ਚੁੱਕੀ- ਹਾਨਿਆਂ ਵਿੱਚ ਵਿਚਾਰ ਪੌਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨੀ ।
ਕਮਜ਼ਾਤ ਕੁਪੱਤੜਾ ਢੀਠ ਬੈਂਡਾ, ਡਿੱਬੀਪੁਰੇ ਦੇ ਨਾਲ ਦੀ ਚੱਠ ਹੈ ਨੀ ।
ਭੇੜੂਕਾਰ ਘੁਠਾ ਠੱਗ ਮਾਝੜੇ ਦਾ, ਜੈਂਦਾ ਰੰਨ ਯਰੋਲੀ ਦਾ ਹੱਠ ਹੈ ਨੀ।
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ, ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ ।
ਮੁਸਟੰਡੜੇ ਤੁਰਤ ਪਛਾਣ ਲਈਦੇ, ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ ।
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ, ਇਹ ਚੌਧਰੀ ਚੌੜ ਚੁਪੱਟ ਹੈ ਨੀ ।
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ, ਭਾਵੇਂ ਵੇਲਣੇ ਦੀ ਇਹ ਲਠ ਹੈ ਨੀ ।
ਵਾਰਿਸ ਸ਼ਾਹ ਹੈ ਇਹ ਤੇ ਰਸ ਮਿੱਠਾ, ਏਹ ਤਾਂ ਕਾਠੇ ਕਮਾਦ ਦੀ ਗੱਠ ਹੈ ਨੀ ।
(ਚੱਕੀ ਹਾਣਾ=ਜਿੱਥੇ ਬੰਦੇ ਇਕੱਠੇ ਹੁੰਦੇ ਹਨ, ਭੱਠ=ਦਾਣੇ ਆਦਿ ਭੁੰਨਣ ਦੀ ਵੱਡੀ ਭੱਠੀ, ਬੈਂਡਾ=ਖੁੰਢਾ, ਚਠ=ਚੁੜੇਲ, ਯਰੋਲੀ = ਯਾਰ, ਹਠ=ਜਿਦ, ਹਸ਼ਧਾਤ=ਹਸਤਧਾਤ, ਅਠਧਾਤਾ 1. ਸੋਨਾ, 2 ਚਾਂਦੀ, 3. ਲੋਹਾ, 4. ਤਾਂਬਾ, 5. ਜਿਸਤ, 6. ਪਿੱਤਲ, 7. ਸਿੱਕਾ ਅਤੇ 8 ਟੀਨ, ਕਾਠਾ=ਸਖ਼ਤ ਕਮਾਦ)
ਵਿਹੜੇ ਵਾਲੀਆਂ ਦਾਨੀਆਂ ਆਣ ਖੜੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ।
ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ ।
ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ ।
ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ।
ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਵਦੇ ਨੀ।
ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ ।
(ਦਾਨੀਆਂ=ਅਕਲ ਵਾਲੀਆਂ, ਲੁਝਦੀ=ਲੜਦੀ)
ਨੈਣਾ ਹੀਰ ਦਿਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ ।
ਜਿਵੇਂ ਖ਼ਸਮ ਕੁਪੱਤੜਾ ਰੰਨ ਭੰਡੇ, ਕੀਤੀ ਗੱਲ ਨੂੰ ਪਿਆ ਘਸੀਟਦਾ ਈ ।
ਰੰਨਾਂ ਗੁੰਡੀਆਂ ਵਾਂਗ ਫ਼ਰਫ਼ੇਜ ਕਰਦਾ, ਤੋੜਣ ਹਾਰੜਾ ਲੱਗੜੀ ਪ੍ਰੀਤ ਦਾ ਈ।
ਘਤ ਘਗਰੀ ਬਹੇ ਇਹ ਵੱਡਾ ਠੇਠਰ, ਇਹ ਉਸਤਾਦੜਾ ਕਿਸੇ ਮਸੀਤ ਦਾ ਈ।
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ ।
ਇੱਕ ਖ਼ੈਰ-ਹੱਥਾ ਨਹੀਂ ਇਹ ਰਾਵਲ, ਇੱਕੇ ਚੇਲੜਾ ਕਿਸੇ ਪਲੀਤ ਦਾ ਈ।
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਈ।
ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ।
(ਫਰਫੇਜ=ਫਰੇਬ, ਘਗਰੀ ਘਤ ਬਹਿਣਾ=ਡੇਰਾ ਲਾ ਲੈਣਾ, ਠੇਠਰ =ਗੰਵਾਰ, ਅਤੀਤ=ਜੋਗੀ, ਅੰਤਰਾ=ਗੀਤ ਦੇ ਦੋ ਹਿੱਸੇ ਹਨ, ਇੱਕ ਮੁੜ ਮੁੜ ਦੁਹਰਾਇਆ ਜਾਣ ਵਾਲਾ ਦੂਜਾ ਅੰਤਰਾ)
ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ ।
ਹੁਨਰ ਝੂਠ ਕਮਾਨ ਲਹੌਰ ਜੇਹੀ, ਅਤੇ ਕਾਂਵਰੂ ਜੇਡ ਨਾ ਸਿਹਰ ਹੈ ਨੀ।
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ, ਉਹ ਨਮਰੂਦ ਦੀ ਥਾਉਂ ਬੇ ਮਿਹਰ ਹੈ ਨੀ ।
ਨਕਸ਼ ਚੀਨ ਤੇ ਮੁਸ਼ਕ ਨਾ ਖੁਤਨ ਜੇਹਾ, ਯੂਸਫ਼ ਜੇਡ ਨਾ ਕਿਸੇ ਦਾ ਚਿਹਰ ਹੈ ਨੀ ।
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ।
ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ।
(ਕਾਂਵਰੂ = ਕਾਮਰੂਪ,ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਟੂਣੇ ਲਈ ਮਸ਼ਹੂਰ ਹੈ, ਚਿਹਰ=ਚਿਹਰਾ, ਕਾਮਣ=ਜਾਦੂ ਟੂਣੇ ਵਾਲੀ, ਵਿਹਰ=ਦੁੱਖ)
ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ, ਜਗ ਆਂਵਦਾ ਨਜ਼ਰ ਜ਼ਹੂਰ ਜੇਹਾ ।
ਦਸਤਾਰ ਬਜਵਾੜਿਉ ਖੂਬ ਆਵੇ, ਅਤੇ ਬਾਫ਼ਤਾ ਨਹੀਂ ਕਸੂਰ ਜੇਹਾ ।
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ, ਨਹੀਂ ਚਾਨਣਾ ਚੰਦ ਦੇ ਨੂਰ ਜੇਹਾ ।
ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ, ਅਤੇ ਢੋਲ ਨਾ ਸੌਂਹਦਾ ਦੂਰ ਜੇਹਾ ।
ਨਹੀਂ ਰੰਨ ਕੁਲੱਛਣੀ ਤੁਧ ਜੇਹੀ, ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ ।
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ, ਅਤੇ ਸੁਹਣਾ ਹੋਰ ਨਾ ਤੂਰ ਜੇਹਾ ।
ਖੇੜਿਆਂ ਜੇਡ ਨਾ ਨੇਕ ਨਸੀਬ ਕੋਈ, ਕੋਈ ਥਾਉਂ ਨਾ ਬੈਤੁਲ ਮਾਮੂਰ ਜੇਹਾ ।
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ, ਬੁਰਾ ਨਹੀਂ ਹੈ ਕੰਮ ਫਤੂਰ ਜੇਹਾ ।
ਹਿੰਗ ਜੇਡ ਨਾ ਹੋਰ ਬਦਬੂ ਕੋਈ, ਬਾਸਦਾਰ ਨਾ ਹੋਰ ਕਚੂਰ ਜੇਹਾ ।
ਵਾਰਿਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ, ਕੋਈ ਤਾਓ ਨਾ ਤਪਤ ਤੰਦੂਰ ਜੇਹਾ ।
(ਦਸਤਾਰ=ਪਗੜੀ, ਬਾਫ਼ਤਾ =ਰੇਸ਼ਮ ਦਾ ਕੱਪੜਾ, ਕੁਲੱਛਣੀ =ਭੈੜੇ ਲੱਛਣਾ ਵਾਲੀ, ਜਲਜ਼ਲਾ = ਭੁਚਾਲ, ਹਸ਼ਰ=ਕਿਆਮਤ, ਸੂਰ =ਬਿਗਲ, ਬੈਤੁਲਮਾਮੂਰ =ਚੌਥੇ ਅਸਮਾਨ ਉਪਰੇ ਜ਼ਮੁਰਦ ਦੀ ਬਣੀ ਇੱਕ ਮਸਜਿਦ ਕਹਿੰਦੇ ਹਨ ਕਿ ਜੇ ਕਰ ਕੋਈ ਚੀਜ਼ ਓਥੋਂ ਡਿਗ ਪਵੇ ਤਾਂ ਉਹ ਕਾਅਬੇ ਦੀ ਛਤ 'ਤੇ ਆ ਟਿਕਦੀ ਹੈ। ਫਤੂਰ=ਫਸਾਦ, ਖਰਾਬੀ, ਕਚੂ= ਕਾਫੂਰ)
ਜੋਗ ਦੱਸ ਖਾਂ ਕਿੱਧਰੇ ਹੋਇਆ ਪੈਦਾ, ਕਿੱਥੋਂ ਹੋਇਆ ਸੰਦਾਸ ਬੈਰਾਗ ਹੈ ਵੇ ।
ਕੇਤੀ ਰਾਹ ਹੈਂ ਜੋਗ ਦੇ ਦੱਸ ਖਾਂ ਵੇ, ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ ।
ਇਹ ਖੱਪਰੀ ਸੇਲ੍ਹੀਆਂ ਨਾਦ ਕਿੱਥੋਂ, ਕਿਸ ਬੱਧਿਆ ਜਟਾਂ ਦੀ ਪਾਗ ਹੈ ਵੇ ।
ਵਾਰਿਸ ਸ਼ਾਹ ਭਿਬੂਤ ਕਿਸ ਕੱਢਿਆ ਈ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ ।
(ਸੰਦਾਸ=ਸਨਿਆਸ, ਕੇਤੀ =ਕਿੰਨੇ, ਪਾਗ=ਪਗੜੀ, ਭਿਬੂਤ=ਸਰੀਰ ਉਤੇ ਮਲੀ ਜਾਣ ਵਾਲੀ ਸੁਆਹ)