ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਉ ਜੇ ਲੱਗਦਾ ਈ ।
ਲਾਟ ਰਹੇ ਨਾ ਜੀਊ ਦੇ ਵਿੱਚ ਲੁਕੀ, ਇਹ ਇਸ਼ਕ ਅਲੰਬੜਾ ਅੱਗ ਦਾ ਈ।
ਜਾ ਵੇਖ ਮਾਅਸੂਕ ਦੇ ਨੈਣ ਖੂਨੀ, ਤੈਨੂੰ ਨਿਤ ਉਲਾਹਬੜਾ ਜਗ ਦਾ ਈ ।
ਸਮਾਂ ਯਾਰ ਦਾ ਤੇ ਘੱਸਾ ਬਾਜ ਵਾਲਾ, ਝੁਟ ਚੋਰ ਦਾ ਤੇ ਦਾਉ ਠਗ ਦਾ ਈ।
ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ, ਸੈਦਾ ਸਾਕ ਨਾ ਸਾਡੜਾ ਲਗਦਾ ਈ ।
ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਉ, ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ ।
(ਅਲੰਬੜਾ=ਲਾਂਬੂ, ਛਿਣਕ ਜਾ=ਦੌੜ ਜਾ)
ਸੁਣ ਮੂਰਖਾ ਫੇਰ ਜੇ ਦਾਉ ਲੱਗੇ, ਨਾਲ ਸਹਿਤੀ ਦੇ ਝਗੜਾ ਪਾਵਣਾ ਈ ।
ਸਹਿਤੀ ਵੱਡੀ ਝਗੜੈਲ ਮਰੀਕਣੀ ਹੈ, ਉਹਦੇ ਨਾਲ ਮੱਥਾ ਜਾ ਲਾਵਣਾ ਈ ।
ਹੋਸੀ ਝਗੜਿਉਂ ਮੁਸ਼ਕਲ ਆਸਾਨ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ।
ਚੌਦਾਂ ਤਬਕ ਦੇ ਮਕਰ ਉਹ ਜਾਣਦੀ ਏ, ਜ਼ਰਾ ਉਸ ਦੇ ਮਕਰ ਨੂੰ ਪਾਵਣਾ ਈ ।
ਕਦਮ ਪਕੜਸੀ ਜੋਗੀਆ ਆਇ ਤੇਰੇ, ਜ਼ਰਾ ਸਹਿਤੀ ਦਾ ਜੀਊ ਠਹਿਰਾਵਣਾ ਈ ।
ਵਾਰਿਸ ਸ਼ਾਹ ਹੈ ਵੱਡੀ ਉਸ਼ਟੰਡ ਸਹਿਤੀ, ਕੋਈ ਕਸ਼ਫ ਦਾ ਜ਼ੋਰ ਵਿਖਾਵਣਾ ਈ।
(ਕਸ਼ਫ =ਕਰਾਮਾਤ)
ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ, ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ ।
ਲਖ ਸਿਰੀਂ ਅਵੱਲ ਸਵੱਲ ਆਵਣ, ਯਾਰਾਂ ਯਾਰਾ ਥੋਂ ਮੂਲ ਨਾ ਭੱਜਦੇ ਨੇ ।
ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ ।
ਦਾ ਚੋਰ ਤੇ ਯਾਰ ਦਾ ਇੱਕ ਸਾਇਤ, ਨਹੀਂ ਵੱਸਦੇ ਮੀਹ ਜੋ ਗੱਜਦੇ ਨੇ ।
(ਮਹਿਰੀ=ਜ਼ਨਾਨੀ, ਸਿਰੀਂ =ਸਿਰ ਤੇ, ਅਵੱਲ ਸਵੱਲ=ਔਖ ਸੌਖ, ਅੰਗ ਵਟਾਇ ਦੇਂਦੇ=ਸੂਰਤਾਂ ਬਦਲ ਦਿੰਦੇ, ਕੱਜਦੇ=ਢਕਦੇ, ਇੱਕ ਸਾਇਤ=ਬਹੁਤ ਥੋੜ੍ਹਾ ਸਮਾਂ)
ਰਾਂਝੇ ਅੱਗੇ ਇਆਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾਇ ਧੱਸਿਆ ਈ।
ਯਾਰੋ ਕੌਣ ਗਿਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵੱਸਿਆ ਈ।
ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖਰਖੱਸਿਆ ਈ।
ਯਾਰ ਹੀਰ ਦਾ ਭਾਵੇਂ ਤੇ ਇਹ ਜੋਗੀ, ਕਿਸੇ ਲਭਿਆ ਤੇ ਨਾਹੀ ਦੱਸਿਆ ਈ।
ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਉਂ ਖਿੜ ਹੱਸਿਆ ਈ।
ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾ ਦੱਸਿਆ ਈ।
ਅਰੀ ਕੌਣ ਸਰਦਾਰ ਹੈ ਭਾਤ ਖਾਣੀ, ਸਖੀ ਸੂਮ ਕੇਹਾ ਲਿਆ ਜੱਸਿਆ ਈ।
ਅੱਜੂ ਨਾਮ ਸਰਦਾਰ ਤੇ ਪੁਤ ਸੈਦਾ, ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ।
ਬਾਗ਼ ਬਾਗ਼ ਰੰਝੇਟੜਾ ਹੋ ਗਿਆ, ਜਦੋਂ ਨਾਉਂ ਜਟੇਟੀਆਂ ਦੱਸਿਆ ਈ।
ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ, ਲੱਕ ਚਾ ਫ਼ਕੀਰ ਨੇ ਕੱਸਿਆ ਈ।
ਕਦੀ ਲਏ ਹੂਲਾਂ ਕਦੀ ਝੂਲ਼ਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ।
ਵਾਰਿਸ ਸ਼ਾਹ ਕਿਰਸਾਨ ਜਿਉਂ ਹੁਣ ਰਾਜੀ, ਮੀਹ ਔੜ ਦੇ ਦਿਹਾਂ ਤੇ ਵੱਸਿਆ ਈ।
(ਖਰਖੱਸ=ਝਗੜਾ, ਭਾਤ ਖਾਣੀ =ਚੌਲ ਖਾਣੀ,ਕਿਸਮਤ ਵਾਲੀ, ਸਖੀ=ਪੈਸੇ ਟਕੇ ਵੱਲੋਂ ਖੁੱਲ੍ਹ ਦਿਲ, ਸੂਮ=ਸਖੀ ਦਾ ਉਲਟ,ਹੱਥ ਘੁਟ, ਹੂਲਾ=ਠੰਡੇ ਸਾਹ, ਔੜ =ਮੀਂਹ ਵਲੋਂ ਸੇਕਾ)
ਆ ਜੋਗੀਆ ਕੇਹਾ ਇਹ ਦੇਸ ਡਿੱਠੇ, ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ।
ਓਥੇ ਝੱਲ ਮਸਤਾਨੀਆਂ ਕਰੇ ਗੱਲਾਂ, ਸੁਖਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ ।
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ਼ ਕਵਾਰੀਆਂ ਦੇ ।
ਮਾਰ ਆਸ਼ਕਾਂ ਨੂੰ ਕਰਨ ਚਾ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ ।
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ।
ਏਸ ਜੌਬਨ ਦੀਆਂ ਵਣਜਾਰੀਆ ਨੂੰ, ਮਿਲੇ ਆਣ ਸੌਦਾਗਰ ਯਾਰੀਆਂ ਦੇ ।
ਸੁਰਮਾ ਫੁਲ ਦੰਦਾਸੜਾ ਸੁਰਖ਼ ਮਹਿੰਦੀ, ਲੁਟ ਲਏ ਨੇ ਹੱਟ ਪਸਾਰੀਆਂ ਦੇ।
ਨੈਣਾਂ ਨਾਲ ਕਲੇਜੜਾ ਛਿਕ ਕੱਢਣ, ਦਿਸਣ ਭੋਲੜੇ ਮੁਖ ਵਿਚਾਰੀਆਂ ਦੇ।
ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰ੍ਹੇ ਵਿੱਚ ਨਾਗ ਪਟਾਰੀਆਂ ਦੇ।
ਓਥੇ ਖੋਲ੍ਹ ਕੇ ਅੱਖੀਆਂ ਹੱਸ ਪੈਂਦਾ, ਡਿਠੇ ਖ਼ਾਬ ਵਿੱਚ ਮੇਲ ਕਵਾਰੀਆਂ ਦੇ।
ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉ ਵਿੱਚ ਅੰਮਾਰੀਆਂ ਦੇ।
ਵਾਰਿਸ ਸ਼ਾਹ ਨਾ ਰਹਿਣ ਨਿਚੱਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ ।
(ਤੋੜੇ ਦੇਣਾ=ਦਿਖਾਵਾ ਕਰਨਾ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ, ਛਿੱਕ ਕੱਢਣ=ਕਢ ਲੈਣ, ਅੰਮਾਰੀਆ=ਹਾਥੀ ਉਤੇ ਬੈਠਣ ਲਈ ਪਰਬੰਧ, ਨਿਚੱਲੜੇ=ਚੁਪ ਚਾਪ)
ਮਾਹੀ ਮੁੰਡਿਉ ਘਰੀ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆਇ ਵੜਿਆ।
ਕੰਨੀਂ ਮੁੰਦਰਾਂ ਸੇਲ੍ਹੀਆਂ ਨੈਣ ਸੁੰਦਰ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ।
ਜਹਾਂ ਨਾਉਂ ਮੇਰਾ ਕੋਈ ਜਾ ਲੈਂਦਾ, ਮਹਾ ਦੇਵ ਲੈ ਦੌਲਤਾ ਆਇ ਵੜਿਆ।
ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀਂ, ਕਿਵੇਂ ਭੁਲ ਭੁਲਾਵੜੇ ਆਇ ਵੜਿਆ।
ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਓਸ ਦਾ ਭੇਜਿਆ ਆਇ ਵੜਿਆ।
(ਮਾਹੀ ਮੰਡਿਉ = ਰਾਂਝਾ ਮੁੰਡਿਆਂ ਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਘਰ ਜਾ ਕੇ ਨਾ ਦੱਸਿਉ ਕਿ ਜੋਗੀ ਆਇਆ ਹੈ ਕਿਉਂਕਿ ਉਹਨੂੰ ਪਤਾ ਹੈ ਏਦਾ ਕਹਿਣ ਨਾਲ ਮਾਹੀ ਮੁੰਡੇ ਜ਼ਰੂਰ ਘਰ ਜਾ ਕੇ ਦੱਸਣਗੇ। ਜਿਹੜਾ ਕੰਮ ਕਰਵਾਉਣਾ ਹੋਵੇ ਉਸ ਤੋਂ ਉਲਟ ਕਰਨ ਲਈ ਆਖਣਾ, ਜੰਗਲੇ=ਜੰਗਲ ਦਾ, ਜਹਾ ਨਾਉਂ=ਜਿੱਥੇ ਕੋਈ ਮੇਰਾ ਨਾ ਲੈਂਦਾ ਹੈ ਸ਼ਿਵ ਜੀ ਮਹਾਰਾਜ ਆਪ ਨਾਲ ਲੈ ਕੇ ਆਉਂਦੇ ਹਨ)