ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ।
ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਮੁੰਦਰਾਂ ਓਸ ਨੇ ਪਾਈਆਂ ਨੇ ।
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਛਿਆ ਨਾਹੀਉ ਪਾਈਆਂ ਨੇ ।
ਹੱਥ ਖੱਪਰੀ ਫਾਹੁੜੀ ਮੋਢਿਆਂ ਤੇ, ਗਲ ਸੇਲ੍ਹੀਆਂ ਅਜਬ ਬਣਾਈਆਂ ਨੇ।
ਅਰੜਾਂਵਦਾ ਵਾਗ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ ।
ਨਾ ਉਹ ਮੁੰਡੀਆ ਗੋਦੜੀ ਨਾਥ ਜੰਗਮ, ਨਾ ਉਦਾਸੀਆਂ ਵਿੱਚ ਠਹਿਰਾਈਆਂ ਨੇ ।
ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ।
ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੇ ।
ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਸੀਆਂ ਸਵਾਹ ਤੇ ਪਾਈਆਂ ਨੇ ।
ਕਦੀ ਕਿੰਗ ਵਜਾਇਕੇ ਖੜ੍ਹਾ ਹੋਵੇ, ਕਦੀ ਸੰਖ ਤੇ ਨਾਦ ਘੂਕਾਈਆਂ ਨੇ ।
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖੈਰ ਓਸ ਨੂੰ ਪਾਉਂਦੀਆ ਮਾਈਆਂ ਨੇ ।
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ ।
ਜਟਾਂ ਸੁੰ ਹਦੀਆਂ ਛੈਲ ਓਸ ਜੋਗੀਏ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ ।
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇ।
ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ ।
ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ ।
(ਜਲਾਲੀ=ਸੱਯਦ ਸ਼ਾਹ ਜਲਾਲੀ ਦੇ ਮੁਰੀਦ, ਜੋਸ਼ੀਲੇ ਅਤੇ ਗੁਸੈਲੇ ਸੁਭਾ ਵਾਲੇ ਮਲੰਗ, ਮਦਾਰੀ=ਹਜ਼ਰਤ ਸ਼ਾਹ ਮਦਾਰ ਦੇ ਮੁਰੀਦ ਮੁੰਡੀ, ਗੋਦੜੀ ਅਤੇ ਜੰਗਮ=ਫ਼ਕੀਰਾਂ ਦੇ ਫਿਰਕੇ ਹਨ, ਸ਼ਾਹ ਮਦਾਰ=ਇਨ੍ਹਾਂ ਦਾ ਮਜ਼ਾਰ ਮੱਕਨਪੁਰ (ਅਵਧ) ਭਾਰਤ ਵਿੱਚ ਹੈ, ਇਹਦੇ ਚੇਲੇ ਸਿਰ ਤੇ ਬਹੁਤ ਸੰਘਣੀਆਂ ਜਟਾਂ ਰੱਖਦੇ ਹਨ। ਮਦਾਰੀ ਸਾਧ ਭੰਗ ਬਹੁਤ ਘੋਟਦੇ ਅਤੇ ਪੀਂਦੇ ਹਨ ਉਨ੍ਹਾਂ ਨੂੰ ਬਖਸ਼ ਹੈ ਕਿ ਸੱਪ ਦੇ ਕੱਟੇ ਦਾ ਇਲਾਜ ਕਰ ਸਕਦੇ ਹਨ, ਜੋ ਜ਼ਹਿਰੀਲਾ ਸੱਪ ਇਨ੍ਹਾਂ ਦੀ ਹੱਦ ਵਿੱਚ ਆ ਜਾਵੇ ਤਾਂ ਦੱਸਦੇ ਹਨ ਕਿ ਉਹ ਅੰਨ੍ਹਾ ਹੋ ਜਾਂਦਾ ਸੀ, ਮਿਰਗਾਣੀਆਂ =ਹਿਰਨ ਸ਼ੇਰ ਜਾਂ ਚੀਤੇ ਦੀ ਖਲ, ਝੰਬਰਾਂ=ਛਹਿਬਰਾਂ)
ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ ।
ਕੰਨੀ ਉਸ ਦੇ ਦਰਸ਼ਨੀ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ ।
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ।
ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਉਸ ਨੇ ਰੰਗ ਵਟਾਇਆ ਨੀ।
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ, ਰੂਪ ਤੁਧ ਥੀ ਦੂਣ ਸਵਾਇਆ ਨੀ।
ਵਿੱਚ ਤ੍ਰਿੰਞਣਾਂ ਗਾਂਵਦਾ ਫਿਰੇ ਭੌਂਦਾ, ਅੰਤ ਓਸਦਾ ਕਿਸੇ ਨਾ ਪਾਇਆ ਨੀ।
ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਨੀ ।
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਓਸ ਨੇ ਸੀਸ ਮੁਨਾਇਆ ਨੀ।
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬੁੱਦੇ ਲਾਹ ਕੇ ਕੰਨ ਪੜਾਇਆ ਨੀ।
ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਇਆ ਨੀ ।
ਵਾਰਿਸ ਇਹ ਫ਼ਕਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਤੇ ਉਤੇ ਆਇਆ ਨੀ।
(ਅਜਬ=ਅਜੀਬ, ਸੁਹਾਇਆ=ਸਜਾਇਆ, ਰਜਵੰਸ=ਰਾਜਵੰਸ,ਸ਼ਾਹੀ ਖ਼ਾਨਦਾਨ, ਕਾਰਨੇ ਉਤੇ=ਕਾਰਾ ਕਰਨ)
ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ ।
ਤੁਸਾਂ ਇਹ ਜਦੋਕਨੀ ਗੱਲ ਟੋਰੀ, ਖੁਲੀ ਤਲੀ ਹੀ ਮੈਂ ਲਹਿ ਗਈ ਜੇ ਨੀ ।
ਗਏ ਟੁਟ ਸਤਰਾਣ ਤੇ ਅਕਲ ਡੁੱਬੀ, ਮੇਰੇ ਧੁਖ ਕਲੇਜੜੇ ਪਈ ਜੇ ਨੀ ।
ਕੀਕੂ ਕੰਨ ਪੜਾਇਕੇ ਜੀਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ ।
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ ।
ਮੱਸੂ-ਭਿੰਨੇ ਦਾ ਨਾਉਂ ਜਾ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ ।
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਞਣਾਂ ਵਿੱਚ ਧੁੰਮ ਪਈ ਜੇ ਨੀ ।
ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ ।
ਇੱਕ ਪੋਸਤ ਧਤੂਰਾ ਭੰਗ ਪੀ ਕੇ, ਮੌਤ ਓਸ ਨੇ ਮੁੱਲ ਕਿਉਂ ਲਈ ਜੇ ਨੀ ।
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਉਸ ਦੀ ਰਈ ਜੇ ਨੀ।
ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖ਼ਬਰ ਨਾ ਓਸ ਦੀ ਲਈ ਜੇ ਨੀ ।
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਘੜਾ ਬੇੜ ਹੋ ਗਈ ਜੇ ਨੀ ।
ਨਹੀਂ ਰਬ ਦੇ ਗ਼ਜਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ ।
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰਬ ਦਾ ਮਾਉ ਸਹਿ ਗਈ ਜੇ ਨੀ ।
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ ।
ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਓਸ ਦੇ ਪਈ ਜੇ ਨੀ ।
(ਮੁਠੀ-ਮੁਠੀ=ਦੁਹਾਈ ਦੇ ਸ਼ਬਦ ਹਨ,ਹਾਏ ਲੋਕਾ ਮੈਂ ਧੋਖੇ ਵਿੱਚ ਲੁੱਟੀ ਗਈ, ਜਦੋਕਨੀ=ਜਦੋਂ ਦੀ, ਲਹਿ ਗਈ=ਧਰਤੀ ਵਿੱਚ ਨਿੱਘਰ ਗਈ, ਸਤਰਾਣ=ਤਾਕਤ, ਕਲੇਜੜੇ ਧੁਖ ਲੱਗੀ=ਕਾਲਜਾ ਸੜਣ ਲੱਗਾ, ਚੌੜ ਹੋ ਗਈ=ਬਰਬਾਦ ਹੋ ਗਈ)
ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ।
ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ।
ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀਂ ਨਫਾ ਕੀ ਖਟਿਆ ਸੂ।
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਇ ਜੀਭੇ ਨਾਲ ਚੱਟਿਆ ਸੂ।
ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾ ਪਲੱਟਿਆ ਸੂ।
ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ, ਲਾਹ ਨੰਗ ਨਾਮੂਸ ਨੂੰ ਸੱਟਿਆ ਸੂ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵੱਟਿਆ ਸੂ।
(ਜਰਦਾ=ਝਲਦਾ, ਸਹਿੰਦਾ, ਤਾਅ ਕੇ=ਗਰਮ ਕਰਕੇ, ਨੀਰ=ਹੰਝੂ, ਨੰਗ ਨਾਮੂਸ=ਸ਼ਰਮ ਹਿਆ, ਜਫ਼ਾ ਜਾਲ ਕੇ=ਦੁਖ ਝੱਲ ਕੇ)
ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ, ਰਲ ਪੁਛੀਏ ਕਿਹੜੇ ਥਾਉਂਦਾ ਈ ।
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ, ਅਤੇ ਨਾਉਂ ਦਾ ਕੌਣ ਕਹਾਉਂਦਾ ਈ ।
ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਅਤੇ ਜਾਤ ਦਾ ਕੌਣ ਸਦਾਉਂਦਾ ਈ ।
ਵੇਖਾਂ ਰੋਹੀਓ, ਮਾਝਿਉ ਪੱਟੀਉਂ ਹੈ, ਰਾਵੀ ਬਿਆਸ ਦਾ ਇੱਕੇ ਝਨਾਉਂ ਦਾ ਈ।
ਫਿਰੇ ਤ੍ਰਿੰਵਣਾ ਵਿੱਚ ਖ਼ੁਆਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ।
ਵਾਰਿਸ ਸ਼ਾਹ ਮੁੜ ਟੋਹ ਇਹ ਕਾਸ ਦਾ ਨੀ, ਕੋਈ ਏਸ ਦਾ ਭੇਤ ਨਾ ਪਾਉਂਦਾ ਈ।
(ਭੱਦਾ=ਘੁੰਮਦਾ, ਰੋਹੀ=ਬਹਾਵਲਪੁਰ ਚੂਲਸਤਾਨ ਬੀਕਾਨੇਰ ਦਾ ਇਲਾਕਾ)