Back ArrowLogo
Info
Profile

  1. ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ

ਇੱਕ ਵਹੁਟਤੀ ਸਾਹਵਰੇ ਚੱਲੀ ਸਿਆਲੀਂ, ਆਈ ਹੀਰ ਥੇ ਲੈ ਸਨੇਹਿਆਂ ਨੂੰ ।

ਤੇਰੇ ਪੇਈਅੜੇ ਚਲੀ ਹਾਂ ਦੇਹ ਗੱਲਾ, ਖੋਲ੍ਹ ਕਿੱਸਿਆ ਜੇਹਿਆ ਕੇਹਿਆਂ ਨੂੰ ।

ਤੇਰੇ ਸਹੁਰਿਆਂ ਤੁਧ ਪਿਆਰ ਕੋਹਾ, ਕਰੋ ਗਰਮ ਸਨੇਹਿਆਂ ਬੇਹਿਆਂ ਨੂੰ।

ਤੇਰੀ ਗੱਭਰੂ ਨਾਲ ਹੈ ਬਣੀ ਕੇਹੀ, ਵਹੁਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ ।

ਹੀਰ ਆਖਿਆ ਉਸ ਦੀ ਗੱਲ ਐਵੇਂ, ਵੈਰ ਰੇਸ਼ਮਾਂ ਨਾਲ ਜਿਉ ਲੇਹਿਆਂ ਨੂੰ ।

ਵਾਰਿਸ ਕਾਖ ਤੇ ਅਲਿਫ ਤੇ ਲਾਮ ਬੇਲੇ, ਕੀ ਆਖਣਾ ਏਹਿਆਂ ਤੇਹਿਆਂ ਨੂੰ।

 

(ਲੋਹਾ=ਊਨੀ ਕੱਪੜੇ ਨੂੰ ਖਾਣ ਵਾਲਾ ਕਿਰਮ, ਕੰਡਿਆਲੀ ਬੂਟੀ ਜੋ ਕੱਪੜੇ ਨੂੰ ਚੰਬੜ ਜਾਂਦੀ ਹੈ)

 

  1. ਹੀਰ ਦਾ ਸੁਨੇਹਾ

ਹੱਥ ਬੰਨ੍ਹ ਕੇ ਗਲ ਵਿੱਚ ਪਾ ਪੱਲਾ, ਕਹੀ ਦੇਸ ਨੂੰ ਦੁਆ ਸਲਾਮ ਮੇਰਾ।

ਘੁਟ ਵੈਰੀਆ ਦੇ ਵੱਸ ਪਾਇਉ ਨੇ, ਸਈਆਂ ਚਾਇ ਵਿਸਾਰਿਆ ਨਾਮ ਮੇਰਾ ।

ਮਝੋ ਵਾਹ ਵਿੱਚ ਡੋਬਿਆ ਮਾਪਿਆਂ ਨੇ, ਓਹਨਾ ਨਾਲ ਨਾਹੀਂ ਕੋਈ ਕਾਮ ਮੇਰਾ।

ਹੱਥ ਜੋੜ ਕੇ ਰਾਝੇ ਦੇ ਪੈਰ ਪਕੜੀ, ਇੱਕ ਏਤਨਾ ਕਹੀ ਪੈਗਾਮ ਮੇਰਾ।

ਵਾਰਿਸ ਨਾਲ ਬੇਵਾਰਿਸਾਂ ਰਹਿਮ ਕੀਜੇ, ਮਿਹਰਬਾਨ ਹੋ ਕੇ ਆਉ ਸ਼ਾਮ ਮੇਰਾ।

 

(ਹੱਥ ਜੋੜ, ਗਲ ਵਿੱਚ ਪਾ ਪੱਲਾ=ਪੂਰੇ ਅਦਬ ਸਤਿਕਾਰ ਨਾਲ਼, ਘੁਟ=ਗਲ ਘੁਟ ਕੇ, ਸ਼ਾਮ=ਕ੍ਰਿਸ਼ਨ, ਜਿਸ ਦਾ ਰੰਗ ਕਾਲਾ ਸੀ)

 

  1. ਹੀਰ ਨੂੰ ਰਾਂਝੇ ਦੀ ਤਲਬ

ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ, ਤੇਰੇ ਬਿਰਹਾ ਫਿਰਾਕ ਦੀ ਕੁਠੀਆਂ ਮੈਂ।

ਸੁੰਞੀ ਤਰਾਟ ਕਲੇਜੜੇ ਵਿੱਚ ਧਾਣੀ, ਨਹੀਂ ਜਿਉਣਾ ਮਰਨ ਤੇ ਉੱਠੀਆ ਮੈਂ ।

ਚੋਰ ਪੈਣ ਰਾਤੀ ਘਰ ਸੁੱਤਿਆਂ ਦੇ, ਵੇਖੇ ਦਿਹੇਂ ਬਾਜ਼ਾਰ ਵਿੱਚ ਮੁੱਠੀਆਂ ਮੈਂ ।

ਜੋਗੀ ਹੋਇਕੇ ਆ ਜੇ ਮਿਲੇ ਮੈਨੂੰ, ਕਿਸੇ ਅੰਬਰੋਂ ਮਿਹਰ ਦੀਉਂ ਤਰੁੱਠੀਆਂ ਮੈਂ।

ਨਹੀਂ ਛਡ ਘਰ ਬਾਰ ਉਜਾੜ ਵੈਸਾਂ, ਨਹੀਂ ਵੱਸਣਾ ਤੇ ਨਾਹੀਂ ਵੁੱਠੀਆ ਮੈਂ ।

ਵਾਰਿਸ ਸ਼ਾਹ ਪਰੇਮ ਦੀਆਂ ਛਟੀਆਂ ਨੇ, ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ ।

 

(ਤਰੁਟੇ=ਟੁਟ ਪਏ, ਕਹਿਰ ਕਲੂਰ =ਵੱਡੀ, ਮੁਸੀਬਤ, ਬਿਰਹਾ ਫ਼ਿਰਾਕ=ਜੁਦਾਈ, ਉੱਠੀਆਂ=ਤਿਆਰ, ਫੱਟੀਆਂ=ਜ਼ਖਮੀ ਕੀਤੀਆਂ ,ਜੁੱਟੀਆ =ਕੱਸ ਕੇ ਬੰਨ੍ਹੀ ਹੋਈ ਹਾ)

 

  1. ਵਹੁਟੀ ਦੀ ਪੁੱਛ ਗਿੱਛ

ਵਹੁਟੀ ਆਣ ਕੇ ਸਾਹੁਰੇ ਵੜੀ ਜਿਸ ਦਿਨ, ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ।

ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ, ਮੁੰਡਾ ਤਖ਼ਤ ਹਜ਼ਾਰੇ ਦਾ ਜੇਹੜਾ ਨੀ ।

ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ, ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ।

ਕਿਤੇ ਦਾਇਰੇ ਇੱਕੇ ਮਸੀਤ ਹੁੰਦਾ, ਕੋਈ ਓਸ ਦਾ ਕਿਤੇ ਹੈ ਵਿਹੜਾ ਨੀ।

ਇਸ਼ਕ ਪੱਟ ਤਰੱਟੀਆਂ ਗਾਲੀਆ ਨੇ ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ।

 

(ਪੱਟੇ ਤਰੱਟੇ=ਬਰਬਾਦ ਕੀਤੇ)

 

  1. ਸਿਆਲਾਂ ਦੀਆਂ ਕੁੜੀਆਂ

ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ, ਛੱਡ ਬੈਠਾ ਹੈ ਜਗ ਦੇ ਸਭ ਝੇੜੇ।

ਸੱਟ ਵੰਝਲੀ ਅਹਿਲ ਫ਼ਕੀਰ ਹੋਇਆ, ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ ।

ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ।

ਕੋਈ ਉਸ ਦੇ ਨਾਲ ਨਾ ਗੱਲ ਕਰਦਾ, ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ।

ਕੁੜੀਆ ਆਖਿਆ ਜਾਉ ਵਿਲਾਉ ਉਸ ਨੂੰ, ਕਿਵੇਂ ਘੇਰ ਕੇ ਮਾਦਰੀ ਕਰੋ ਨੇੜੇ ।

 

(ਵਿਲਾਉ=ਘਰ ਲਿਆਉ)

 

  1. ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ

ਕੁੜੀਆਂ ਜਾਇ ਵਿਲਾਇਆ ਰਾਂਝਣੇ ਨੂੰ, ਫਿਰੇ ਦੁਖ ਤੇ ਦਰਦ ਦਾ ਲੰਦਿਆ ਈ ।

ਆ ਘਿਨ ਸੁਨੇਹੜਾ ਸੱਜਣਾ ਦਾ, ਤੈਨੂੰ ਹੀਰ ਸਿਆਲ ਨੇ ਸੱਦਿਆ ਈ।

ਤੇਰੇ ਵਾਸਤੇ ਮਾਪਿਆ ਘਰੋਂ ਕੱਢੀ, ਅਸਾ ਸਾਹੁਰਾ ਪੇਈਅੜਾ ਰੱਦਿਆ ਈ।

ਤੁਧ ਬਾਝ ਨਹੀਂ ਜਿਉਣਾ ਹੋਗ ਮੇਰਾ, ਵਿੱਚ ਸਿਆਲਾਂ ਦੇ ਜਿਉ ਕਿਉਂ ਅੜਿਆ ਈ।

ਝੱਬ ਹੋ ਫ਼ਕੀਰ ਤੇ ਪਹੁੰਚ ਮੈਂਥੇ, ਓਥੇ ਝੰਡਤਾ ਕਾਸ ਨੂੰ ਗੱਡਿਆ ਈ।

ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ, ਦੰਮਾਂ ਬਾਝ ਗੁਲਾਮ ਕਰ ਛੱਡਿਆ ਈ।

 

(ਆ ਘਿਨ=ਲੈ ਜਾ, ਦੰਮਾਂ ਬਾਝ ਗੁਲਾਮ =ਬਿਨ ਤਨਖਾਹ ਦੇ ਨੌਕਰ)

 

  1. ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ

ਮੀਏ ਰਾਂਝੇ ਨੇ ਮੁੱਲਾ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾ ਪਿਆਰਿਆਂ ਨੂੰ ।

ਤੁਸਾਂ ਸਾਹੁਰੇ ਜਾ ਆਰਾਮ ਕੀਤਾ, ਅਸੀਂ ਦੇਏ ਹਾਂ ਸੂਲ ਅੰਗਿਆਰਿਆਂ ਨੂੰ।

ਅੱਗ ਲੱਗ ਕੇ ਜ਼ਿਮੀਂ ਅਸਮਾਨ ਸਾੜੇ, ਲਿਖਾਂ ਜੇ ਦੁਖੜਿਆਂ ਸਾਰਿਆਂ ਨੂੰ।

 ਮੈਥੋਂ ਠਗ ਕੇ ਮਹੀ ਚਰਾਇ ਲਈਉ, ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ।

ਚਾਕ ਹੋਕੇ ਵੱਤ ਫ਼ਕੀਰ ਹੋਸਾ, ਕੋਹਾ ਮਾਰਿਉ ਅਸਾਂ ਵਿਚਾਰਿਆਂ ਨੂੰ।

ਗਿਲਾ ਲਿਖੋ ਜੇ ਯਾਰ ਨੇ ਲਿਖਿਆ ਏ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ ।

ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ ।

 

(ਢੋਏ=ਲਾਗੇ,ਨੇੜੇ, ਟਾਂਗ=ਸਹਾਰਾ,ਆਸਰਾ)

 

  1. ਤਥਾ

ਤੈਨੂੰ ਚਾ ਸੀ ਵੱਡਾ ਵਿਆਹ ਵਾਲਾ, ਭਲਾ ਹੋਇਆ ਜੇ ਝੰਬ ਵਹੀਜੀਏ ਨੀ।

ਐਥੋਂ ਨਿਕਲ ਗਈਏ ਬੁਰੇ ਦਿਹਾ ਵਾਗੂੰ, ਅੰਤ ਸਾਹੁਰੇ ਜਾ ਪਤੀਜੀਏ ਨੀ ।

ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ, ਕੈਦੋ ਲੰਝੇ ਦੀ ਸਾਕ ਭਤੀਜੀਏ ਨੀ ।

ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੌਦੇ ਦੇ ਮਾਪਿਆਂ ਬੀਜੀਏ ਨੀ ।

ਕਾਸਦ ਜਾਇਕੇ ਹੀਰ ਨੂੰ ਖ਼ਤ ਦਿੱਤਾ, ਇਹ ਲੈ ਚਾਕ ਦਾ ਲਿਖਿਆ ਲੀਜੀਏ ਨੀ।

 

(ਦਿਹਾ=ਦਿਨਾਂ, ਰੰਗ ਰੱਤੀਏ=ਗ੍ਰਿਹਸਥ ਦੀਆਂ ਮੌਜਾ ਮਾਣਨ ਵਲ ਸੰਕੇਤ ਹੈ)

33 / 96
Previous
Next