ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ ।
ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀ ਸ਼ੀਹਣੀ ਨਾਲ ਕਸਤੂਰ ਹੈ ਜੀ ।
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ, ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ ।
ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ, ਪਹੁੰਚਾ ਵੱਗਿਆ ਮਿਰਗ ਸਭ ਦੂਰ ਹੈ ਜੀ ।
ਚੱਕ ਸ਼ੀਂਹ ਵਾਂਗੂ ਗੱਜ ਮੀਂਹ ਵਾਗੂੰ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ ।
ਕਿਸੇ ਪਾਸ ਨਾ ਖੋਲਣਾ ਭੇਤ ਭਾਈ, ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀ।
ਆ ਪਿਆ ਪਰਦੇਸ ਵਿੱਚ ਕੰਮ ਮੇਰਾ, ਲਈਏ ਹੀਰ ਇੱਕੇ ਸਿਰ ਦੂਰ ਹੈ ਜੀ ।
ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ, ਅੱਗੇ ਸੁੱਝਦਾ ਕਹਿਰ ਕਲੂਰ ਹੈ ਜੀ।
(ਕੋਟ=ਗੜ੍ਹ, ਲੁਕਮਾਨ=ਇੱਕ ਪ੍ਰਸਿੱਧ ਹਕੀਮ ਜਿਸ ਦਾ ਜ਼ਿਕਰ ਬਾਈਬਲ ਅਤੇ ਕੁਰਾਨ ਵਿੱਚ ਵੀ ਆਇਆ ਹੈ, ਪਰ ਉਸ ਬਾਰੇ ਹੋਰ ਕੁੱਝ ਪਤਾ ਨਹੀਂ ਮਿਲਦਾ, ਸਾਰੇ ਮੰਨਦੇ ਹਨ ਕਿ ਉਹ ਬਹੁਤ ਸਿਆਣਾ ਅਤੇ ਮੰਤਕੀ ਸੀ, ਦਸਤੂਰ=ਮਿਸਾਲ, ਨਮੂਨਾ, ਬਾਜ਼,ਭੌਰ,ਕਸਤੂਰ,ਲੋਹਾ, ਡੱਬਾ=ਸਾਰੇ ਕੁੱਤਿਆਂ ਦੇ ਨਾਂ ਹਨ, ਮਰਗ=ਮੌਤ, ਚੱਕ ਮਾਰਨਾ = ਦੰਦੀ ਜਾਂ ਬੁਰਕੀ ਵੱਢਣੀ, ਕਹਿਰ ਕਲੂਰ=ਮੌਤ ਵਰਗੀ ਵੱਡੀ ਮੁਸੀਬਤ)
ਭੇਤ ਦੱਸਣਾ ਮਰਦ ਦਾ ਕੰਮ ਨਾਹੀਂ, ਮਰਦ ਸੋਈ ਜੋ ਵੇਖ ਦੰਮ ਘੁਟ ਜਾਏ।
ਗੱਲ ਜੀਊ ਦੇ ਵਿੱਚ ਹੀ ਰਹੇ ਖੁਫ਼ੀਆ, ਕਾਉਂ ਵਾਂਗ ਪੈਖਾਲ ਨਾ ਸੁੱਟ ਜਾਏ।
ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ, ਭਾਵੇਂ ਪੁੱਛ ਕੇ ਲੋਕ ਨਿਖੁੱਟ ਜਾਏ।
ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੋਲ੍ਹਣ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ।
(ਪੈਖਾਲ=ਬਿੱਠ, ਨਿਖੁੱਟ-ਖ਼ਤਮ)
ਮਾਰ ਆਸ਼ਕਾ ਦੀ ਲੱਜ ਲਾਹੀਆਈ, ਯਾਰੀ ਲਾਇਕੇ ਘਿੰਨ ਲੈ ਜਾਵਣੀ ਸੀ।
ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਉਸ ਦੇ ਨਾਲ ਕਿਉਂ ਲਾਵਣੀ ਸੀ।
ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ, ਨਹੀਂ ਯਾਰੀ ਹੀ ਮੂਲ ਨਾ ਲਾਵਣੀ ਸੀ।
ਉਸ ਦੇ ਨਾਲ ਨਾ ਕੌਲ ਕਰਾਰ ਕਰਦੋਂ, ਨਹੀਂ ਯਾਰੀ ਹੀ ਸਮਝਕੇ ਲਾਵਣੀ ਸੀ ।
ਕਟਕ ਤਖ਼ਤ ਹਜ਼ਾਰੇ ਦਾ ਲਿਆ ਕੇ ਤੇ, ਹਾਜ਼ਰ ਕਦ ਸਭ ਜੰਞ ਬਣਾਵਣੀ ਸੀ।
ਤੇਰੀ ਫ਼ਤਿਹ ਸੀ ਮੂਰਖਾ ਦੋਂਹੀ ਦਾਹੀਂ, ਏਹ ਵਾਰ ਨਾ ਮੂਲ ਗਵਾਵਣੀ ਸੀ।
ਇਕੇ ਹੀਰ ਨੂੰ ਮਾਰ ਕੇ ਡੋਬ ਦੇਂਦੇ, ਇਕੇ ਹੀਰ ਹੀ ਮਾਰ ਮੁਕਾਵਣੀ ਸੀ ।
ਇਕੋ ਹੀਰ ਵੀ ਕੱਢ ਲੈ ਜਾਵਈ ਸੀ, ਇਕੇ ਖੂਹ ਦੇ ਵਿਚ ਪਾਵਣੀ ਸੀ।
ਨਾਲ ਸੇਹਰਿਆਂ ਹੀਰ ਵਿਆਹਵਣੀ ਸੀ, ਹੀਰ ਅੱਗੇ ਸ਼ਹੀਦੀ ਪਾਵਣੀ ਸੀ ।
ਬਣੇ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ।
ਤੇਰੇ ਮੂੰਹ ਤੇ ਜੱਟ ਹੰਢਾਵਦਾ ਏ, ਜ਼ਹਿਰ ਖਾਇ ਕੇ ਹੀ ਮਰ ਜਾਵਣੀ ਸੀ।
ਇੱਕੇ ਯਾਰੀ ਤੈਂ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਵਣੀ ਸੀ।
ਲੈ ਗਏ ਵਿਆਹ ਕੇ ਜੀਊਂਦਾ ਮਰ ਜਾਏ, ਏਹ ਲੀਕ ਤੂੰ ਕਾਹੇ ਲਾਵਣੀ ਸੀ ।
ਮਰ ਜਾਵਣਾਂ ਸੀ ਦਰ ਯਾਰ ਦੇ ਤੇ, ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ ।
ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜ੍ਹੀ ਪਰੇ ਦੇ ਵਿੱਚ ਮੁਨਾਵਣੀ ਸੀ।
(ਸੂਰਤ ਗਧੇ ਚੜ੍ਹਾਵਣੀ =ਬੁਰੀ ਸ਼ਕਲ ਬਨਾਉਣੀ)
ਅੱਖੀਂ ਵੇਖ ਕੇ ਮਰਦ ਹਨ ਚੁੱਪ ਕਰਦੇ, ਭਾਵੇਂ ਚੋਰ ਈ ਝੁੱਗੜਾ ਲੁਟ ਜਾਏ।
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖੁਆਰ ਹੋਵੇ ਕਿ ਖਿੰਡ ਫੁਟ ਜਾਏ ।
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ ।
ਹਾਥੀ ਚੋਰ ਗੁਲੇਰ ਥੀਂ ਛੁਟ ਜਾਦੇ, ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ।
(ਝੁੱਗੜਾ=ਘਰ, ਖਿੰਡ ਫੁਟ= ਖਿੰਡ ਪੁਡ, ਤੋਦਾ =ਚਾਂਦਮਾਰੀ ਲਈ ਬਣਾਇਆ ਮਿੱਟੀ ਦਾ ਕੱਚਾ ਥੜਾ,ਚਾਂਗ=ਲੋਕਾਂ ਦੀ ਭੀੜ, ਮਤਾਂ ਨਿਸ਼ਾਨੜਾ ਛੁਟ ਜਾਏ=ਏਦਾਂ ਨਾ ਹੋਵੇ ਕਿ ਨਿਸ਼ਾਨਾ ਟਿਕਾਣੇ ਤੇ ਨਾ ਲੱਗੇ, ਹਾਥੀ ਚੋਰ ਗੁਲੇਰ ਛੁਟ ਜਾਂਦੇ= ਕਵੀ ਦਾ ਇਸ਼ਾਰਾ ਏਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ। ਇੱਕ ਰਾਜੇ ਨੇ ਦਸ ਮਣ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰਾ ਆਪਣੇ ਮਹਲ ਵਿਚ ਇਸ ਕੰਮ ਤੇ ਲਾ ਦਿੱਤਾ ਅਤੇ ਉਸ ਦੀ ਪੂਰੀ ਨਿਗਰਾਨੀ ਰੱਖੀ। ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ ਵਗਦੀ ਨਦੀ ਵਿੱਚ ਲੁਕਾ ਦਿੱਤਾ ।ਜਦੋਂ ਮਹਲ ਵਿੱਚ ਹਾਥੀ ਤਿਆਰ ਹੋ ਗਿਆ ਤਾਂ ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਦੀ ਮਦਦ ਨਾਲ ਵਗਦੇ ਪਾਣੀ ਵਿੱਚ ਰਗੜ ਕੇ ਸਾਫ਼ ਕਰਨ ਦੇ ਬਹਾਨੇ ਨਦੀ ਵਿਚ ਲੈ ਗਿਆ। ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ ਨਾਲ ਬਦਲ ਕੇ ਮੋੜ ਲਿਆਇਆ ।ਕੁੱਝ ਸਮੇਂ ਪਿੱਛੋਂ ਉਹਦੀ ਬੇਈਮਾਨੀ ਦਾ ਪਤਾ ਲੱਗਣ ਤੇ ਉਹਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ । ਮਰਨ ਤੋਂ ਪਹਿਲਾ ਉਹਨੇ ਆਪਣੀ ਆਖਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪਗੜੀ ਮੰਗ ਕੇ ਲਈ। ਉਹਦੇ ਵਿੱਚ ਇੱਕ ਕਿਲ ਅਤੇ ਹਥੌੜੀ ਲੁਕਾ ਲਈ ਰਾਜੇ ਨੇ ਰਵਾਇਤ ਅਨੁਸਰ ਉਸ ਨੂੰ ਬਿਨਾਂ ਕਿਸੇ ਰਾਸ਼ਨ ਪਾਣੀ ਗੁਲੇਰ ਭਾਵ ਇੱਕ ਉਚੇ ਮੁਨਾਰੇ ਉਤੇ ਚੜ੍ਹਾ ਦਿੱਤਾ ਤਾਂ ਕਿ ਉਹ ਓਥੇ ਹੀ ਭੁੱਖਾ ਤਿਆਹਿਆ ਮਰ ਜਾਵੇ । ਸੁਨਿਆਰ ਰਾਤ ਨੂੰ ਲੋਕਾਂ ਦੇ ਜਾਣ ਪਿੱਛੋਂ ਹਥੌੜੀ ਨਾਲ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪਗੜੀ ਨਾਲ ਉੱਤਰ ਕੇ ਦੌੜ ਗਿਆ ।ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ ਜਾਵੇ ਤਾਂ ਉਹਨੂੰ ਉਹ ਆਪਣਾ ਵਜ਼ੀਰ ਬਣਾ ਦੇਵੇਗਾ । ਸੁਨਿਆਰ ਨੇ ਆ ਕੇ ਰਾਜੇ ਨੂੰ ਆਪਣੀ ਕਹਾਣੀ ਦੱਸੀ ਅਤੇ ਰਾਜੇ ਨੇ ਆਪਣਾ ਵਚਨ ਪੂਰਾ ਕੀਤਾ)