ।
ਗਈ ਗੱਲ ਜ਼ਬਾਨ ਥੀ ਤੀਰ ਛੁੱਟਾ, ਗਏ ਰੂਹ ਕਲਬੂਤ ਨਾ ਆਵਦੇ ਨੀ।
ਗਈ ਜਾਨ ਜਹਾਨ ਥੀਂ ਛੱਡ ਜੁੱਸਾ, ਗਏ ਹੋਰ ਸਿਆਣੇ ਫਰਮਾਂਵਦੇ ਨੀ।
ਮੁੜ ਏਤਨੇ ਫੇਰ ਜੋ ਆਂਵਦੇ ਨੀ, ਰਾਂਝੇ ਯਾਰ ਹੋਰੀ ਮੁੜ ਆਵਦੇ ਨੀ।
ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੰਦੇ, ਭਾਈ ਭਾਬੀਆਂ ਹੁਨਰ ਚਲਾਵਦੇ ਨੀ।
(ਕਲਬੂਤ=ਸਰੀਰ, ਹੁਨਰ ਚਲਾਉਣਾ =ਚਲਾਕੀ ਕਰਨਾ)
ਅੱਗੇ ਵਾਹੀਉ ਚਾ ਗਵਾਇਉ ਨੇ, ਹੁਣ ਇਸ਼ਕ ਥੀ ਚਾ ਗਵਾਂਵਦੇ ਨੇ।
ਰਾਂਝੇ ਯਾਰ ਹੋਰਾਂ ਏਹਾ ਠਾਠ ਛੱਡੀ, ਕਿਤੇ ਜਾਇਕੇ ਕੰਨ ਪੜਾਵਦੇ ਨੇ ।
ਇੱਕੋ ਆਪਣੀ ਜਿੰਦ ਗਵਾਵਦੇ ਨੇ, ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ ।
ਵੇਖੋ ਜੱਟ ਹੁਣ ਫੰਧ ਚਲਾਂਵਦੇ ਨੇ, ਬਣ ਚੇਲੜੇ ਘੋਨ ਹੋ ਆਂਵਦੇ ਨੇ।
(ਬੰਨ੍ਹ ਲਿਆਉਣੀ=ਵਿਆਹ ਲਿਆਉਣੀ।
ਮਸਲਤ ਹੀਰ ਦਿਆਂ ਸੌਹਰਿਆਂ ਇਹ ਕੀਤੀ, ਮੁੜ ਹੀਰ ਨਾ ਪੇਈਅੜੇ ਘੱਲਣੀ ਜੇ।
ਮਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ, ਇਹ ਗੱਲ ਕੁਸਾਖ ਦੀ ਚੱਲਣੀ ਜੇ ।
ਆਖ਼ਰ ਰੰਨ ਦੀ ਜਾਤ ਬੇਵਫ਼ਾ ਹੁੰਦੀ, ਜਾਇ ਪੇਈਅੜੇ ਘਰੀਂ ਇਹ ਮੱਲਣੀ ਜੇ ।
ਵਾਰਿਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ, ਇਹ ਗੱਲ ਨਾ ਕਿਸੇ ਉਥੱਲਣੀ ਜੇ।
(ਪੇਈਅਤੇ=ਪੇਕੀ, ਕੁਸਾਮ=ਬੇਭਰੋਸਗੀ, ਉਥੱਲਈ=ਉਲਟਾਉਣੀ, ਮੱਲਣੀ=ਪਹਿਲਵਾਨਣੀ)