Back ArrowLogo
Info
Profile

  1. ਤ੍ਰਿੰਞਣ ਵਿੱਚ ਜਾਤਾਂ ਦਾ ਵੇਰਵਾ

ਜਿੱਥੇ ਤ੍ਰਿੰਞਣਾਂ ਦੀ ਘੁਮਕਾਰ ਪੈਂਦੀ, ਅੱਤਣ ਬੈਠੀਆਂ ਲਖ ਮਹਿਰੇਟੀਆਂ ਨੇ ।

ਖਤਰੇਟੀਆਂ ਅਤੇ ਬਹਿਮਨੇਟੀਆਂ ਨੇ, ਤੁਰਕੇਟੀਆਂ ਅਤੇ ਜਟੇਟੀਆਂ ਨੇ ।

ਲੁਹਾਰੀਆਂ ਲੌਂਗ ਸੁਪਾਰੀਆਂ ਨੇ, ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ ।

ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ, ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ ।

ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ, ਫੁਲਹਾਰੀਆਂ ਛੈਲ ਸੁਨਰੇਟੀਆਂ ਨੇ ।

ਮਨਿਹਾਰੀਆਂ ਤੇ ਪੱਖੀਵਾਰੀਆਂ ਨੇ, ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ ।

ਪਠਾਣੀਆਂ ਚਾਦਰਾਂ ਤਾਣੀਆਂ ਨੇ, ਪਸ਼ਤੋ ਮਾਰਦੀਆਂ ਨਾਲ ਮੁਗਲੇਟੀਆਂ ਨੇ।

ਪਿੰਜਾਰੀਆਂ ਨਾਲ ਚਮਿਆਰੀਆਂ ਨੇ, ਰਾਜਪੂਤਨੀਆਂ ਨਾਲ ਭਟੇਟੀਆਂ ਨੇ ।

ਦਰਜ਼ਾਨੀਆਂ ਸੁਘੜ ਸਿਆਣੀਆਂ ਨੇ, ਬਰਵਾਲੀਆਂ ਨਾਲ ਮਛੇਟੀਆਂ ਨੇ।

ਸਈਅੱਦ ਜਾਦੀਆਂ ਤੇ ਸੈਖ ਜ਼ਾਦੀਆਂ, ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ।

ਰਾਉਲਿਆਣੀਆਂ ਬੇਟੀਆਂ ਬਾਣੀਆਂ ਦੀਆਂ, ਛੰਨਾਂ ਵਾਲੀਆਂ ਨਾਲ ਵਣੇਟੀਆਂ ਨੇ।

ਚੰਗੜਿਆਣੀਆਂ ਨਾਇਣਾ ਮੀਰਜ਼ਾਦਾ, ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ ।

ਗੰਧੀਲਣਾ ਛੈਲ ਛਬੀਲੀਆਂ ਨੇ, ਤੇ ਕਲਾਲਣਾਂ ਭਾਬੜੀਆਂ ਬੇਟੀਆਂ ਨੇ।

 ਬਾਜ਼ੀਗਰਨੀਆ ਨਟਨੀਆਂ ਕੁਗੜਾਣੀਆਂ, ਵੀਰਾ ਰਾਧਣਾਂ ਰਾਮ ਜਣੇਟੀਆਂ ਨੇ ।

ਪੂਰਬਿਆਣੀਆਂ ਛੀਂਬਣਾਂ ਰੰਗਰੇਜ਼ਾਂ, ਬੈਰਾਗਣਾਂ ਨਾਲ ਠਠਰੇਟੀਆਂ ਨੀ ।

 ਸੰਡਾਸਣਾਂ ਅਤੇ ਖਰਾਸਣਾਂ ਨੀ, ਢਾਲਗਰਨੀਆਂ ਨਾਲ ਵਣਸੇਟੀਆਂ ਨੀ।

ਕੁੰਗਰਾਣੀਆਂ ਡੂਮਣੀਆਂ ਦਾਈ ਕੁੱਟਾਂ, ਆਤਿਸ਼ਬਾਜ਼ਣਾਂ ਨਾਲ ਪਹਿਲਵੇਟੀਆਂ ਨੇ।

ਖਟੀਕਣਾਂ ਤੇ ਨੇਚਾਂ ਬੰਦਨਾ ਨੇ, ਚੂੜੀਗਰਨੀਆਂ ਤੇ ਕੰਮਗਰੇਟੀਆਂ ਨੇ।

ਭਰਾਇਣਾਂ ਵਾਹਨਾਂ ਸਰਸਸਿਆਣੀਆਂ, ਸਾਉਸਿਆਣੀਆਂ ਕਿਤਨ ਕੋਝੇਟੀਆਂ ਨੇ।

ਬਹਿਰੂਪਣਾ ਰਾਂਝਣਾ ਜ਼ੀਲਵੱਟਾਂ, ਬਰਵਾਲੀਆ ਭੱਟ ਬਹਿਮਨੇਟੀਆਂ ਨੇ ।

ਲੁਬਾਣੀਆਂ ਢੀਂਡਣਾ ਪੀਰਨੀਆਂ ਨੇ, ਸਾਊਆਣੀਆਂ ਦੁਧ ਦੁਧੇਟੀਆਂ ਨੇ ।

ਝਬੇਲਣਾ ਮਿਉਣੀਆਂ ਫਫੇਕੁਟਣੀਆਂ, ਜੁਲਹੇਟੀਆਂ ਨਾਲ ਕਸੇਟੀਆਂ ਨੂੰ।

ਕਾਗ਼ਜ-ਕੁੰਟ ਡਬਗਰਨੀਆਂ ਉਰਦ-ਬੇਗਾਂ, ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ ।

ਬਾਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ, ਰਾਜਵੰਸਣਾ ਰਾਜੇ ਦੀਆਂ ਬੇਟੀਆਂ ਨੇ।

ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ, ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ ।

ਵਾਰਿਸ ਸ਼ਾਹ ਜੀਜਾ ਬੈਠਾ ਹੋ ਜੋਗੀ, ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ।

 

(ਘੁਮਕਾਰ=ਗੂੰਜ, ਅੱਤਣ=ਕੁੜੀਆਂ ਦੀ ਮਹਿਫਲ, ਵਣੇਟੀ=ਵਾਣ ਵੱਟਨ ਵਾਲੀ, ਮੀਰਜਾਦੀ=ਸਯਦਜਾਦੀ,ਕਲਾਲਣ=ਸ਼ਰਾਬ ਕੱਢਣ ਤੇ ਵੇਚਣ ਵਾਲੀ, ਰਾਮ ਜਣੀ=ਨਾਚੀ, ਵਣਸੇਟੀ=ਬਾਂਸ, ਨੜੇ ਅਤੇ ਸਰਕੰਡੇ ਦਾ ਸਮਾਨ ਬਣਾਉਣ ਵਾਲੀ,ਅੰਚਲਾ= ਆਂਚਲ, ਪੱਲਾ, ਕੁੰਗਰਾਣੀ=ਮਿੱਟੀ ਦੇ ਖਿਡੌਣੇ ਬਣਾਉਣ ਵਾਲੀ, ਪਹਿਲਵੇਟੀ=ਪਹਿਲਵਾਨ ਦੀ ਇਸਤਰੀ, ਕੰਮਗਰੇਟੀ=ਕਮਾਨ ਬਣਾਉਣ ਵਾਲੀ)

  1. ਤਥਾ

ਕਾਈ ਆ ਰੰਝੇਟੇ ਦੇ ਨੈਣ ਵੇਖੇ, ਕੋਈ ਮੁਖੜਾ ਵੇਖ ਸਲਾਹੁੰਦੀ ਹੈ।

ਅਤੀਉ ਵੇਖੋ ਤਾਂ ਸ਼ਾਨ ਇਸ ਜੋਗੀ ਦੀ, ਰਾਹ ਜਾਂਦੜੇ ਮਿਰਗ ਫਹਾਉਂਦੀ ਹੈ।

ਝੂਠੀ ਦੋਸਤੀ ਉਮਰ ਦੇ ਨਾਲ ਜੁੱਸੇ, ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ।

 ਕੋਈ ਓਢਨੀ ਲਾਹ ਕੇ ਮੁਖ ਪੂੰਝੇ, ਧੋ ਧਾ ਬਿਭੂਤ ਦਾ ਲਾਹੁੰਦੀ ਹੈ।

ਕਾਈ ਮੁਖ ਰੰਝੇਟੇ ਦੇ ਨਾਲ ਜੋੜੇ, ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ।

ਸਹਿਤੀ ਲਾਡ ਦੇ ਨਾਲ ਚਵਾ ਕਰਕੇ, ਚਾਇ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ।

ਰਾਂਝੇ ਪੁੱਛਿਆ ਕੋਣ ਹੈ ਇਹ ਨੱਢੀ, ਧੀ ਅਜੂ ਦੀ ਕਾਈ ਚਾ ਆਂਹਦੀ ਹੈ।

ਅੰਜੂ ਬੱਜੂ ਛੱਜੂ ਫੱਜੂ ਅਤੇ ਕੱਜੂ, ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ।

ਵਾਰਿਸ ਸ਼ਾਹ ਨਿਨਾਣ ਹੈ ਹੀਰ ਸੰਦੀ, ਧੀਉ ਖੇੜਿਆਂ ਦੇ ਬਾਦਸ਼ਾਹ ਦੀ ਹੈ।

 

  1. ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ

 

ਅੱਜੂ ਧੀ ਰੱਖੀ ਧਾੜੇ ਮਾਰ ਲੱਪੜ, ਮੁਸ਼ਟੰਡੜੀ  ਤ੍ਰਿੰਞਣੀ ਘੁੰਮਦੀ ਹੈ।

ਕਰੋ ਆਣ ਬੇਅਦਬੀਆਂ ਨਾਲ ਫੱਕਰਾਂ, ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ ।

ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ, ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ।

ਫਿਰੇ ਨਚਦੀ ਸ਼ੋਖ ਬੇਹਾਣ ਘੋੜੀ, ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ।

ਸਿਰਦਾਰ ਹੈ ਲੋਹਕਾਂ ਲਾਹਕਾਂ ਦੀ, ਪੀਹਣ ਡੋਲ੍ਹਦੀ ਤੇ ਤੌਣ ਲੁੱਬਦੀ ਹੈ।

ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾ, ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ।

 

(ਧਾੜੇਮਾਰ=ਵਾਰਦਾਤਨ, ਬੇਹਾਣ=ਬਛੇਰੀ, ਲੁੱਬਣਾ= ਝਪਟਾ ਮਾਰਨਾ, ਤੌਣ=ਗੁੰਨਿਆ ਹੋਇਆ ਆਟਾ)

 

  1. ਸਹਿਤੀ

ਲੱਗੇ ਹੱਥ ਤਾਂ ਪਕੜ ਪਛਾੜ ਸੁੱਟਾਂ, ਤੇਰੇ ਨਾਲ ਕਰਸਾਂ ਸੇ ਤੂੰ ਜਾਣਸੇਂ ਵੇ ।

ਹਿੱਕੋ ਹਿੱਕ ਕਰਸਾਂ ਭੰਨ ਲਿੰਗ ਗੋਡੇ, ਤਦੋਂ ਰਬ ਨੂੰ ਇੱਕ ਪਛਾਣਸੇ ਵੇ ।

ਵਿਹੜੇ ਵੜਿਉ ਤਾਂ ਖੋਹ ਚਟਕੋਰਿਆਂ ਨੂੰ, ਤਦੋਂ ਸ਼ੁਕਰ ਬਜਾ ਲਿਆਵਸੇਂ ਵੇ ।

ਗੱਦੋਂ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ, ਤਦੋਂ ਛੱਟ ਤਦਬੀਰ ਦੀ ਆਣਸੇਂ ਵੇ।

ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ, ਮੰਗਣ ਆਵਸੇਂ ਤਾਂ ਮੈਨੂੰ ਜਾਣਸੇਂ ਵੇ ।

ਵਾਰਿਸ ਸ਼ਾਹ ਵਾਂਗੂ ਤੇਰੀ ਕਰਾਂ ਖਿਦਮਤ, ਮੌਜ ਸੇਜਿਅ ਦੀ ਤਦੋਂ ਮਾਣਸੇਂ ਵੇ ।

 

(ਹਿੱਕੋ ਹਿੱਕ ਕਰਸਾਂ=ਹੱਡ ਗੋੜੇ ਸੁਜਾ ਕੇ ਇੱਕ ਕਰ ਦੇਵਾਂਗੀ, ਸੇਜਿਆ=ਸੇਜ)

 

  1. ਰਾਂਝਾ

ਸੱਪ ਸ਼ੀਹਣੀ ਵਾਂਗ ਕੁਲਹਿਣੀਏ ਨੀ, ਮਾਸ ਖਾਣੀਏ ਤੇ ਰੱਤ ਪੀਣੀਏ ਨੀ ।

ਕਾਹੇ ਫੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ ।

ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ ।

ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ ।

ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ।

ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏ ਨੀ।

 

(ਰੇਹਾੜ=ਝਗੜਾ, ਲਖੀਣੀਏਂ -ਵੇਖਣ ਯੋਗ, ਪਲੀਹਣਾ=ਬੀਜਣ ਤੋਂ ਪਹਿਲਾਂ ਖੇਤ ਨੂੰ ਸਿੰਜਣਾ)

 

  1. ਰਾਂਝਾ ਇੱਕ ਜੱਟ ਦੇ ਵਿਹੜੇ ਵਿੱਚ

ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ, ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ ।

ਸਿੰਙੀ ਫੂਕ ਕੇ ਨਾਦ ਘੁਕਾਇਆ ਸੂ, ਜੋਗੀ ਗੱਜ ਗਜੇ ਵਿੱਚ ਜਾਇ ਠੇਲ੍ਹਦਾ ਹੈ।

ਵਿਹੜੇ ਵਿੱਚ ਔਧੂਤ ਜਾ ਗੱਜਿਆ ਈ, ਮਸਤ ਸਾਨ੍ਹ ਵਾਂਗੂ ਜਾਇ ਮੇਲ੍ਹਦਾ ਹੈ ।

ਹੂ, ਹੂ ਕਰਕੇ ਸੰਘ ਟੱਡਿਆ ਸੂ, ਫ਼ੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ।

 

(ਮੇਲਦਾ= ਚੋਣ ਲਈ ਤਿਆਰ ਕਰਦਾ, ਫੀਲਵਾਨ=ਹਥਵਾਨ, ਮਹਾਵਤ, ਹਸਤ=ਹਾਥੀ, ਪੋਲਦਾ=ਹਕਦਾ)

46 / 96
Previous
Next