ਕਹੇ ਨਾਥ ਰੰਝੇਟਿਆ ਸਮਝ ਭਾਈ, ਸਿਰ ਚਾਇਉਈ ਜੋਗ ਭਰੋਟੜੀ ਨੂੰ।
ਅਲਖ ਨਾਦ ਵਜਾਇਕੇ ਕਰੋ ਨਿਸਚਾ, ਮੇਲ ਲਿਆਵਣਾ ਟੁਕੜੇ ਰੋਟੜੀ ਨੂੰ।
ਅਸੀਂ ਮੁਖ ਆਲੂਦ ਨਾ ਜੂਠ ਕਰੀਏ, ਚਾਰ ਲਿਆਵੀਏ ਆਪਣੀ ਖੋਤੜੀ ਨੂੰ।
ਵਡੀ ਮਾਉਂ ਬਰਾਬਰ ਜਾਣਨੀ ਹੈ, ਅਤੇ ਭੈਣ ਬਰਾਬਰਾ ਛੋਟੜੀ ਨੂੰ ।
ਜਤੀ ਸਤੀ ਨਿਮਾਇਆਂ ਹੋ ਰਹੀਏ, ਸਾਬਤ ਰੱਖੀਏ ਏਸ ਲੰਗੋਟੜੀ ਨੂੰ।
ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ, ਵੱਢ ਦੂਰ ਕਰੀ ਏਸ ਬੋਟੜੀ ਨੂੰ।
(ਭਰੋਟੜੀ=ਗੱਠੜੀ, ਮੇਲ ਲਿਆਉਣਾ=ਮੰਗ ਲਿਆਉਣਾ, ਆਲੂਦ=ਗੰਦਾ, ਜਤੀ=ਲਿੰਗ ਭੁਖ ਤੇ ਕਾਬੂ ਰੱਖਣ ਵਾਲਾ, ਫਕੀਰ, ਸਤੀ=ਲੰਗੋਟੇ ਦਾ ਸਤ ਕਾਇਮ ਰੱਖਣ ਵਾਲਾ)
ਸਾਬਤ ਹੋਏ ਲੰਗੋਟੜੀ ਸੁਣੀਂ ਨਾਥਾ, ਕਾਹੇ ਝੁੱਗੜਾ ਚਾਇ ਉਜਾੜਦਾ ਮੈਂ ।
ਜੀਭ ਇਸ਼ਕ ਥੋਂ ਰਹੇ ਜੇ ਚੁਪ ਮੇਰੀ, ਕਾਹੇ ਐਡੜੇ ਪਾੜਣੇ ਪਾੜਦਾ ਮੈਂ।
ਜੀਊ ਮਾਰ ਕੇ ਰਹਿਣ ਜੇ ਹੋਏ ਮੇਰਾ, ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ ।
ਏਸ ਜੀਊ ਨੂੰ ਨਢੜੀ ਮੋਹ ਲੀਤਾ, ਨਿੱਤ ਫ਼ਕਰ ਦਾ ਨਾਉਂ ਚਿਤਾਰਦਾ ਮੈਂ।
ਜੇ ਤਾਂ ਮਸਤ ਉਜਾਤ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ।
ਸਿਰ ਰੋੜ ਕਰਾਇ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ ।
ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ, ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ ।
ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ, ਇਹ ਮੁੰਦਰਾਂ ਮੂਲ ਨਾ ਸਾੜਦਾ ਮੈਂ।
ਇਕੇ ਕੰਨ ਸਵਾਰ ਦੇ ਫੇਰ ਮੇਰੇ, ਇੱਕੇ ਘਤੂੰ ਢਲੈਤ ਸਰਕਾਰ ਦਾ ਮੈਂ।
ਹੋਰ ਵਾਇਦਾ ਫਿਕਰ ਨਾ ਕੋਈ ਮੈਂਥੇ, ਵਾਰਿਸ ਰਖਦਾ ਹਾਂ ਗਮ ਯਾਰ ਦਾ ਮੈਂ।
(ਢਲੈਤ=ਸਿਪਾਹੀ,ਚੌਕੀਦਾਰ)
ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ, ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ ।
ਉਹ ਛੱਡ ਤਕਸੀਰ ਮੁਆਫ਼ ਤੇਰੀ, ਜਿਹੜੀਆਂ ਪਿਛਲੀਆਂ ਸਫ਼ਾਂ ਨਖੋਰੀਆਂ ਵੋ।
ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ।
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉ ਖੰਡ ਦੀਆਂ ਬੋਰੀਆਂ ਵੋ।
ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੱਨੀਆਂ ਧੋਰੀਆਂ ਵੋ।
ਧੋ ਧਾਇ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉ ਖੋਰੀਆਂ ਵੋ।
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ।
ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ।
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ।
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਵੋ।
(ਸਫ਼ਾਂ ਨਖੋਰੀਆਂ =ਮਾੜੇ ਕੰਮ, ਰਾਹਕ=ਵਾਹਕ, ਹਲ ਵਾਹੁਣ ਵਾਲਾ ਕਿਰਸਾਨ, ਖੋਰੀਆਂ=ਖੁਰਲੀਆਂ, ਬੋਰੀਆਂ =ਰਕਮਾਂ, ਸੋਰੀਆਂ =ਅਰਦਾਸ ਕਰਕੇ ਪਾਈਆਂ)
ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਇਦੇ ਹੋਵਣੇ ਨੀ ।
ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ ।
ਐਵੇਂ ਕੰਨ ਪੜਾਇਕੇ ਖੁਆਰ ਹੋਏ, ਸਾਥੋਂ ਨਹੀਂ ਹੁੰਦੇ ਏਡੇ ਰੋਵਣੇ ਨੀ ।
ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ ।
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ ।
ਹੱਸ ਖੇਡਣਾ ਤੁਸਾਂ ਦਾ ਮਨ੍ਹਾ ਕੀਤਾ, ਅਸਾਂ ਧੂੰਏਂ ਦੇ ਗੋਹੇ ਕਹੇ ਢੋਵਣੇ ਨੀ ।
ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਰ, ਖੱਟੇ ਚੋਵਣੇ ਕਿ ਮਿੱਠੇ ਚੋਵਣੇ ਨੀ।
(ਖਰਾ=ਬਹੁਤ, ਨਾੜੀਆਂ=ਹਰਨਾਲੀਆਂ, ਕਚਕੜੇ=ਕਚ ਦੇ ਮਣਕੇ, ਵਰਜਦੇ=ਰੋਕਦੇ, ਖੱਟੇ=ਕੌੜੇ, ਮਿੱਠੇ=ਅਸੀਲ)
ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ ਬਹੁਤ ਔਖੀਆ ਇਹ ਫ਼ਕੀਰੀਆਂ ਨੀ ।
ਜੋਗ ਜਾਲਣਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ ।
ਜੋਗੀ ਨਾਲ ਨਸੀਹਤਾਂ ਹੋ ਜਾਂਦੇ, ਜਿਵੇਂ ਉਠ ਦੇ ਨੱਕ ਨਕੀਰੀਆਂ ਨੀ ।
ਤੂੰਬਾ ਸਿਮਰਨਾ ਖੱਪਰੀ ਨਾਦ ਸਿੰਙੀ, ਚਿਮਟਾ ਭੰਗ ਨਲੀਏਰ ਜ਼ੰਜੀਰੀਆਂ ਨੀ ।
ਛਡ ਤਰੀਮਤਾਂ ਦੀ ਝਾਕ ਹੋਇ ਜੋਗੀ, ਫਕਰ ਨਾਲ ਜਹਾਨ ਕੀ ਸੀਰੀਆਂ ਨੀ।
ਵਾਰਿਸ ਸ਼ਾਹ ਇਹ ਜਟ ਫ਼ਕੀਰ ਹੋਇਆ, ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ ।
(ਸਾਰ=ਲੋਹਾ, ਜ਼ਹੀਰੀ=ਔਖਿਆਈ, ਨਕੀਰੀ=ਨਕੇਲ, ਨਲੀਏਰ=ਨਾਰੀਅਲ, ਸਿਮਰਨਾ=ਮਾਲਾ, ਝਾਕ =ਆਸ)
ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋ ਹੀਰ ਸਿਆਲ ਮਹਿਬੂਬ ਕੀਤੇ।
ਛਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ।
ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜੇ ਜਵਾਨੀ ਦੇ ਖੂਬ ਕੀਤੇ ।
ਹੀਰ ਛੱਤਿਆ ਨਾਲ ਮੈਂ ਮੱਸ ਭਿੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗੂਬ ਕੀਤੇ।
ਹੋਇਆ ਰਿਜਕ ਉਦਾਸ ਤੇ ਗਲ ਹਿੱਲੀ, ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ।
ਦਿਹਾ ਕੰਡ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ।
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਇਦੇ ਆਣ ਮਤਲੂਬ ਕੀਤੇ ।
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਇਸ਼ਕ ਥੀ ਰੋਡ ਅਯੂਬ ਕੀਤੇ।
ਇਸ਼ਕ ਨਾਲ ਫਰਜੰਦ ਅਜੀਜ਼ ਯੂਸਫ, ਨਾਅਰੇ ਦਰਦ ਦੇ ਬਹੁਤ ਯਾਕੂਬ ਕੀਤੇ ।
ਏਸ ਜੁਲਫ ਜ਼ੰਜੀਰ ਮਹਿਬੂਬ ਦੀ ਨੇ, ਵਾਰਿਸ ਸ਼ਾਹ ਜਿਹੇ ਮਜਜੂਬ ਕੀਤੇ।
(ਹਜੂਬ=ਪਰਦੇ, ਅਸਲੂਬ-ਤਰੀਕੇ, ਵਤੀਰਾ, ਨਸ਼ੇ ਮਰਗੂਬ ਕੀਤੇ=ਮੌਜਾਂ ਮਾਣੀਆਂ, ਮਨਸੂਬ ਕੀਤੇ=ਮੰਗਣੀ ਕਰ ਦਿੱਤੀ, ਫਾਥੇ=ਫਸ ਗਏ, ਮਤਲੂਬ=ਚਾਹ,ਮੰਗ, ਫਰਜੰਦ=ਪੁੱਤਰ, ਮਜਜੂਬ=ਰਬ ਦੇ ਧਿਆਨ ਵਿੱਚ ਡੁੱਬਾ ਚੁਪਚਾਪ ਫ਼ਕੀਰ)