ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ, ਚਲੋ ਗੱਲ ਬਣਾਇ ਸਵਾਰੀਏ ਨੀ।
ਸੱਭੇ ਬੋਲੀਆ ਵੇ ਨਮਸਕਾਰ ਜੋਗੀ, ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ।
ਵੱਡੀ ਮਿਹਰ ਹੋਈ ਏਸ ਦੇਸ ਉਤੇ, ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ ।
ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਇ ਵਿਸਾਰੀਏ ਨੀ।
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ, ਨਗਰ ਜਾਇਕੇ ਭੀਖ ਚਿਤਾਰੀਏ ਨੀ।
ਵਾਰਿਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ, ਨਾਲ ਚਾਵੜਾ ਲਉ ਗੁਟਕਾਰੀਏ ਨੀ।
(ਧੁੰਬਲਾ= ਗਰੋਹ ਬਣ ਕੇ, ਅਤੀਤ=ਜੋਗੀ, ਬੈਰਾਗੀ, ਸਾਈਂ ਸਵਾਰੀ=ਜਿਹਦੇ ਉਤੇ ਰਬ ਆਪ ਮਿਹਰ ਕਰੋ, ਗੁਟਕਾਰੀਏ-ਗੁਟਕਣਾ ਪਾਠ ਭੇਦ: ਗੁਟਕਾਰੀਏ- ਘੁਮਕਾਰੀਏ)
'ਰਸਮ ਜਗ ਦੀ ਕਰੋ ਅਤੀਤ ਸਾਈਂ, ਸਾਡੀਆਂ ਸੂਰਤਾਂ ਵਲ ਧਿਆਨ ਕੀਚੈ ।
ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ ਧਿਆਨ ਕੀਚੈ।
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਚੈ।
ਵਾਰਿਸ ਵੇਖੀਏ ਘਰਾਂ ਸਰਦਾਰ ਦੀਆਂ ਨੂੰ, ਅਜੀ ਸਾਹਿਬੋ! ਨਾ ਗੁਮਾਨ ਕੀਚੈ।
(ਮੋਹਣੀ=ਮੋਹ ਲੈਣ ਵਾਲੀ,ਸੁਹਣੀ)
ਹਮੇਂ ਬੱਡੇ ਫ਼ਕੀਰ ਸਤ ਪੀੜ੍ਹੀਏ ਹਾਂ, ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ।
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ, ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ।
ਬਘਿਆੜ ਸ਼ੇਰ ਅਰ ਮਿਰਗ ਚੀਤੇ, ਹਮੇਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ ।
ਤੁਮਹੀ ਸੁੰਦਰਾਂ ਬੈਠੀਆਂ ਖੂਬਸੂਰਤ, ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ।
ਨਗਰ ਬੀਚ ਨਾ ਆਤਮਾ ਪਰਚਦਾ ਏ, ਉਦਿਆਨ ਪਖੀ ਤੰਬੂ ਤਾਨਤੇ ਹਾਂ ।
ਗੁਰੂ ਤੀਰਥ ਜੋਗ ਬੈਰਾਗ ਹੋਵੇ, ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ।
(ਅਰ=ਅਤੇ, ਡਾਨਤੇ=ਵੇਖਦੇ, ਡਾਨੀਆਂ ਵੇਖਦੇ, ਉਦਿਆਨ=ਵਸੋਂ ਤੋਂ ਦੂਰ, ਜੰਗਲ ਵਿੱਚ ਪੱਖੀ ਤੰਬੂ=ਡੂੰਗੀ ਦੇ ਬਾਂਸ ਜਾਂ ਲੱਕੜ ਸਿੱਧੀ ਗੱਡ ਕੇ ਉਨ੍ਹਾਂ ਦੇ ਸਿਰਿਆ ਉਪਰ ਵਿਚਕਾਰ ਇੱਕ ਹੋਰ ਲੱਕੜ ਬੰਨ੍ਹ ਕੇ, ਉੱਪਰ ਪਾਈ ਢਾਲੂ ਛੱਤ)
ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਝਣੇ ਨੂੰ ਮੂਰਛਤ ਹੋਈਆਂ।
ਅੱਖੀਂ ਟੱਡੀਆ ਰਹਿਉ ਨੇ ਮੁਖ ਮੀਟੇ, ਟੰਗਾਂ ਬਾਹਾਂ ਵੱਗਾ ਬੇਸੱਤ ਹੋਈਆ।
ਅਨੀ ਆਉ ਖਾਂ ਪੁਛੀਏ ਨੱਢੜੇ ਨੂੰ, ਦੇਹੀਆਂ ਵੇਖ ਜੋਗੀ ਉਦਮਤ ਹੋਈਆਂ।
ਧੁੱਪੇ ਆਣ ਖਲੋਤੀਆਂ ਵੇਂਹਦੀਆਂ ਨੇ, ਮੁੜ੍ਹਕੇ ਡੁੱਬੀਆਂ ਤੇ ਰੱਤੇ-ਰੱਤ ਹੋਈਆਂ।
(ਮੂਰਛਤ=ਬੇਸੁਧ, ਟੱਡੀਆਂ=ਅੱਡੀਆ ਹੋਈਆਂ, ਵੱਗਾ=ਚਿੱਟਾ, ਬੇਸਤ=ਬਿਨਾ ਸਾਹ ਸਤ ਦੇ, ਉਦਮਤ=ਮਸਤ,ਹੈਰਾਨ)
ਸਈਉ ਵੇਖੋ ਤੇ ਮਸਤ ਅਲਸਤ ਜੋਗੀ, ਜੈਂਦਾ ਰਬ ਦੇ ਨਾਲ ਧਿਆਨ ਹੈ ਨੀ ।
ਇਨ੍ਹਾਂ ਭੌਰਾ ਨੂੰ ਆਸਰਾ ਰਬ ਦਾ ਹੈ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ ।
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ, ਚਲਣਾ ਖ਼ਾਕ ਵਿੱਚ ਫ਼ਕਰ ਦੀ ਬਾਣ ਹੈ ਨੀ ।
ਸੋਹਣਾ ਫੁਲ ਗੁਲਾਬ ਮਾਸ਼ੂਕ ਨੱਢਾ, ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ ।
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ, ਓਨ੍ਹਾਂ ਮਾਹਣੂਆਂ ਦੀ ਕੇਹੀ ਕਾਣ ਹੈ ਨੀ।
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ ।
ਆਓ, ਪੁੱਛੀਏ ਕਿਹੜੇ ਦੇਸ ਦਾ ਹੈ, ਅਤੇ ਏਸ ਦਾ ਕੌਣ ਮਕਾਨ ਹੈ ਨੀ ।
(ਭੈਰ=ਆਸ਼ਕ, ਕਾਣ=ਸ਼ਰਮ, ਪਰਵਾਰ, ਮਕਾਨ=ਬਾ)
ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ, ਨੈਣਾਂ ਖੀਵਿਆ ਮਸਤ ਦੀਵਾਨਿਆ ਵੇ ।
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਝੀ, ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ ।
ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀਂ ਮੀਟਦਾ ਨਾਲ ਬਹਾਨਿਆ ਵੇ।
ਕਿਸ ਮੁਨਿਉ ਕੰਨ ਕਿਸ ਪਾੜਿਉ ਨੀ, ਤੇਰਾ ਵਤਨ ਹੈ ਕੌਣ ਦੀਵਾਨਿਆ ਵੇ ।
ਕੌਣ ਜਾਤ ਹੈ ਕਾਸ ਤੋਂ ਜੋਗ ਲੀਤੇ, ਸੱਚੇ ਸੱਚ ਹੀ ਦੱਸ ਮਸਤਾਨਿਆ ਵੇ ।
ਏਸ ਉਮਰ ਕੀ ਵਾਇਦੇ ਪਏ ਤੈਨੂੰ, ਕਿਉਂ ਭੌਂਨਾ ਏਂ ਦੇਸ ਬੇਗਾਨਿਆ ਵੇ ।
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨਿਆਂ ਵੇ ।
ਵਿੱਚ ਤ੍ਰਿੰਵਣਾ ਪਵੇ ਵਿਚਾਰ ਤੇਰੀ, ਹੋਵੇ ਜ਼ਿਕਰ ਤੇਰਾ ਚੱਕੀ -ਹਾਨਿਆਂ ਵੇ ।
ਬੀਬਾ ਦੱਸ ਸ਼ਤਾਬ ਹੋ ਜੀਊ ਜਾਂਦਾ, ਅਸੀਂ ਧੁਪ ਦੇ ਨਾਲ ਮਰ ਜਾਨੀਆਂ ਵੇ।
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ ।
ਵਾਰਿਸ ਸ਼ਾਹ ਗੁਮਾਨ ਨਾ ਪਵੀਂ ਮੀਆਂ, ਅਤੇ ਹੀਰ ਦਿਆ ਮਾਲ ਖਜ਼ਾਨਿਆ ਵੇ ।
(ਵਾਇਦੇ=ਦੁਖ, ਚੱਕੀ ਹਾਨਾ=ਚੱਕੀ-ਖਾਨਾ, ਸ਼ਤਾਬ-ਛੇਤੀ, ਜੀਊ ਜਾਂਦਾ=ਗਰਮੀ ਨਾਲ ਦਿਲ ਘਬਰਾ ਰਿਹਾ)
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀਂਹ ਫ਼ਕੀਰ ਦਾ ਦੇਸ ਕੇਹਾ।
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਿਫ਼ਤ ਤੇ ਭੇਸ ਕੇਹਾ।
ਵਤਨ ਦਮਾਂ ਦੇ ਨਾਲ ਤੇ ਜਾਤ ਜੋਗੀ, ਸਾਨੂੰ ਸਾਕ ਕਬੀਲੜਾ ਖੇਸ਼ ਕੇਹਾ ।
ਜੇਹੜਾ ਵਤਨ ਤੇ ਜਾਤ ਵਲ ਧਿਆਨ ਰੱਖੇ, ਦੁਨੀਆਦਾਰ ਹੈ ਉਹ ਦਰਵੇਸ਼ ਕੇਹਾ।
ਦੁਨੀਆ ਨਾਲ ਪੈਵੰਦ ਹੈ ਅਸਾਂ ਕੇਹਾ, ਪੱਥਰ ਜੋੜਨਾ ਨਾਲ ਸਰੇਸ਼ ਕੇਹਾ।
ਸੱਭਾ ਖ਼ਾਕ ਦਰ ਖ਼ਾਕ ਫ਼ਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ।
(ਕਬੀਲੜਾ=ਟੱਬਰ, ਕੁਟੰਭ, ਦਮਾਂ=ਸਾਹਾਂ)
ਸਾਨੂੰ ਨਾ ਅਕਾਉ ਰੀ ਭਾਤ ਖਾਣੀ, ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ।
ਜੇ ਕਰ ਆਪਣੀ ਆਈ ਤੇ ਆ ਜਾਈਏ, ਖੁੱਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ।
ਘਰ ਮਹਿਰਾ ਦੇ ਕਾਸਨੂੰ ਅਸਾਂ ਜਾਣਾ, ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ ।
ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ, ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ ।