Back ArrowLogo
Info
Profile

  1. ਜੱਟ ਨੇ ਕਿਹਾ

ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ, ਭੰਨ ਦੋਹਣੀ ਦੁੱਧ ਸਭ ਡੋਹਲਿਆ ਈ।

ਘੱਤ ਖੈਰ ਏਸ ਕਟਕ ਦੇ ਮੋਹਰੀ ਨੂੰ, ਜੱਟ ਉਠਕੇ ਰੋਹ ਹੋ ਬੋਲਿਆ ਈ ।

ਝਿਰਕ ਭੁੱਖੜੇ ਦੇਸ ਦਾ ਇਹ ਜੋਗੀ, ਏਥੇ ਦੁੰਦ ਕੀ ਆਣ ਕੇ ਘੋਲਿਆ ਈ ।

ਸੂਰਤ ਜੋਗੀਆਂ ਦੀ ਅੱਖ ਗੁੰਡਿਆਂ ਦੀ, ਦਾਬ ਕਟਕ ਦੇ ਤੇ ਜੀਊ ਡੋਲਿਆ ਈ ।

ਜੋਗੀ ਅੱਖੀਆਂ ਕਢ ਕੇ ਘਤ ਤਿਊੜੀ, ਲੈ ਕੇ ਖੱਪਰਾ ਹੱਥ ਵਿੱਚ ਤੋਲਿਆ ਈ।

ਵਾਰਿਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ, ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ।

 

(ਨਿਆਣਾ=ਟੰਗੀ ਪਾਈ ਰੱਸੀ, ਢਾਂਡੜੀ =ਬੁੱਢੀ ਗਾ, ਦੁੰਦ=ਫਸਾਦ, ਝਿਰਕ=ਭੁਖੜ, ਜੰਬੂ=ਦੇਵਤਿਆਂ ਵਿਰੁੱਧ ਲੜਣ ਵਾਲਾ ਇੱਕ ਰਾਕਸ਼, ਸ਼ਾਕਣੀ=ਇੱਕ ਭਿਆਨਕ ਦੇਵੀ ਜਿਹੜੀ ਦੁਰਗਾ ਦੀ ਸੇਵਾਦਾਰਨੀ ਸੀ)

 

  1. ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਸੁੱਟੇ ।

ਪੁਣੇ ਦਾਦ ਪੜਦਾਦੜੇ ਜੋਗੀੜੇ ਦੇ, ਸੱਭੇ ਟੰਗਨੇ ਤੇ ਸਾਕ ਚਾੜ੍ਹ ਸੁੱਟੇ ।

ਮਾਰ ਬੋਲੀਆਂ ਗਾਲੀਆਂ ਦੇ ਜੱਟੀ, ਸਭ ਫੱਕਰ ਦੇ ਪਿੱਤੜੇ ਸਾੜ ਸੁੱਟੇ ।

ਜੋਗੀ ਰੇਹ ਦੇ ਨਾਲ ਖੜਲੱਤ ਘੱਤੀ, ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ।

ਜੱਟੀ ਜ਼ਿਮੀ 'ਤੇ ਪਟੜੇ ਵਾਂਗ ਢੱਠੀ, ਜੈਸੇ ਵਾਹਰੂ ਫੱਟ ਕੇ ਧਾੜ ਸੁੱਟੇ।

ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੇਸੇ, ਫਰਹਾਦ ਨੇ ਚੀਰ ਪਹਾੜ ਸੁੱਟੇ।

 

(ਅੜਤਨੇ ਪੜਤਨੇ =ਅੱਗ ਪਿੱਛਾ, ਟੰਗਣੇ ਤੇ ਸਾਕ ਚਾੜ੍ਹ ਦਿੱਤੇ= ਸਾਕਾਂ ਨੂੰ ਗਾਲਾਂ ਕੱਢੀਆਂ, ਪਿੱਤੜੇ =ਪਿੱਤੇ, ਗੁੱਸਾ ਕਰਨ ਵਾਲਾ ਬਕਵਾਸ ਕੀਤਾ, ਫਰਹਾਦ = ਸ਼ੀਰੀ ਫ਼ਰਹਾਦ ਦੀ ਪਿਆਰ ਗਾਥਾ ਦਾ ਨਾਇਕ (ਈਰਾਨੀ ਬਾਦਸ਼ਾਹ ਖੁਸਰੇ ਪਰਵੇਜ਼ ਦੀ ਮਲਕਾ ਦਾ ਆਸ਼ਕ, ਖੁਸਰੋ ਨੇ ਫ਼ਰਹਾਦ ਦੀ ਆਜ਼ਮਾਇਸ਼ ਕਰਨ ਲਈ ਇਹ ਸ਼ਰਤ ਰਖ ਦਿੱਤੀ ਕਿ ਜੇ ਉਹ ਵਸਤੂਨ ਨਾਮੀ ਪਹਾੜ ਵਿੱਚੋਂ ਦੁੱਧ ਦੀ ਨਹਿਰ ਰਾਨੀ ਦੇ ਮਹੱਲ ਤੱਕ ਲੈ ਆਵੇ ਤਾਂ ਸ਼ੀਰੀ ਉਹਦੇ ਹਵਾਲੇ ਕਰ ਦਿੱਤੀ ਜਾਵੇਗੀ ।ਫਰਹਾਦ ਦੇ ਸੱਚੇ ਪਿਆਰ ਨੇ ਪੱਥਰ ਦੇ ਪਹਾੜ ਨੂੰ ਸਿਦਕ ਅਤੇ ਬੇਮਿਸਾਲ ਹਿੰਮਤ ਲਾਲ ਕੱਟ ਕੇ ਦੁੱਧ ਦੀ ਨਹਿਰ ਕੱਢ ਦਿੱਤੀ ਐਪਰ ਬਾਦਸ਼ਾਹ ਨੇ ਬਾਦਸ਼ਾਹਾ ਵਾਲੀ ਗੱਲ ਕੀਤੀ ਅਤੇ ਇੱਕ ਫਫਾਕੁਟਣੀ ਰਾਹੀਂ ਫ਼ਰਹਾਦ ਨੂੰ ਕਿਹਾ ਕਿ ਸ਼ੀਰੀ ਮਰ ਗਈ । ਉਹਨੇ ਇਸ ਖ਼ਬਰ ਨੂੰ ਸੱਚ ਮੰਨ ਕੇ ਪਹਾੜ ਕੱਟਣ ਵਾਲਾ ਤੇਸਾ ਆਪਣੇ ਸਿਰ ਵਿੱਚ ਮਾਰ ਕੇ ਆਪਣੀ ਜਾਨ ਲੈ ਲਈ । ਇਹ ਖ਼ਬਰ ਸੁਣ ਕੇ ਸ਼ੀਰੀ ਨੇ ਵੀ ਮਹੱਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ)

 

  1. ਜੱਟ ਦੀ ਫਰਿਆਦ

ਜੱਟ ਵੇਖ ਕੇ ਜੱਟੀ ਨੂੰ ਕਾਂਗ ਘੱਤੀ, ਵੇਖੋ ਪਰੀ ਨੂੰ ਰਿਛ ਪਥੱਲਿਆ ਜੇ ।

ਮੇਰੀ ਸੈਆਂ ਦੀ ਮਹਿਰ ਨੂੰ ਮਾਰ ਜਿੰਦੋਂ, ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ ।

'ਲੋਕਾ ਬਾਹੁੜੀ ਤੇ ਫ਼ਰਿਆਦ ਕੂਕੇ, ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ।

ਪਿੰਡ ਵਿੱਚ ਇਹ ਆਣ ਬਲਾਇ ਵੱਜੀ, ਜੇਹਾ ਜਿੰਨਪਛਵਾੜ ਵਿੱਚ ਮੱਲਿਆ ਜੇ।

ਪਕੜ ਲਾਠੀਆਂ ਗੱਭਰੂ ਆਣ ਢੁੱਕੇ, ਵਾਂਗ ਕਾਢਵੇਂ ਕਣਕ ਦੇ ਹੱਲਿਆ ਜੇ ।

ਵਾਰਿਸ ਸ਼ਾਹ ਜਿਉਂ ਧੂੰਇਆਂ ਸਰਕਿਆਂ 'ਤੇ, ਬੱਦਲ ਪਾਟ ਕੇ ਘਟਾ ਹੋ ਚੱਲਿਆ ਜੇ ।

 

(ਕਾਂਗ=ਦੁਹਾਈ ਪਾਹਰਿਆ, ਝੁੱਗੜਾ = ਵਸਦਾ ਘਰ, ਵੱਜੀ=ਆ ਗਈ)

 

  1. ਜੱਟੀ ਦੀ ਮਦਦ ਤੇ ਲੋਕ ਆਏ

ਆਇ, ਆਇ ਮੁਹਾਣਿਆਂ ਜਦੋਂ ਕੀਤੀ, ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ।

ਸੱਚੇ ਸੱਚ ਜਾਂ ਫਾਟ ਤੇ ਝਵੇਂ ਵੈਰੀ, ਜੋਗੀ ਹੋਰੀ ਭੀ ਜੀ ਚੁਰਾਇ ਗਏ ।

ਵੇਖੋ ਫੱਕਰ ਅੱਲਾਹ ਦੇ ਮਾਰ ਜੱਟੀ, ਓਸ ਜਟ ਨੂੰ ਵਾਇਦਾ ਪਾਇ ਗਏ ।

ਜਦੋਂ ਮਾਰ ਚੰਤਰਫ ਤਿਆਰ ਹੋਈ, ਓਥੋਂ ਆਪਣਾ ਆਪ ਖਿਸਕਾਇ ਗਏ।

ਇੱਕ ਫਾਟ ਕੱਢੀ ਸਭ ਸਮਝ ਗਈਆਂ, ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ।

ਜਦੋਂ ਖਸਮ ਮਿਲੇ ਪਿੱਛੋਂ ਵਾਹਰਾਂ ਦੇ, ਤਦੋਂ ਧਾੜਵੀ ਖੁਰੇ ਉਠਾਇ ਗਏ।

ਹੱਥ ਲਾਇਕੇ ਬਰਕਤੀ ਜਵਾਨ ਪੂਰੇ, ਕਰਾਮਾਤ ਜ਼ਾਹਰਾ ਦਿਖਲਾਇ ਗਏ ।

ਵਾਰਿਸ ਸ਼ਾਹ ਮੀਆਂ ਪਟੇ ਬਾਜ ਛੁੱਟੇ, ਜਾਨ ਰੱਖ ਕੇ ਚੋਟ ਚਲਾਇ ਗਏ।

 

(ਮੁਹਾਣਿਆਂ =ਵੱਗ ਦੇ ਛੇੜੂਆਂ ਦੀਆਂ ਤੀਵੀਆਂ, ਚੌਹੀਂ ਵਲੀਂ =ਚਾਰੇ ਪਾਸਿਉ, ਪਲਮ ਕੇ=ਇਕੱਠੀਆਂ ਹੋਕੇ, ਡਵੇਂ=ਤਿਆਰ ਹੋਏ, ਵਾਇਦਾ =ਦੁਖ, ਖਸਮ=ਮਾਲਕ, ਬਰਕਤੀ ਜਵਾਨ =ਬਰਕਤ ਵਾਲਾ ਫਕੀਰ, ਪਟੇ ਬਾਜ਼=ਲਕੜੀ ਜਾਂ ਗੜਕੇ ਨਾਲ ਹੱਥ ਦਿਖਾਉਣ ਵਾਲਾ)

 

  1. ਜੋਗੀ ਦੀ ਤਿਆਰੀ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ, ਆਟਾ ਮੇਲ ਕੇ ਖੱਪਰਾ ਪੂਰਿਆ ਈ ।

ਕਿਸੇ ਹੱਸ ਕੇ ਰੁਗ ਚਾ ਪਾਇਆ ਈ, ਕਿਸੇ ਜੋਗੀ ਨੂੰ ਚਾ ਵਡੂਰਿਆ ਈ।

ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ, ਕਿਤੇ ਉਨ੍ਹਾਂ ਨੂੰ ਜੋਗੀ ਨੇ ਘੂਰਿਆ ਈ।

ਫਲੇ ਖੇੜਿਆਂ ਦੇ ਝਾਤ ਪਾਇਆ ਸੂ, ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ।

 

(ਵਡੂਰਿਆ=ਚੰਗਾ ਮੰਦਾ ਕਿਹਾ, ਫਲੇ=ਦਰਵਾਜ਼ੇ, ਸੋਲ੍ਹਵੀਂ ਦਾ ਚੰਦ=ਭਾਵੇਂ ਉਹ ਚੌਧਵੀਂ ਦਾ ਚੰਦ ਸੀ ਪਰ ਜੋਗੀ ਬਣ ਕੇ ਸੋਲ੍ਹਵੀਂ ਦਾ ਲਗਦਾ ਸੀ)

 

  1. ਰਾਂਝਾ ਖੇੜਿਆਂ ਦੇ ਘਰੀਂ ਆਇਆ

ਕਹੀਆਂ ਵਲਗਣਾਂ ਵਿਹੜੇ ਤੇ ਅਰਲਖੋੜਾਂ, ਕਹੀਆਂ ਬੱਖਲਾਂ ਤੇ ਖੁਰਲਾਣੀਆਂ ਨੀ।

ਕਹੀਆਂ ਕੋਰੀਆਂ ਚਾਟੀਆਂ ਨੇਹੀਆਂ ਤੇ, ਕਹੀਆਂ ਕਿੱਲੀਆਂ ਨਾਲ ਮਧਾਣੀਆਂ ਨੀ ।

 ਓਥੇ ਇੱਕ ਛਛੋਹਰੀ ਜੇਹੀ ਬੈਠੀ, ਕਿਤੇ ਨਿਕਲੀਆਂ ਘਰੋਂ ਸਵਾਣੀਆਂ ਨੀ ।

ਛੱਤ ਨਾਲ ਟੰਗੇ ਹੋਏ ਨਜ਼ਰ ਆਵਣ, ਖੋਪੇ ਨਾੜੀਆਂ ਅਤੇ ਪਰਾਣੀਆਂ ਨੀ।

ਕੋਈ ਪਲੰਘ ਉਤੇ ਨਾਗਰਵੇਲ ਪਈਆਂ, ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ ।

ਵਾਰਿਸ ਕੁਆਰੀਆਂ ਕਸ਼ਟਨੇ ਕਰਨ ਪਈਆਂ, ਮੋਏ ਮਾਪੜੇ ਤੇ ਮਿਹਨਤਾਈਆਂ ਨੀ ।

ਸਹਿਤੀ ਆਖਿਆ ਭਾਬੀਏ ਵੇਖਨੀ ਹੈ, ਫਿਰਦਾ ਲੁੱਚਾ ਮੁੰਡਾ ਘਰ ਸਵਾਣੀਆਂ ਨੀ।

ਕਿਤੇ ਸੱਜਰੇ ਕੰਨ ਪੜਾ ਲੀਤੇ, ਧੁਰੋਂ ਲਾਹਨਤਾ ਇਹ ਪੁਰਾਣੀਆਂ ਨੀ ।

 

(ਅਰਲ ਖੋੜ =ਵਾਰਿਸ ਸ਼ਾਹ ਦੇ ਸਮੇਂ ਚੇਰਾਂ ਦੇ ਡਰ ਤੋਂ ਪਸੂਆਂ ਵਾਲੀ ਹਵੇਲੀ ਨੂੰ ਅੰਦਰੋਂ ਬੰਦ ਕਰਕੇ ਸੁਰੱਖਿਆ ਲਈ ਅੰਦਰ ਹੀ ਸੌਦੇ ਸਨ । ਦਰਵਾਜ਼ੇ ਦੇ ਪਿੱਛੇ ਇੱਕ ਲਕੜੀ ਦਾ ਅਰਲ ਵੀ ਰੱਖਿਆ ਜਾਂਦਾ ਸੀ ਜਿਹਦੇ ਦੋਨੋਂ ਸਿਰੇ ਕੰਧ ਵਿੱਚ ਚਲੇ ਜਾਂਦੇ ਸਨ। ਇੱਕ ਪਾਸੇ ਸਾਰਾ ਅਰਲ ਕੰਧ ਵਿੱਚ ਚਲਾ ਜਾਂਦਾ ਸੀ, ਬੁੱਖਲ=ਪਸ਼ੂਆਂ ਵਾਲਾ ਮਕਾਨ, ਨੇਹੀਆਂ = ਛੋਟੀ ਘੜੌਂਜੀ, ਨਾਗਰ ਵੇਲ=ਸਭ ਤੋਂ ਵਧੀਆ ਪਾਨ ਦੀ ਵੇਲ ਨਾਜੁਕ ਸਰੀਰ ਵਾਲੀ ਸੁਹਣੀ, ਕਸ਼ਟਨੇ=ਸਖਤ ਮਿਹਨਤ ਵਾਲੇ ਕੰਮ)

47 / 96
Previous
Next