ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ।
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ।
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗੁੱਸੇ ਨਾਲ ਪਸਾਰ ਦੇ ਆਨੀਆਂ ਹੋ।
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ।
ਸਭੇ ਸੌਂਹਦੀਆਂ ਤ੍ਰਿੰਞਣੀ ਸ਼ਾਹ ਪਰੀਆਂ, ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ।
ਚਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ।
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰਰ ਦੀਆਂ ਬਾਨੀਆਂ ਹੋ।
ਅਸੀਂ ਕਿਸੇ ਪਰਦੇਸ ਦੇ ਫ਼ਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ।
ਜਾਉ ਵਾਸਤੇ ਰਬ ਦੇ ਖ਼ਿਆਲ ਛੱਡੇ, ਸਾਡੇ ਹਾਲ ਥੀ ਤੁਸੀਂ ਬੇਗਾਨੀਆਂ ਹੋ।
ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ।
(ਤਨ ਛੇਦਿਆ = ਸਰੀਰ ਵਿੱਚ ਗਲੀਆਂ ਕੀਤੀਆਂ ,ਆਨੀਆਂ ਪਸਾਰਦੇ = ਡੇਲ ਕੱਢਦੇ ਹੋ, ਤਰਕਸ਼ = ਤੀਰਾਂ ਦਾ ਭੱਥਾ, ਅੰਗੁਸ਼ਤ =ਉਂਗਲੀ,ਇਸ਼ਾਰਾ, ਸ਼ੇਖ ਸਾਅਦੀ=ਈਰਾਨ ਦੇ ਬਹੁਤ ਵੱਡੇ ਸ਼ਾਇਰ, ਗੁਲਿਸਤਾਂ ਅਤੇ ਬੋਸਤਾਂ ਦੇ ਜਗਤ ਪ੍ਰਸਿੱਧ ਕਿਤਾਬਾਂ ਦੇ ਰਚੇਤਾ ਹਨ। ਦੱਸਿਆ ਜਾਂਦਾ ਹੈ ਕਿ ਉਹ ਭਾਰਤ ਵੀ ਆਏ ਸਨ। ਉਨ੍ਹਾਂ ਔਰਤਾਂ ਦੇ ਚਲਿੱਤਰਾਂ ਬਾਰੇ ਸੁਣਿਆ ਹੋਇਆ ਸੀ । ਇੱਕ ਪਿੰਡ ਜਾ ਕੇ ਸਭ ਤੋਂ ਵਧ ਭਲੀਮਾਨਸ ਔਰਤ ਦਾ ਪਤਾ ਕੀਤਾ । ਜਦੋਂ ਉਹ ਖੂਹ ਤੇ ਪਾਣੀ ਭਰਨ ਆਈ ਤਾਂ ਉਹਨੂੰ ਚਲਿੱਤਰਾਂ ਬਾਬਤ ਪੁੱਛਿਆ ।ਉਹ ਕਹਿਣ ਲੱਗੀ ਕਿ ਉਹਨੂੰ ਨਹੀਂ ਆਉਂਦੇ, ਉਹ ਹੋਰ ਔਰਤਾਂ ਦਾ ਪਤਾ ਦੱਸ ਸਕਦੀ ਹੈ ।ਉਹਨੂੰ ਇੱਕ ਨਿੱਕੀ ਜਹੀ ਮਕਰੀ ਆਉਂਦੀ ਹੈ ।ਉਹ ਦਿਖਾ ਸਕਦੀ ਹੈ ।ਸ਼ੇਖ ਦੇ ਹਾਂ ਕਹਿਣ ਤੇ ਉਹਨੇ ਕਿਹਾ ਕਿ ਜਦੋਂ ਉਹ ਉਹਦੇ ਕੋਲੋਂ ਕੁੱਝ ਕਦਮ ਪਰੇ ਜਾਵੇਗਾ ਸ਼ੁਰੂ ਕਰੇਗੀ ।ਜਦੋਂ ਸ਼ੇਖ ਸਾਹਿਬ ਕੁੱਝ ਕਦਮ ਪਰੇ ਨਾਲ ਦੀ ਗਲੀ ਮੁੜੇ ਤਾਂ ਉਹਨੇ ਰੌਲਾ ਪਾ ਦਿੱਤਾ ਕਿ ਲੋਕੋ ਫੜੋ, ਨਾਲ ਦੀ ਗਲੀ ਜਾਣ ਵਾਲਾ ਕਾਣਾ ਪੁਰਸ਼ ਉਹਦੀ ਇੱਜਤ ਲੁੱਟਣੀ ਚਾਹੁੰਦਾ ਹੈ, ਲੋਕਾਂ ਫੜ ਕੇ ਸ਼ੇਖ਼ ਦੀ ਖਿੱਚ ਧੂਹ ਕੀਤੀ। ਕੇਤਵਾਲ ਕੋਲ ਲਿਜਾ ਕੇ ਇੱਕ ਮਕਾਨ ਵਿੱਚ ਬੰਦ ਕਰ ਦਿੱਤਾ ।ਫਿਰ ਉਹ ਔਰਤ ਫੜਣ ਵਾਲਿਆਂ ਨੂੰ ਕਹਿਣ ਲੱਗੀ ਤੁਸੀਂ ਉਸ ਕਾਣੇ ਆਦਮੀ ਨਾਲ ਚੰਗੀ ਕੀਤੀ ਉਹ ਬਦਮਾਸ਼ ਏਸੇ ਦਾ ਹੱਕਦਾਰ ਸੀ ਫੜਣ ਵਾਲੇ ਆਖਣ ਲੱਗੇ ਕਿ ਉਹ ਗਲਤ ਪੁਰਸ਼ ਫੜ ਲਿਆਏ ਹਨ, ਸ਼ੇਖ ਨੂੰ ਵੇਖ ਕੇ ਉਹ ਆਖਣ ਲੱਗੀ ਕਿ ਮੈਨੂੰ ਛੇੜਣ ਵਾਲਾ ਪੁਰਸ਼ ਅੱਖੋਂ ਕਾਣਾ ਸੀ । ਜਿਹੜਾ ਤੁਸੀਂ ਫੜ ਲਿਆਏ ਹੋ ਉਹ ਤਾ ਸ਼ੇਖ ਸਾਅਦੀ ਹੈ ਜਿਹੜਾ ਉਹਨੇ ਰਾਤੀ ਸੁਫਨੇ ਵਿੱਚ ਵੇਖਿਆ ਸੀ ।ਔਰਤ ਨੇ ਸ਼ੇਖ ਦੇ ਪੈਰੀ ਹੱਥ ਲਾਏ ਅਤੇ ਕਿਹਾ ਇਹ ਤਾਂ ਵਲੀ ਪੁਰਸ ਫਰਿਸ਼ਤਾ ਹੈ । ਉਹ ਕਾਣਾ ਸੂਰ ਵੀ ਇਸੇ ਗਲੀ ਵਿੱਚ ਭੱਜਾ ਸੀ ।ਮੈਨੂੰ ਮੁਆਫ ਕਰੋ' ਫੜਣ ਵਾਲਿਆ ਵੀ ਸਾਅਦੀ ਤੋਂ ਮੁਆਫ਼ੀ ਮੰਗੀ । ਜਾਂਦੀ ਹੋਈ ਉਹ ਔਰਤ ਕਹਿ ਗਈ ਕਿ ਉਹਨੂੰ ਤਾਂ ਨਿੱਕੀ ਜਹੀ ਮਕਰੀ ਆਉਂਦੀ ਸੀ ਉਹ ਦਿਖਾ ਦਿੱਤੀ ਹੈ( ਸ਼ਰਰ=ਸ਼ਰਾਰਤ, ਸਾਨੀ = ਬਰਾਬਰ)
ਹਮੀਂ ਭਿਛਿਆ ਵਾਸਤੇ ਤਿਆਰ ਬੈਠੇ, ਤੁਮਹੀਂ ਆਣ ਕੇ ਰਿੱਕਤਾ ਛੇੜਦੀਆਂ ਹੋ ।
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ, ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ ।
ਅਸੀਂ ਛੱਡ ਛੇੜੇ ਜੋਗ ਲਾਇ ਬੈਠੇ, ਤੁਸੀਂ ਫੇਰ ਆਲੂਦ ਲਬੇੜਦੀਆਂ ਹੋ ।
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ, ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ ।
ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ, ਤੁਮ੍ਹੀਂ ਆਣ ਕੇ ਕਾਹਿ ਖਹੇੜਦੀਆਂ ਹੋ ।
(ਆਲੂਦ=ਲਿਬੜਿਆ ਹੋਇਆ, ਸੰਗ -ਪੱਥਰ, ਅੰਨ੍ਹਾ ਖੂਹ=ਬੇਆਬਾਦ ਜਾਂ ਉਜੜਿਆ ਖੂਹ ਜਿਸ ਬਾਬਤ ਵਹਿਮ ਸੀ ਕਿ ਉਸ ਵਿੱਚ ਇੱਟ ਪੱਥਰ ਮਾਰਨ ਨਾਲ ਭੂਤ ਲਗ ਜਾਂਦੇ ਹਨ)
ਰਾਂਝਾ ਖੱਪਰੀ ਪਕੜ ਕੇ ਗਜ਼ੇ ਚੜ੍ਹਿਆ, ਸਿੰਙੀ ਦਵਾਰ-ਬ-ਦਵਾਰ ਵਜਾਉਂਦਾ ਏ।
ਕੋਈ ਦੇ ਸੀਧਾ ਕੋਈ ਪਾਏ ਟੁੱਕੜ, ਕੋਈ ਥਾਲੀਆਂ ਪਰੋਸ ਲਿਆਉਂਦਾ ਏ ।
ਕੋਈ ਆਖਦੀ ਜੋਗੀੜੇ ਨਵਾਂ ਬਣਿਆ, ਰੰਗ ਰੰਗ ਦੀ ਕਿੰਗ ਵਜਾਉਂਦਾ ਏ।
ਕੋਈ ਦੇ ਗਾਲੀ ਧਾੜੇ ਮਾਰ ਫਿਰਦਾ, ਕੋਈ ਬੋਲਦੀ ਜੋ ਮਨ ਭਾਉਂਦਾ ਏ ।
ਕੋਈ ਜੋੜ ਕੇ ਹੱਥ ਤੇ ਕਰੋ ਮਿੰਨਤ, ਸਾਨੂੰ ਆਸਰਾ ਫ਼ਕਰ ਦੇ ਨਾਉਂ ਦਾ ਏ।
ਕੋਈ ਆਖਦੀ ਮਸਤਿਆ ਚਾਕ ਫਿਰਦਾ, ਨਾਲ ਮਸਤੀਆਂ ਘੂਰਦਾ ਗਾਉਂਦਾ ਏ।
ਕੋਈ ਆਖਦੀ ਮਸਤ ਦੀਵਾਨਤਾ ਹੈ, ਬੁਰਾ ਲੇਖ ਜਨੈਂਦੜੀ ਮਾਉਂ ਦਾ ਏ।
ਕੋਈ ਆਖਦੀ ਠਗ ਉਧਾਲ ਫਿਰਦਾ, ਸੂਹਾ ਚੋਰਾਂ ਦੇ ਕਿਸੇ ਰਾਉਂ ਦਾ ਏ।
ਲੜੇ ਭਿੜੇ ਤੇ ਗਾਲੀਆਂ ਦਏ ਲੋਕਾਂ, ਠਠੇ ਮਾਰਦਾ ਲੋੜ੍ਹ ਕਮਾਉਂਦਾ ਏ।
ਆਟਾ ਕਣਕ ਦਾ ਲਏ ਤੇ ਘਿਉ ਭੱਤਾ, ਦਾਣਾ ਟੁਕੜਾ ਗੋਦ ਨਾ ਪਾਉਂਦਾ ਏ।
ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ, ਘਰੋ ਘਰੀ ਮੁਬਾਰਕਾਂ ਲਿਆਉਂਦਾ ਏ।
(ਗਜਾ ਕਰਨ=ਮੰਗਣ, ਸੀਧਾ=ਕੱਚਾ ਖੁਸ਼ਕ ਰਾਸ਼ਨ, ਧਾਤੇ ਮਾਰ=ਚੋਰ,ਡਾਕੂ, ਠੱਠੇ ਮਾਰ =ਮਖੌਲ ਉਡਾਉਣ ਵਾਲਾ)
ਆ ਵੜੇ ਹਾਂ ਉਜੜੇ ਪਿੰਡ ਅੰਦਰ, ਕਾਈ ਕੁੜੀ ਨਾ ਤ੍ਰਿੰਦਈ ਗਾਂਵਦੀ ਹੈ।
ਨਾਹੀਂ ਕਿਕਲੀ ਪਾਂਵਦੀ ਨਾ ਸੰਮੀ, ਪੰਬੀ ਪਾ ਨਾ ਧਰਤ ਹਲਾਂਵਦੀ ਹੈ।
ਨਾਹੀਂ ਚੂਹੜੀ ਦਾ ਗੀਤ ਗਾਉਂਦੀਆਂ ਨੇ, ਗਿੱਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ।
ਵਾਰਿਸ ਸ਼ਾਹ ਛੱਡ ਚੱਲੀਏ ਇਹ ਨਗਰੀ, ਐਸੀ ਤਬ੍ਹਾ ਫ਼ਕੀਰ ਦੀ ਆਂਵਦੀ ਹੈ।
(ਸੱਮੀ=ਹਲਕਾ ਚੁਸਤ ਨਾਚ, ਪੰਬੀ=ਛਾਲ ਮਾਰ ਕੇ ਨੱਚਣਾ)
ਚਲ ਜੋਗੀਆ ਅਸੀਂ ਵਿਖਾ ਲਿਆਈਏ, ਜਿੱਥੇ ਤ੍ਰਿੰਞਣੀ ਛੋਹਰੀਆਂ ਗਾਉਂਦੀਆਂ ਨੇ ।
ਲੈ ਕੇ ਜੋਗੀ ਨੂੰ ਆਣ ਵਿਖਾਲਿਉ ਨੇ, ਜਿੱਥੇ ਵਹੁਟੀਆਂ ਛੋਪ ਰਲ ਪਾਉਂਦੀਆਂ ਨੇ ।
ਇੱਕ ਨੱਚਦੀਆਂ ਮਸਤ ਮਲੰਗ ਬਣ ਕੇ, ਇੱਕ ਸਾਂਗ ਚੂੜ੍ਹੀ ਦਾ ਲਾਉਂਦੀਆਂ ਨੇ ।
ਇੱਕ ਬਾਇੜਾਂ ਨਾਲ ਘਸਾ ਬਾਇੜ, ਇੱਕ ਮਾਲ੍ਹ ਤੇ ਮਾਲ੍ਹ ਫਿਰਾਉਂਦੀਆਂ ਨੇ ।
ਵਾਰਿਸ ਸ਼ਾਹ ਜੋਗੀ ਆਣ ਧੁੱਸ ਦਿੱਤੀ, ਕੁੜੀਆਂ ਸੱਦ ਕੇ ਕੋਲ ਬਹਾਉਂਦੀਆਂ ਨੇ।
(ਛੋਪ=ਜੋਟੇ, ਬਾਇੜਾਂ -ਲਕੜੀ ਦਾ ਗੋਲ ਚੱਕਰ)