ਨਾਥ ਮੀਟ ਅੱਖਾਂ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ।
ਦਰਗਾਹ ਲਾਉਬਾਲੀ ਹੈ ਹੱਕ ਵਾਲੀ, ਓਥੇ ਆਦਮੀ ਬੋਲਦਾ ਹੰਗਦਾ ਜੀ ।
ਜ਼ਿਮੀਂ ਅਤੇ ਅਸਮਾਨ ਦਾ ਵਾਰਿਸੀ ਤੂੰ, ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ ।
ਰਾਂਝਾ ਜੱਟ ਫਕੀਰ ਹੋ ਆਣ ਬੈਠਾ, ਲਾਹ ਆਸਰਾ ਨਾਮ ਤੇ ਨੰਗ ਦਾ ਜੀ।
ਸਭ ਛੱਡੀਆਂ ਬੁਰਿਆਈਆਂ ਬੰਨ੍ਹ ਤਕਵਾ, ਨਾਹ ਆਸਰਾ ਸਾਕ ਤੇ ਅੰਗ ਦਾ ਜੀ।
ਮਾਰ ਹੀਰ ਦੇ ਨੈਣਾਂ ਨੇ ਖੁਆਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ ।
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ।
ਕੰਨ ਪਾੜ ਮੁਨਾਇਕੇ ਸੀਸ ਦਾੜ੍ਹੀ, ਪੀਏ ਬਹਿ ਪਿਆਲੜਾ ਭੰਗ ਦਾ ਜੀ।
ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਰੋਹੀ ਜਿਉ ਕੂੰਜ ਕੁਲੰਗ ਦਾ ਜੀ।
ਤੁਸੀਂ ਰੱਬ ਗਰੀਬ ਨਿਵਾਜ਼ ਸਾਹਿਬ, ਸਵਾਲ ਸੁਣਨਾ ਏਸ ਮਲੰਗ ਦਾ ਜੀ।
ਕੀਕੂੰ ਹੁਕਮ ਹੈ ਖੋਲ ਕੇ ਕਰੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ।
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ ਕੀਤੀ, ਦਿਉ ਫਕਰ ਨੂੰ ਚਰਮ ਪਲੰਗ ਦਾ ਜੀ ।
ਹੋਇਆ ਹੁਕਮ ਦਰਗਾਹ ਥੀ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾ ਢੰਗ ਦਾ ਜੀ।
ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ, ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਜੀ।
(ਲਾਉਬਾਲੀ=ਬੇਪਰਵਾਹ, ਨੰਗ=ਸ਼ਰਮ ਹਿਆ, ਪਤੰਗ=ਪਤੰਗਾ,ਪਰਵਾਨਾ, ਕੁਲੰਗ=ਲਮਢੀਂਗ, ਚਰਮ=ਖੱਲ, ਪਲੰਗ=ਚੀਤਾ, ਢੰਗ=ਪੈਖੜ ਜੋ ਰੁਕ ਰੁਕ ਕੇ ਚੱਲਣ ਲਈ ਮਜਬੂਰ ਕਰਦਾ ਹੈ)
ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾਹ ਤੇਰਾ ਕੰਮ ਹੋਇਆ ਈ ।
ਫਲ ਆਣ ਲੱਗਾ ਓਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ।
ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ।
ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸਉਣ ਤੈਨੂੰ ਭਲਾ ਹੋਇਆ ਈ।
ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ।
ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ੍ਹ ਕੇ ਆਣ ਖਲੋਇਆ ਈ।
ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿਲਿਉਂ ਉੱਤਰਦਾ ਪੱਤਰਾ ਹੋਇਆ ਈ।
(ਸਉਣ=ਸ਼ਗਨ)
ਜੋਗੀ ਨਾਥ ਥੋਂ ਖੁਸ਼ੀ ਲੈ ਵਿਦਾ ਹੋਇਆ, ਛੁਟਾ ਬਾਜ ਜਿਉਂ ਤੇਜ਼ ਤਰਾਰਿਆਂ ਨੂੰ ।
ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ ।
ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰ।
ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮਾਂ ਦੇ ਮਾਰਿਆਂ ਨੂੰ ।
ਅਸੀਂ ਜੱਟ ਅਣਜਾਣ ਸਾਂ ਫਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ।
ਵਾਰਿਸ ਸ਼ਾਹ ਜਾਂ ਅੱਲਾਹ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ।
(ਜੋਗੀਲਾ=ਨਕਲੀ ਜੋਗੀ, ਹੈਂਸਿਆਰੇ=ਹਤਿਆਰੇ, ਕਰਮ=ਬਖਸ਼ਿਸ਼)
ਜਦੋਂ ਕਰਮ ਅੱਲਾਹ ਦਾ ਕਰੇ ਮੱਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ।
ਲਹਿਣਾ ਕਰਜ਼ ਨਾਹੀ ਬੂਹੇ ਜਾਇ ਬਹੀਏ, ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ ।
ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੰਨਿਆਂ ਦਾਣਿਆਂ ਦਾ।
ਵਾਰਿਸ ਸ਼ਾਹ ਮੀਆਂ ਵੱਡਾ ਵੈਦ ਆਇਆ, ਸਰਦਾਰ ਹੈ ਸਭ ਸਿਆਣਿਆਂ ਦਾ।
ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ, ਇਹ ਜੋਗੀੜਾ ਬਾਲੜਾ ਛੋਟੜਾ ਨੀ ।
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਣ, ਇਹਦੇ ਤੇੜ ਨਾ ਬਣੇ ਲੰਗੋਟੜਾ ਨੀ ।
ਸੱਤ ਜਰਮ ਕੇ ਹਮੀਂ ਹੈਂ ਨਾਥ ਪੂਰੇ, ਕਦੀ ਵਾਹਿਆ ਨਾਹੀਂ ਜੋਤਰਾ ਨੀ ।
ਦੁਖ ਭੰਜਨ ਨਾਥ ਹੈ ਨਾਮ ਮੇਰਾ, ਮੈਂ ਧਨਵੰਤਰੀ ਵੈਦ ਦਾ ਪੋਤਰਾ ਨੀ। ।
ਜੇ ਕੋ ਅਸਾਂ ਦੇ ਨਾਲ ਦਮ ਮਾਰਦਾ ਹੈ, ਏਸ ਜਗ ਤੋਂ ਜਾਏਗਾ ਔਤਰਾ ਨੀ ।
ਹੀਰਾ ਨਾਥ ਹੈ ਵੱਡਾ ਗੁਰੂ ਦੇਵ ਲੀਤਾ, ਚਲੇ ਓਸ ਕਾ ਪੂਜਨੇ ਚੌਤਰਾ ਨੀ ।
ਵਾਰਿਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ, ਦੁੱਧ ਪੁਤਰਾਂ ਦੇ ਨਾਲ ਸੌਂਤਰਾ ਨੀ ।
(ਧਨਵੰਤਰੀ=ਵੱਡਾ ਵੈਦ,ਹਿੰਦੂ ਵੈਦਗੀ ਦਾ ਪਿਤਾਮਾ, ਜਰਮ=ਜਨਮ, ਔਤਰਾ=ਬੇਔਲਾਦ, ਸੌਂਤਰਾ= ਔਤਰਾ ਦਾ ਉਲਟ, ਔਲਾਦਵਾਲਾ)
ਧਾਇ ਟਿਲਿਉਂ ਰੰਦ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਂਵਦਾ ਵੁਠ ਉੱਤੇ ।
ਕਾਅਬਾ ਰੱਖ ਮੱਥੇ ਰਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ।
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ ।
ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ, ਭੰਗ ਪੋਸਤ ਬੱਧੇ ਚਾ ਪਿਠ ਉੱਤੇ ।
ਏਵੇਂ ਸਰਕਦਾ ਆਂਵਦਾ ਖੇੜਿਆਂ ਨੂੰ, ਜਿਵੇਂ ਫ਼ੌਜ ਸਰਕਾਰ ਦੀ ਲੁੱਟ ਉੱਤੇ।
ਬੈਰਾਗ ਸਨਿਆਸ ਜਿਉਂ ਲੜਣ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ।
ਵਾਰਿਸ ਸ਼ਾਹ ਸੁਲਤਾਨ ਜਿਉਂ ਦੌੜ ਕੀਤੀ, ਚੜ੍ਹ ਆਇਆ ਈ ਮਥਰਾ ਦੀ ਲੁੱਟ ਉੱਤੇ।
(ਵੁਠ ਉੱਤੇ=ਵਰ੍ਹਨ ਲਈ ਚੜ੍ਹਦਾ ਹੈ, ਝੁਲਾਰਦਾ = ਝੂਲਦਾ, ਲੁਠ ਉਤੇ=ਕਿਸੇ ਥਾਂ ਨੂੰ ਅੱਗ ਲਾਉਣ ਲਈ ਹਮਲਾ ਕਰਨਾ)
ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ।
ਭੁਖਾ ਸ਼ੇਰ ਜਿਉ ਦੌੜਦਾ ਮਾਰ ਉਤੇ, ਚੋਰ ਵਿਠ ਉਤੇ ਜਿਵੇਂ ਆਂਵਦਾ ਏ।
ਚਾ ਨਾਲ ਜੋਗੀ ਓਥੇ ਸਰਕ ਟੁਰਿਆ, ਜਿਵੇਂ ਮੀਂਹ ਅੰਧੇਰ ਦਾ ਆਂਵਦਾ ਏ।
ਦੇਸ ਖੇੜਿਆਂ ਦੇ ਰਾਂਝਾ ਆ ਵੜਿਆ, ਵਾਰਿਸ ਸ਼ਾਹ ਇਆਲ ਬੁਲਾਂਵਦਾ ਏ।
(ਮਾਰ=ਸ਼ਿਕਾਰ, ਵਿਠ=ਰਾਤ ਨੂੰ ਦੇਖੀ ਭਾਲੀ ਥਾਂ, ਇਆਲੀ=ਆਜੜੀ)
ਜਦੋਂ ਰੰਗਪੁਰ ਦੀ ਜੂਹ ਜਾ ਵੜਿਆ, ਭੇਡਾਂ ਚਾਰੇ ਇਆਲੀ ਵਿੱਚ ਬਾਰ ਦੇ ਜੀ।
ਨੇੜੇ ਆਇਕੇ ਜੋਗੀ ਨੂੰ ਵੇਖਦਾ ਹੈ, ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ।
ਝੱਸ ਚੋਰ ਤੇ ਚੁਗਲ ਦੀ ਜੀਭ ਵਾਂਗੂ, ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ।
ਚੋਰ ਯਾਰ ਤੇ ਠਗ ਨਾ ਰਹਿਣ ਗੁੱਝੇ, ਕਿੱਥੇ ਛਪਦੇ ਆਦਮੀ ਕਾਰ ਦੇ ਜੀ ।
ਤੁਸੀਂ ਕਿਹੜੇ ਦੇਸ ਦੇ ਫ਼ਕਰ ਸਾਈਂ, ਸੁਖ਼ਨ ਦੱਸਖਾਂ ਖੋਲ੍ਹ ਨਿਰਵਾਰਦੇ ਜੀ ।
ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨਿ ਦੇ, ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ।
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ, ਮਿਲਣ ਵਾਲਿਆਂ ਦੀ ਕੁਲ ਤਾਰਦੇ ਜੀ।
ਵਾਰਿਸ ਸ਼ਾਹ ਮੀਆਂ ਚਾਰੇ ਚਕ ਭੌਂਦੇ, ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ ।
(ਗੁੱਝੇ=ਲੁਕੇ ਹੋਏ, ਸੁਖ਼ਨ=ਗੱਲ ਬਾਤ, ਨਿਰਵਾਰ=ਖੋਲ੍ਹ ਕੇ, ਚਾਰ ਚੱਕ=ਸਾਰੀ ਦੁਨੀਆਂ, ਦੀਦ ਮਾਰ ਦੇ=ਨਜ਼ਾਰੇ ਕਰਦੇ)
ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ, ਛੱਡ ਖਚਰ ਪੌ ਕੁਲ ਹੰਜਾਰ ਦੇ ਜੀ।
ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ, ਨੱਢੀ ਮਾਣਦਾ ਸੈਂ ਵਿੱਚ ਬਾਰ ਜੀ ।
ਤੇਰਾ ਮੇਹਣਾ ਹੀਰ ਸਿਆਲ ਤਾਈਂ, ਆਮ ਖ਼ਬਰ ਸੀ ਵਿਚ ਸੰਸਾਰ ਦੇ ਜੀ।
ਨੱਸ ਜਾ ਏਥੋਂ ਮਾਰ ਸੁੱਟਣੀਗੇ, ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ ।
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ, ਜਾਣ ਤਖਤ ਹਜ਼ਾਰੇ ਨੂੰ ਮਾਰ ਦੇ ਜੀ ।
ਭੱਜ ਜਾ ਮਤਾ ਖੇੜੇ ਲਾਧ ਕਰਨੀ, ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ।
ਮਾਰ ਚੂਰ ਕਰ ਸੁੱਟਣੇ ਹੱਡ ਗੋਡੇ, ਮਲਕ ਗੋਰ ਅਜਾਬ ਕਹਾਰ ਦੇ ਜੀ।
ਵਾਰਿਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ ਗੁਰਜ਼ਾ ਨਾਲ ਆਸੀ ਗੁਨਾਹਗਾਰ ਦੇ ਜੀ
(ਖਚਰ ਪੋ=ਮੱਕਾਰੀ,ਚਲਾਕੀਆਂ, ਲਾਧ ਕਰਨੀ= ਜੇ ਖ਼ਬਰ ਕਰ ਦਿੱਤੀ, ਪਿਆਦੇ=ਸਿਪਾਹੀ, ਅਜਾਬ=ਦੁਖ ਤਕਲੀਫ, ਭਾਰ=ਅੱਠ ਹਜ਼ਾਰ ਤੇਲੇ ਦੇ ਵਜ਼ਨ ਦਾ ਵੱਟਾ, ਕਹਾਰ=ਕਹਿਰ, ਆਸੀ=ਗੁਨਾਹਗਾਰ)
ਇੱਜੜ ਚਾਰਨਾ ਕੰਮ ਪੈਗੰਬਰਾਂ ਦਾ, ਕੇਹਾ ਅਮਲ ਸ਼ੈਤਾਨ ਦਾ ਤੋਲਿਉ ਈ।
ਭੇਡਾਂ ਚਾਰ ਕੇ ਤੁਹਮਤਾਂ ਜੋੜਣਾਂ ਏ, ਕੇਹਾ ਗਜ਼ਬ ਫ਼ਕੀਰ ਤੇ ਬੋਲਿਉ ਈ।
ਅਸੀਂ ਫ਼ਕਰ ਅੱਲਾਹ ਦੇ ਨਾਗ ਕਾਲੇ, ਅਸਾਂ ਨਾਲ ਕੀ ਕੋਇਲਾ ਘੋਲਿਉ ਈ।
ਵਾਹੀ ਛੱਡ ਕੇ ਖੇਲੀਆਂ ਚਾਰੀਆਂ ਨੀ, ਹੋਇਉ ਜੋਗੀੜਾ ਜੀਊ ਜਾਂ ਡੋਲਿਉ ਈ ।
ਸੱਚ ਮੰਨ ਕੇ ਪਿਛਾਂਹ ਮੁੜ ਜਾਹ ਜੱਟਾ, ਕੇਹਾ ਕੂੜ ਦਾ ਘੋਲਣਾ ਘੋਲਿਉ ਈ ।
ਵਾਰਿਸ ਸ਼ਾਹ ਇਹ ਉਮਰ ਨਿੱਤ ਕਰੇਂ ਜਾਇਆ, ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ ।
(ਤੁਹਮਤਾਂ =ਊਜਾ ਕੋਲਾ ਘੋਲਣਾ=ਦੋਸ਼ ਲਾਉਣਾ, ਸ਼ੱਕਰ ਵਿੱਚ ਪਿਆਜ਼ ਘੋਲਣਾ=ਚੰਗੇ ਕੰਮ ਜਾਂ ਚੰਗੀ ਵਸਤ ਨੂੰ ਵਿਗਾੜਣਾ)
ਅਵੇ ਸੁਣੀ ਚਾਕਾ ਸਵਾਹ ਲਾ ਮੂੰਹ ਤੇ, ਜੋਗੀ ਹੋਇਕੇ ਨਜ਼ਰ ਭੁਆ ਬੈਠੋਂ।
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ।
ਖੇੜੇ ਵਿਆਹ ਲਿਆਏ ਮੂੰਹ ਮਾਰ ਤੇਰੇ, ਸਾਰੀ ਉਮਰ ਦੀ ਲੀਕ ਲਵਾ ਬੈਠੋਂ।
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ।
ਮੰਗ ਛੱਡੀਏ ਨਾ ਜੇ ਜਾਨ ਹੋਵੇ, ਵੰਨੀ ਦਿੱਤੀਆਂ ਛਡ ਹਿਆ ਬੈਠੋਂ।
ਜਦੋਂ ਡਿਠੋਈ ਦਾਉ ਨਾ ਲੱਗੇ ਕੋਈ, ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ।
ਇੱਕ ਅਮਲ ਨਾ ਕੀਤੋਈ ਗਾਫਲਾ ਵੇ ਐਵੇਂ ਕੀਮੀਆਂ ਉਮਰ ਗੁਆ ਬੈਠੋਂ।
ਸਿਰ ਵੱਢ ਕਰ ਸਨ ਤੇਰੇ ਚਾ ਬੇਰੇ, ਜਿਸ ਵੇਲੜੇ ਖੇੜੀ ਤੂੰ ਜਾ ਬੈਠੋਂ।
ਵਾਰਿਸ ਸ਼ਾਹ ਤਰਿਆਕ ਦੀ ਥਾਂ ਨਾਹੀਂ, ਹੱਥੀ ਆਪਣੇ ਜ਼ਹਿਰ ਤੂੰ ਖਾ ਬੈਠੋਂ।
(ਲੀਕ ਲਵਾ ਬੈਠਾ=ਬਦਨਾਮੀ ਕਰਾ ਲਈ, ਵੰਨੀ=ਵਹੁਟੀ,ਬਹੂ, ਡਿੱਠੇਈ= ਦੇਖਿਆ, ਕੀਮੀਆਂ=ਅਕਸੀਰ,ਏਥੇ ਅਰਥ ਹੈ ਕੀਮਤੀ, ਬੇਰੇ- ਟੋਟੇ, ਤਰਿਆਕ=ਤੋੜ, ਜ਼ਹਿਰ ਨੂੰ ਦੂਰ ਕਰਨ ਦੀ ਦਵਾ, ਥਾਂ=ਥਾਹ,ਪਤਾ)
ਸਤ ਜਰਮ ਕੇ ਹਮੀਂ ਫਕੀਰ ਜੋਗੀ, ਨਹੀਂ ਨਾਲ ਜਹਾਨ ਦੇ ਸੀਰ ਮੀਆਂ।
ਅਸਾਂ ਸੇਲ੍ਹੀਆਂ ਖਪਰਾਂ ਨਾਲ ਵਰਤਣ, ਭੀਖ ਖਾਇਕੇ ਹੋਣਾ ਵਹੀਰ ਮੀਆਂ।
ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ, ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ।
ਨਾਉ ਮਿਹਰੀਆਂ ਦੇ ਲਿਆ ਡਰਨ ਆਵੇ, ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ।
ਜਤੀ ਸਤੀ ਹਠੀ ਤਪੀ ਨਾਥ ਪੂਰੇ, ਸਤ ਜਨਮ ਕੇ ਗਹਿਰ ਗੰਭੀਰ ਮੀਆਂ।
ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ, ਏਹੀ ਜੀਊ ਆਵੇ ਸਟੂੰ ਚੀਰ ਮੀਆਂ।
ਥਰਾ ਕਰ ਕੱਬੇ ਗੁੱਸੇ ਨਾਲ ਜੋਗੀ, ਅੱਖੀਂ ਰੋਹ ਪਲਟਿਆ ਨੀਰ ਮੀਆਂ।
ਹੱਥ ਜੋੜ ਇਆਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ।
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ।
ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਇ ਨਾਹੀ ਦਿਲਗੀਰ ਮੀਆਂ।
(ਸੀਰ=ਵਾਹ, ਗਹਿਰ ਗੰਭੀਰ=ਸੰਜੀਦਾ, ਡੂੰਘਾ, ਰੋਹ=ਗੁੱਸਾ)
ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ, ਪੀਂਘਾਂ ਪੀਂਘਦੀ ਨਾਲ ਪਿਆਰੀਆਂ ਦੇ।
ਇਹ ਪ੍ਰੇਮ ਪਿਆਲੜਾ ਝੋਕਿਉਈ, ਨੈਣ ਮਸਤ ਸਨ ਵਿੱਚ ਖੁਮਾਰੀਆਂ ਦੇ ।
ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਝ ਘਿਨ ਕੇ ਨਾਲ ਕੁਆਰੀਆਂ ਦੇ।
ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ, ਡੋਲੀ ਚਾੜ੍ਹਿਆ ਨੇ ਨਾਲ ਖੁਆਰੀਆਂ ਦੇ ।
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ ।
ਮਸਾਂ ਨੀਗਰਾਂ ਦੀਆਂ ਲਾਡ ਨੱਢੀਆਂ ਦੇ, ਇਸ਼ਕ ਕੁਆਰੀਆਂ ਦੇ ਮਜੇ ਯਾਰੀਆਂ ਦੇ।
ਜੱਟੀ ਵਿਆਹ ਦਿੱਤੀ ਰਹਿਉ ਨੀਧਰਾ ਤੂੰ, ਸੁੰਞੇ ਸਖਣੇ ਤੌਕ ਪਟਾਰੀਆਂ ਦੇ।
ਖੇਡਣ ਵਾਲੀਆਂ ਸਾਹੁਰੇ ਬੰਨ੍ਹ ਖੜੀਆਂ, ਰੁਲਣ ਛਮਕਾਂ ਹੇਠ ਬੁਖਾਰੀਆਂ ਦੇ।
ਬੁੱਢਾ ਹੋਇਕੇ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ।
ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ ।
ਪਰ੍ਹਾਂ ਜਾ ਜੱਟਾ ਮਾਰ ਸੁੱਟਈਗੇ ਨਹੀਂ ਛੁਪਦੇ ਯਾਰ ਕਵਾਰੀਆਂ ਦੇ।
ਕਾਰੀਗਰੀ ਮੌਕੂਫ਼ ਕਰ ਮੀਆਂ ਵਾਰਿਸ ਤੈਥੇ ਵਲ ਹੈ ਪਾਵਣ ਛਾਰੀਆਂ ਦੇ।
(ਖੁਮਾਰੀ=ਮਸਤੀ, ਹਾਂਝ ਘਿਨ ਕੇ=ਪੂਰੇ ਦਿਲ ਨਾਲ਼, ਖਾਂਗੜ=ਮਝ, ਗਾਂ, ਝੋਕਾਂ=ਡੇਰੇ, ਪਿੰਡ, ਖੂਬਾਂ=ਸੁਹਣੀਆਂ, ਨਿਧਰਾ=ਕਿਸੇ ਧਿਰ ਜਾਂ ਪਾਸੇ ਦਾ ਨਾ, ਤੌਕ =ਟਮਕ, ਬੁਖਾਰੀ=ਦਾਣੇ ਪਾਉਣ ਵਾਲੀ ਕੋਠੀ, ਖੜੀਆਂ=ਲੈ ਗਏ, ਹਾਜਣ = ਹਜ ਕਰਨ ਵਾਲੀ, ਭਗਤਣੀ, ਮੋਰ ਛਰ= ਮੋਰ ਛੜ,ਮੋਰ ਦੇ ਖੰਭਾਂ ਦਾ ਪੱਖਾ, ਮੌਕੂਫ਼ ਕਰ=ਛੱਡ,ਖ਼ਤਮ ਕਰ)