

ਜਾਲ ਓਹਦੇ ਉਦਾਲੇ ਤਣੀ ਜਾ ਰਹੀ ਸੀ। ਏਸ ਯਤਨ ਵਿੱਚ ਸੱਸ ਵੀ ਬੜੇ ਸੁਚੱਜੇ ਢੰਗ ਨਾਲ ਨੀਂਹ ਦੀ ਸਹਾਇਤਾ ਕਰ ਰਹੀ ਸੀ। ਆਉਂਦੇ ਪਿਆਰੇ ਨੂੰ ਵੇਖ ਕੇ ਦਲੀਪ ਕੌਰ ਨੀਂਹ ਨੂੰ ਹੁਕਮ ਦੇਂਦੀ, "ਉੱਠ ਕੁੜੀਏ! ਪਾਣੀ ਦਿਹ ਪਿਆਰੇ ਨੂੰ। ਬਾਹਰੋਂ ਆਏ ਆਦਮੀ ਨੂੰ ਤੇਹ ਲੱਗੀ ਹੁੰਦੀ ਏ। ਏਸ ਗੱਲ ਦਾ ਜ਼ਨਾਨੀ ਨੂੰ ਸਦਾ ਖ਼ਿਆਲ ਰੱਖਣਾ ਚਾਹੀਦਾ ਏ।"
ਏਨੀ ਕੁ ਹੱਲਾਸ਼ੇਰੀ ਪਾ ਕੇ ਜਸਬੀਰ ਵੀ ਕੁਛ ਦਲੇਰ ਹੁੰਦੀ ਜਾ ਰਹੀ ਸੀ। ਉਹ ਖਿੜੇ ਚਿਹਰੇ ਨਾਲ ਪਤੀ ਦਾ ਸਵਾਗਤ ਕਰਦੀ ਹੋਈ ਕਹਿੰਦੀ, "ਲੋ, ਤੁਸੀਂ ਬਹਿ ਕੇ ਪਾਣੀ ਪੀਉ। ਪੰਜਾਲੀ ਮੈਂ ਲਾਹ ਲੈਂਦੀ ਆਂ।"
"ਤੂੰ ਲਾਹ ਲਵੇਂਗੀ ?"
"ਕਿਉਂ ਮੈਂ ਜੱਟਾਂ ਦੀ ਧੀ ਨਹੀਂ ? ਮਾਂ ਜੀ ਨਹੀਂ ਮੰਨਦੇ। ਨਹੀਂ ਤਾਂ ਮੈਂ ਰੋਟੀ ਲੈ ਕੇ ਆਵਾਂ ਤਾਂ ਕੋਲੋਂ ਗੁੱਠਾਂ ਵੀ ਗੋਡ ਦਿਆਂ ਕਰਾਂ।"
"ਵਾਹ ਭਈ । ਫੇਰ ਤਾਂ....।"
"ਵਿਚਾਰੀ ਮਰਨ ਵਾਲੀ ਭਾਬੀ ਹਰ ਵੇਲੇ ਮੈਨੂੰ ਸਮਝਾਇਆ ਕਰਦੀ ਸੀ। ਆਖਣਾ ਵੇਖ ਜਸਬੀਰ! ਪਤੀ ਪਰਮੇਸ਼ਰ ਹੁੰਦਾ ਏ। ਉਹਦੀ ਪੂਜਾ ਕਰਨੀ ਚਾਹੀਦੀ ਏ ਤੇ ਲੋਕ-ਵਿਖਾਵੇ ਵਜੋਂ ਪੈਰੀਂ ਹੱਥ ਲਾ ਛੱਡਣ ਦਾ ਨਾਂ ਪੂਜਾ ਨਹੀਂ, ਸਗੋਂ ਹਰ ਕੰਮ ਵਿੱਚ ਬੰਦੇ ਦਾ ਭਾਰ ਵੰਡੌਣਾ ਚਾਹੀਦਾ ਏ। ਦੁੱਖ-ਸੁੱਖ ਵਿੱਚ ਪੂਰਾ ਸਾਥ ਦੇਣਾ ਚਾਹੀਦਾ ਏ। ਉਹ ਭਾਊ ਨਾਲ ਸਾਰਾ ਕੰਮ ਕਰਦੀ ਹੁੰਦੀ ਸੀ। ਮੈਨੂੰ ਵੀ ਤੁਸੀਂ ਕਮਜ਼ੋਰ ਨਾ ਸਮਝਿਓ। ਮੈਂ ਹਰ ਕੰਮ ਤੁਹਾਡੇ ਮੋਢੇ ਨਾਲ ਮੋਢਾ ਡਾਹ ਕੇ ਕਰਾਂਗੀ। ਹਾਂ, ਤੁਹਾਡੀ ਜਸਬੀਰ ਕਿਸੇ ਗੱਲੋਂ ਮਾੜੀ ਨਹੀਂ। ਬੱਸ, ਤੁਹਾਡੇ ਵੱਲੋਂ ਹੱਲਾਸ਼ੇਰੀ ਚਾਹੀਦੀ ਏ।" ਇਕ ਦਿਨ ਜਸਬੀਰ ਨੇ ਬੜੇ ਨਖ਼ਰੇ ਨਾਲ ਸੁਰਮੇ ਵਾਲੀਆਂ ਅੱਖਾਂ ਮਟਕਾ ਕੇ ਕਿਹਾ।
ਪਲ ਦਾ ਪਲ ਪਿਆਰਾ ਜਸਬੀਰ ਵੱਲੋਂ ਵਿਹੰਦਾ ਹੀ ਰਹਿ ਗਿਆ। ਉਸ ਦਿਨ ਉਹਨੂੰ ਉਹ ਪੂਰੀ ਮੁਟਿਆਰ ਦੇ ਰੂਪ ਵਿੱਚ ਦਿੱਸੀ, ਪਿਆਰ ਵਿੱਚ ਧੜਕਦੇ ਦਿਲ ਵਾਲੀ ਭਰਪੂਰ ਜਵਾਨੀ।
ਪਿਆਰੇ ਦੇ ਦਿਲ ਵਿੱਚ ਜਸਬੀਰ ਆਪਣੀ ਥਾਂ ਬਣਾਉਂਦੀ ਜਾ ਰਹੀ ਸੀ। ਉਹਨੂੰ ਦਰਵਾਜ਼ਾ ਲੱਭ ਪਿਆ ਸੀ, ਉਸ ਮੰਦਰ ਅੰਦਰ ਦਾਖ਼ਲ ਹੋਣ ਦਾ। ਇਕ ਰਾਤ ਪਤੀ ਦੇ ਮੰਜੇ 'ਤੇ ਬੈਠੀ ਉਹਦੀ ਚੌੜੀ ਛਾਤੀ ’ਤੇ ਪਿਆਰ ਨਾਲ ਹੱਥ ਫੇਰ ਰਹੀ ਸੀ। ਉਹਨੇ ਪਤੀ ਦੇ ਚਿਹਰੇ ਉੱਤੇ ਝੁਕ ਕੇ ਚੰਦ ਦੇ ਚਾਨਣੇ ਉਹਦੀਆਂ ਅੱਖਾਂ ਵਿੱਚ ਤਕਦਿਆਂ ਪੁੱਛਿਆ, "ਸੱਚ ਦੱਸਣਾ, ਨੂਰਾਂ ਬਹੁਤ ਸੋਹਣੀ ਸੀ ?"