Back ArrowLogo
Info
Profile

  1. ਨਾਥ

ਧੁਰੋਂ ਹੁੰਦੜੇ ਕਾਵਸ਼ਾ ਵੈਰ ਆਏ, ਬੁਰੀਆਂ ਚੁਗਲੀਆਂ ਧ੍ਰੋਹ ਬਖੀਲੀਆਂ ਵੇ ।

ਮੈਨੂੰ ਤਰਸ ਆਇਆ ਦੇਖ ਜੁਹਦ ਤੇਰਾ, ਗੱਲਾ ਮਿੱਠੀਆਂ ਬਹੁਤ ਰਸੀਲੀਆਂ ਵੇ ।

ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੇ ।

ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੇ ਗੱਲਾ ਅਣਖੀਲੀਆਂ ਵੇ!

ਨਹੀਂ ਡਰਨ ਹੁਣ ਮਰਨ ਥੀ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੇ।

ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੇ।

 

(ਕਾਵਸ਼=ਦੁਸ਼ਮਣੀ, ਵੈਰ, ਜੁਹਦ=ਪਰਹੇਜ਼ਗਾਰੀ)

 

  1. ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ, ਜਾਇ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ ।

ਸੱਭਾ ਤਿੰਨ ਸੌ ਸੱਠ ਜਾਂ ਭਵੇਂ ਤੀਰਥ, ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ ।

ਨਵੇਂ ਨਾਥ ਬਵੰਜੜਾ ਬੀਰ ਆਏ, ਚੌਸਠ ਜੋਗਨਾਂ ਨਾਲ ਰਸੀਲੀਆਂ ਨੇ।

ਛੇ ਜਤੀ ਤੇ ਦਸੇ ਅਵਤਾਰ ਆਏ, ਵਿੱਚ ਆਬੇ ਹਿਆਤ ਦੇ ਝੀਲੀਆਂ ਨੇ ।

 

(ਮੇਲੀਆਂ=ਇਕੱਠੀਆਂ ਕੀਤੀਆਂ, ਵਾਚ ਕੇ=ਪੜ੍ਹ ਕੇ, ਨਵੇਂ=9, ਬਵੰਜੜਾ=ਬਵੰਜਾ, ਚੌਸਠ ਜੋਗਨੀ =ਦੁਰਗਾ ਦੇਵੀ ਦੀਆਂ ਚੌਹਟ ਸਹੇਲੀਆਂ, ਦਸ ਅਵਤਾਰ=ਵਿਸ਼ਨੂੰ ਦੇ ਦਸ ਅਵਤਾਰ ਇਹ ਹਨ:-1. ਰਾਮ, 2. ਕ੍ਰਿਸ਼ਨ, 3. ਬੁਧ, 4 ਨਰ ਸਿੰਘ, 5.ਵਾਮਨ, 6. ਮੱਛ, 7. ਕੱਛਪ, 8 ਬਰ੍ਹਾ, 9. ਪਰਸ ਰਾਮ 10. ਕਲਕੀ)

 

  1. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ

ਦਿਨ ਚਾਰ ਬਣਾਇ ਸੁਕਾਇ ਮੁੰਦਰਾਂ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ ।

ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀਂ ਦਾ ਸਵਾਰਿਆ ਨੇ।

ਜ਼ੋਰਾਵਰਾ ਦੀ ਗੱਲ ਹੈ ਬਹੁਤ ਮੁਸ਼ਕਲ, ਜਾਣ ਬੁਝ ਕੇ ਬਦੀ ਵਿਸਾਰਿਆ ਨੇ।

ਗੁਰੂ ਕਿਹਾ ਸੇ ਏਨ੍ਹਾਂ ਪਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ।

ਘੁਟ ਵਟ ਕੇ ਕਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ ।

ਲਿਆਇ ਉਸਤਰਾ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ ।

ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ, ਲਖ ਵੈਰੀਆਂ ਧਕ ਕੇ ਮਾਰਿਆ ਨੇ।

 

(ਨਜ਼ਰ ਗੁਜ਼ਾਰਿਆ=ਬਾਲ ਨਾਥ ਨੂੰ ਪੇਸ਼ ਕੀਤੀਆਂ, ਛਮਾ ਕੀਤਾ=ਮੁਆਫ ਕੀਤਾ, ਨਰਦਾਂ-ਕੌਡੀਆਂ, ਬਾਜ਼ੀ=ਸ਼ਤਰੰਜ, ਫੇਟੀ =ਧੱਕਾ, ਊਠ ਅਤੇ ਘੋੜੇ ਦੇ ਪੇਟ ਦਾ ਰੋਗ ਜਿਹਦੇ ਨਾਲ ਉਹ ਮਰ ਜਾਂਦੇ ਹਨ, ਛਿਲ ਕੇ ਤੀਲੇ=ਪਿਛਲੇ ਜ਼ਮਾਨੇ ਵਿੱਚ ਦੁੱਧ ਵਿੱਚ ਰਲਾਏ ਪਾਣੀ ਨੂੰ ਦੇਖਣ ਲਈ, ਕਾਨੇ ਨੂੰ ਛਿਲ ਕੇ ਜੇ ਗੁੱਦਾ ਅੰਦਰੋਂ ਨਿਕਲੇ ਉਹਦੀਆਂ ਲੰਬੀਆਂ ਲੰਬੀਆਂ ਨਲਕੀਆਂ ਦੁੱਧ ਵਿੱਚ ਲਟਕਾ ਦਿੰਦੇ ਅਤੇ ਦੁੱਧ ਵਿੱਚੋਂ ਪਾਣੀ ਗੁੱਦੇ ਵਿੱਚ ਚੜ੍ਹ ਜਾਂਦਾ)

  1. ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇਣਾ

ਬਾਲ ਨਾਥ ਨੇ ਸਾਮ੍ਹਣੇ ਸੱਦ ਧੀਦੇ, ਜੋਗ ਦੇਣ ਨੂੰ ਪਾਸ ਬਹਾਲਿਆ ਸੂ ।

ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸੱਭੇ ਕੋੜਮੇ ਦਾ ਨਾਉਂ ਗਾਲਿਆ ਸੂ ।

ਕੰਨ ਪਾੜਕੇ ਝਾੜ ਕੇ ਲੋਭ ਬੋਦੇ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ।

ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ, ਜਾਪੇ ਦੁਧ ਪਵਾ ਕੇ ਪਾਲਿਆ ਸੂ।

ਛਾਰ ਅੰਗ ਰਮਾਇ ਸਿਰ ਮੁੰਨ ਅੱਖੀਂ, ਪਾ ਮੁੰਦਰਾਂ ਦਾ ਨਵਾਲਿਆ ਸੂ।

ਖ਼ਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਰ ਵਿਖਾਲਿਆ ਸੂ ।

ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ ।

 

(ਕੰਨ ਪਾੜਣ=ਕੰਨ ਪਾੜਣ ਨਾਲ ਕਾਮੁਕ ਰੀਝਾਂ ਜਾਂਦੀਆਂ ਲਗਦੀਆਂ ਹਨ, ਜਣਨੀ -ਮਾਂ, ਛਾਰ=ਸੁਆਹ, ਨਵਾਲਿਆ ਸੂ-ਬਖਸ਼ਸ਼ ਕੀਤੀ, ਸਾਰ ਵਖਾਲਿਆ=ਆਪਣੀ ਸ਼ਰਨ ਵਿੱਚ ਲੈ ਲਿਆ)

 

  1. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ

ਦਿੱਤੀ ਦੀਖਿਆ ਰਬ ਦੀ ਯਾ ਦੱਸੀ, ਗੁਰ ਜੋਗ ਦੇ ਭੇਤ ਨੂੰ ਪਾਈਏ ਜੀ।

ਨਹਾ ਧੋਇ ਪ੍ਰਭਾਤ ਵਿਭੂਤ ਮਲੀਏ, ਚਾਇ ਕਿਸਵਤ ਅੰਗ ਵਟਾਈਏ ਜੀ।

ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ, ਪਹਿਲੇ ਰੱਬ ਦਾ ਨਾਉਂ ਧਿਆਈਏ ਜੀ।

ਨਗਰ ਅਲਖ ਜਗਾਇਕੇ ਜਾ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ।

ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ, ਦਈਏ ਦੁਆ ਅਸੀਸ ਸੁਣਾਈਏ ਜੀ।

ਇਸੀ ਭਾਂਤ ਸੌ ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦਵਾਰ ਕੋ ਆਈਏ ਜੀ।

ਵੱਡੀ ਮਾਉ ਹੈ ਜਾਣ ਕੇ ਕਰੋ ਨਿਸਚਾ, ਛੋਟੀ ਭੈਣ ਮਿਸਾਲ ਕਰਾਈਏ ਜੀ।

ਵਾਰਿਸ ਸ਼ਾਹ ਯਕੀਨ ਦੀ ਕੁਲ੍ਹਾ ਪਹਿਦੀ, ਸਭੋ ਸੱਤ ਹੈ ਸੱਤ ਠਹਿਰਾਈਏ ਜੀ।

 

(ਪ੍ਰਭਾਤ=ਸਵੇਰੇ, ਕਿਸਵਤ=ਕੱਪੜੇ,ਪੋਸ਼ਾਕ, ਕੁਲ੍ਹਾ =ਕੁੱਲਾ, ਟੋਪੀ)

 

  1. ਰਾਂਝਾ ਨਾਥ ਅੱਗੇ ਵਿਟਰ ਗਿਆ

ਰਾਂਝਾ ਆਖਦਾ ਮਗਰ ਨਾ ਪਵੋ ਮੇਰੇ, ਕਦੀ ਕਹਿਰ ਦੇ ਵਾਕ ਹਟਾਈਏ ਜੀ।

ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ, ਗਲ ਘੁੱਟ ਕੇ ਚਾਇ ਲੰਘਾਈਏ ਜੀ ।

ਪਹਿਲੇ ਚੇਲਿਆਂ ਨੂੰ ਚਾ ਹੀਜ ਕਰੀਏ, ਪਿੱਛੋਂ ਜੋਗ ਦੀ ਰੀਤ ਬਤਾਈਏ ਜੀ।

ਇੱਕ ਵਾਰ ਜੇ ਦੱਸਣਾ ਦੱਸ ਛੱਡੇ, ਘੜੀ ਘੜੀ ਨਾ ਗੁਰੂ ਅਕਾਈਏ ਜੀ।

ਕਰਤੂਤ ਜੇ ਏਹਾ ਸੀ ਸਭ ਤੇਰੀ, ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ।

ਵਾਰਿਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ, ਕੋਈ ਭਲੀ ਹੀ ਮਤ ਸਿਖਾਈਏ ਜੀ।

(ਹੀਜ਼= ਖੱਸੀ, ਹੀਜੜਾ)

38 / 96
Previous
Next