ਜੋਗੀ ਹੀਰ ਦੇ ਸਾਹੁਰੇ ਜਾ ਵੜਿਆ, ਭੁਖਾ ਬਾਜ਼ ਜਿਉ ਫਿਰੇ ਲਲੋਰਦਾ ਜੀ ।
ਆਇਆ ਖੁਸ਼ੀ ਦੇ ਨਾਲ ਦੋ ਚੰਦ ਹੋ ਕੇ, ਸੂਬਾਦਾਰ ਜਿਉ ਨਵਾਂ ਲਾਹੌਰ ਦਾ ਜੀ।
ਧੁੱਸ ਦੇ ਵਿਹੜੇ ਜਾ ਵੜਿਆ, ਹੱਥ ਕੀਤਾ ਸੂ ਸੰਨ੍ਹ ਦੇ ਚੋਰ ਦਾ ਜੀ।
ਜਾ ਅਲਖ ਵਜਾਇਕੇ ਨਾਦ ਫੂਕੇ, ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ।
ਅਨੀ ਖੇੜਿਆਂ ਦੀ ਪਿਆਰੀਏ ਵਹੁਟੀਏ ਨੀ, ਹੀਰੇ ਸੁਖ ਹੈ ਚਾਇ ਟਕੋਰਦਾ ਜੀ ।
ਵਾਰਿਸ ਸ਼ਾਹ ਹੁਣ ਅੱਗ ਨੂੰ ਪਈ ਫਵੀ, ਸ਼ਗਨ ਹੋਇਆ ਜੰਗ ਤੇ ਸ਼ੋਰ ਦਾ ਜੀ ।
(ਲਲੋਰਦਾ=ਲੂਰ ਲੂਰ ਕਰਦਾ,ਭਾਲਦਾ, ਦੋ ਚੰਦ=ਦੁਗਣਾ, ਲੁਤਪੁਤਾ=ਸੁਆਦਲਾ, ਟਕੋਰਦਾ=ਟਨਕਾਉਂਦਾ, ਟੁੱਹਦਾ)
ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ ।
ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ।
ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ ।
ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ।
(ਰਾਵਲਾ=ਇਹ ਜੋਗੀਆਂ ਦਾ ਫਿਰਕਾ ਹੈ ਜਿਸ ਬਾਬਤ ਕਥਾ ਪ੍ਰਚੱਲਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਨਾਥ ਦਾ ਚੇਲਾ ਹੋਇਆ, ਉਸ ਤੋਂ ਇਹ ਫਿਰਕਾ ਚਲਿਆ, ਕਾਈ=ਕਿਹੜੀ, ਪੋੜਦਾ=ਚੁਭੋਂਦਾ, ਸ਼ੁਤਰ=ਊਠ)
ਆ ਕੁਆਰੀਏ ਐਂਡ ਅਪਰਾਧਨੇ ਨੀ, ਧੱਕਾ ਦੇ ਨਾ ਹਿੱਕ ਦੇ ਜੋਰ ਦਾ ਨੀ ।
ਬੁੰਦੇ ਕੰਧਲੀ ਨਥਲੀ ਹੱਸ ਕੜੀਆਂ, ਬੈਸੇ ਰੂਪ ਬਣਾਇਕੇ ਮੋਰ ਦਾ ਨੀ ।
ਅਨੀ ਨੱਢੀਏ ਰਿੱਕਤਾਂ ਛੇੜ ਨਾਹੀਂ, ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ ।
ਵਾਰਿਸ ਸ਼ਾਹ ਫ਼ਕੀਰ ਗਰੀਬ ਉਤੇ, ਵੈਰ ਕੱਢਿਉਈ ਕਿਸੇ ਖੋਰ ਦਾ ਨੀ ।
(ਅਪਰਾਧਨ=ਜ਼ਾਲਮ, ਬੁੰਦੇ, ਨਥਲੀ, ਹਸ ਕੜੀਆਂ=ਗਹਿਨਿਆ ਦੇ ਨਾਂ, ਖੋਰ=ਖੋਰੀ)
ਕਲ੍ਹ ਜਾਇਕੇ ਨਾਲ ਚਵਾਇ ਚਾਵੜ, ਸਾਨੂੰ ਭੰਨ ਭੰਡਾਰ ਕਢਾਇਉ ਵੇ।
ਅੱਜ ਆਣ ਵੜਿਉ ਜਿੰਨ ਵਾਂਗ ਵਿਹੜੇ, ਵੈਰ ਕਲ੍ਹ ਦਾ ਆਣ ਜਗਾਇਉ ਵੇ ।
ਗਦੋਂ ਆਣ ਵੜਿਉ ਵਿੱਚ ਛੋਹਰਾਂ ਦੇ, ਕਿਨ੍ਹਾਂ ਸ਼ਾਮਤਾਂ ਆਣ ਫਹਾਇਉ ਵੇ।
ਵਾਰਿਸ ਸ਼ਾਹ ਰਜ਼ਾਇ ਦੇ ਕੰਮ ਵੇਖੋ, ਅੱਜ ਰੱਬ ਨੇ ਠੀਕ ਕੁਟਾਇਉ ਵੇ।
(ਭੰਨ=ਭੰਡ ਕੇ, ਛੋਹਰਾ= ਕੁੜੀਆਂ)
ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ।
ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ।
ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗੈਬ ਦੀਆਂ ਰਿੱਕਤਾਂ ਡਾਹੁਨੀ ਹੈਂ।
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ।
ਗੱਲ ਹੋ ਚੁੱਕੀ ਫੇਰ ਛੇੜਨੀ ਹੈ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ।
ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ।
ਰਾਹ ਜਾਂਦੜੇ ਫ਼ਕਰ ਖਹੇੜਣੀ ਹੈ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ।
ਘਰ ਪੇਈਅਤੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ।
ਆ ਵਾਸਤਾ ਈ ਨੈਣਾ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ।
ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ।
(ਸਾਖ=ਖੇਤੀ, ਨਹਿਰੀ=ਕੌੜ, ਢਗੀ ਵਹਿਰੀ...ਸਾਨ੍ਹਾਂ ਨੂੰ ਵਾਂਹਦੀ=ਮੱਛਰੀ ਹੋਈ ਗਾਂ ਸਾਨ੍ਹਾਂ ਤੇ ਚੜ੍ਹਦੀ ਹੈ, ਕਲ੍ਹਾ = ਝਗੜਾ)
ਅਨੀ ਸੁਣੋ ਭੈਣਾਂ ਕੋਈ ਛਿਟ ਜੋਗੀ, ਵੱਡੀ ਜੂਠ ਭੈੜਾ ਕਿਸੇ ਥਾਉਂ ਦਾ ਹੈ।
ਝਗੜੈਲ ਮਰਖਨਾਂ ਘੱਢ ਮੱਚੜ ਰੱਪੜ ਖੰਡ ਇਹ ਕਿਸੇ ਗਿਰਾਉਂ ਦਾ ਹੈ।
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ, ਇਹ ਵਾਕਿਫ ਹੀਰ ਦੇ ਨਾਉ ਦਾ ਹੈ।
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ, ਆਪੇ ਲਾਂਵਦਾ ਆਪ ਬੁਝਾਉਂਦਾ ਹੈ।
ਹੁਣੇ ਭੰਨ ਕੇ ਖੱਪਰੀ ਤੋੜ ਸੇਲ੍ਹੀ, ਨਾਲੇ ਜਟਾਂ ਦੀ ਜੂਟ ਖੁਹਾਉਂਦਾ ਹੈ।
ਜੇ ਮੈਂ ਉਠ ਕੇ ਪਾਣ ਪੱਤ ਲਾਹ ਸੁੱਟਾਂ, ਪੈਂਚ ਇਹ ਨਾ ਕਿਸੇ ਗਿਰਾਉਂ ਦਾ ਹੈ।
ਕੋਈ ਡੂਮ ਮੋਚੀ ਇੱਕੇ ਢੇਡ ਕੰਜਰ, ਇੱਥੇ ਚੂਹੜਾ ਕਿਸੇ ਸਰਾਉਂ ਦਾ ਹੈ।
ਵਾਰਿਸ ਸ਼ਾਹ ਮੀਆ ਵਾਹ ਲਾ ਰਹੀਆਂ, ਇਹ ਝਗੜਿਉ ਬਾਜ਼ ਨਾ ਆਉਂਦਾ ਹੈ।
(ਛਿਟ=ਬਹੁਤ ਬੁਰਾ,ਫਸਾਦੀ, ਘੰਡ=ਹੰਢਿਆ ਹੋਇਆ, ਰੱਪੜ ਖੰਡ=ਝਗੜਾਲੂ, ਰਪੜ ਜਮੀਨ ਵਰਗਾ, ਮਰਖਨਾ=ਮਾਰਨ ਖੰਡਾ, ਜੂਟ=ਜੂੜਾ, ਢੇਡ=ਢੀਠ, ਬੇਸਰਮ, ਬਾਜ ਨਹੀਂ ਆਉਂਦਾ=ਹਟਦਾ ਨਹੀਂ, ਟਲਦਾ ਨਹੀਂ)
ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ, ਮੱਥਾ ਮੁੰਨੀਏ ਕੜਮੀਏ ਭਾਗੀਏ ਨੀ ।
ਚੈਂਚਰ ਹਾਰੀਏ ਡਾਰੀਏ ਜੰਗ ਬਾਜੇ, ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ।
ਫਸਾਦ ਦੀ ਫ਼ੌਜ ਦੀਏ ਪੇਸ਼ਵਾਏ, ਸ਼ੈਤਾਨ ਦੀ ਲੱਕ ਤੜਾਗੀਏ ਨੀ।
ਅਸੀਂ ਜੱਟੀਆਂ ਨਾਲ ਜੇ ਕਰੋ ਝੇੜੇ, ਦੁਖ ਜੁਹਦ ਤੇ ਫ਼ਕਰ ਕਿਉਂ ਝਾਗੀਏ ਨੀ ।
ਮੱਥਾ ਡਾਹ ਨਾਹੀਂ ਆਓ ਛੱਡ ਪਿੱਛਾ, ਭੰਨੇ ਜਾਂਦੇ ਮਗਰ ਨਾਹੀ ਲਾਗੀਏ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜੀਏ, ਛੱਡ ਕਿਬਰ ਹੰਕਾਰ ਤਿਆਗੀਏ ਨੀ ।
(ਮੱਥਾ ਮੁੰਨੀ=ਸਿਰ ਮੁੰਨੀ, ਕੜਮੀ=ਮੰਦਭਾਗੀ, ਛੱਪਰ ਨੱਕੀ= ਬਦਸੂਰਤ, ਬੁਰੇ ਤੇ ਲਾਗੀਏ=ਮਾੜੇ ਕੰਮਾਂ ਤੇ ਲੱਗੀ ਹੋਈ, ਪੇਸ਼ਵਾ = ਆਗੂ, ਦੱਖਣੀ ਭਾਰਤ ਵਿੱਚ ਮਰਹੱਟਿਆਂ ਦੇ ਲੀਡਰ ਨੂੰ ਪੇਸ਼ਵਾ ਕਿਹਾ ਜਾਂਦਾ ਸੀ, ਲੱਕ ਤੜਾਗੀ=ਲੱਕ ਦੀ ਤੜਾਗੀ, ਗੂੜ੍ਹਾ ਸਾਥੀ, ਭੰਨੇ =ਦੌੜੇ, ਭੱਜੇ)