

"ਜੰਗ ਵਿੱਚ ਵੇਖੋ ਜਾਣਗੇ
ਮੱਲ, ਕੱਚਿਆਂ ਦੁੱਧਾਂ ਦੇ ਪਾਲੇ।"
ਇੱਕ ਗੱਭਰੂ ਉੱਚੀ ਬਾਂਹ ਕਰਕੇ ਬੋਲੀ ਪਾਉਂਦਾ।
"ਹੋਅ-ਹੋਂਅ, ਹੋਅ-ਅ। ਕੱਚਿਆਂ ਦੁੱਧਾਂ ਦੇ ਪਾਲੇ-ਇ।"
ਪਿੱਛੋਂ ਸਾਰੀ ਟੋਲੀ ਅਸਮਾਨ ਸਿਰ 'ਤੇ ਚੁੱਕ ਲੈਂਦੀ। ਆਖ਼ਰ ਜਵਾਨੀ ਕਿਵੇਂ ਲੁਕੀ ਰਹੇ। ਫਿਰ ਉਹਨਾਂ ਦੀ ਜਵਾਨੀ ਦਾ ਕੀ ਪੁੱਛਣਾ ਜਿਨ੍ਹਾਂ ਨੂੰ ਧੌਲੇ ਆ ਜਾਣ 'ਤੇ ਵੀ 'ਫ਼ੌਜੀ ਜਵਾਨ' ਹੀ ਕਿਹਾ ਜਾਂਦਾ ਹੈ।
ਇੱਕ ਰਾਤ ਪਠਾਨਕੋਟ ਗੁਜ਼ਾਰ ਕੇ ਉਹ ਫ਼ੌਜ ਅਗਲੀ ਸ਼ਾਮ ਨੂੰ ਜੰਮੂ ਜਾ ਪਹੁੰਚੀ। ਇੱਕ ਹਫ਼ਤਾ ਉਸਨੂੰ ਜੰਮੂ ਵਿੱਚ ਹੀ ਰੁਕਣਾ ਪਿਆ। ਇਸ ਸਮੇਂ ਜਵਾਨਾਂ ਵਿੱਚ ਕਈ ਕਿਸਮ ਦਾ ਵਿਚਾਰ-ਵਟਾਂਦਰਾ ਹੁੰਦਾ ਰਿਹਾ।
"ਲੈ ਉ ਪਿਆਰਾ ਸਿੰਹਾਂ! ਸ਼ੈਦ ਤੇਰੇ ਮਨ ਦੀ ਮੁਰਾਦ ਪੂਰੀ ਹੋ ਈ ਜਾਵੇ। ਮਲੂਮ ਹੁੰਦਾ ਏ ਸਾਨੂੰ ਅਗਾਂ ਲੱਦਾਖ਼ ਭੇਜਣ ਦਾ ਪਰੋਗਰਾਮ ਬਦਲ ਗਿਆ ਏ। ਸ਼ੈਦ ਪਾਕਿਸਤਾਨ ਦੇ ਹਮਲੇ ਦਾ ਖ਼ਤਰਾ ਵਧ ਗਿਆ ਏ। ਪਾਕਸਤਾਨੀ ਲੀਡਰਾਂ ਨੂੰ ਜੰਗੀ ਬੁਖ਼ਾਰ ਸ਼ੁਰੂ ਹੋ ਗਿਆ ਏ। ਇੱਕ ਪਾਸੇ ਉਹਨਾਂ ਸਾਰੀ ਫ਼ੌਜ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਏ ਤੇ ਨਾਲ ਹੀ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਏ। ਇਉਂ ਸਮਝੋ ਕਿ ਬੱਸ ਸਾਰੇ ਮੁਲਕ ਵਿੱਚ ਲਾਮਬੰਦੀ। ਏਸ ਵਾਸਤੇ ਬੈਦ ਸਾਨੂੰ ਸਿਆਲਕੋਟ ਵੱਲ ਮੂੰਹ ਕਰਨ ਦਾ ਹੁਕਮ ਮਿਲ ਜਾਵੇ।"
"ਫੇਰ ਤਾਂ ਬਾਬਾ। ਰੀਝਾਂ ਲਾਹ ਲਈਏ ਕੋਰਾਂ। ਮੁਖ : ਵੇਖੇ ਨਾ ਜਵਾਨਾਂ ਦੇ ਹੱਥ।" ਪਿਆਰਾ ਸਿੰਘ ਦਾ ਚਿਹਰਾ ਜੋਸ਼ ਨਾਲ ਲਾਲ ਤੋਂ ਸੂਹਾ ਹੋ ਗਿਆ।
"ਨੂਰਾਂ ਫੇਰ ਵੀ ਤੇਰੇ ਹੱਥ ਨਹੀਂ ਔਣੀ। ਖ਼ੁਸ਼ੀ ਕੱਛਾਂ ਮਾਰ।" ਭੇਤੀ ਮਿੱਤਰ ਸੁੱਚਾ ਸਿੰਘ ਨੇ ਠੱਠ ਨਾਲ ਕਿਹਾ।
"ਤੇ ਹੁਣ ਨੂਰਾਂ ਵਿੱਚ ਪਿਆ ਵੀ ਕੀ ਹੋਣਾ ਏਂ? ਜ਼ਨਾਨੀ ਤਾਂ ਦੂਜੇ ਸੂਏ ਖਾਂਘੜ ਹੋ ਜਾਂਦੀ ਏ।" ਬਾਬਾ ਬੇਲਾ ਸਿੰਘ ਨੇ ਵੱਡੇ ਤਜਰਬੇਕਾਰਾਂ ਵਾਂਗ ਕਿਹਾ। ਉਹ ਚੋਖੀ ਵਡੇਰੀ ਉਮਰ ਦਾ ਹੁੰਦਾ ਹੋਇਆ ਵੀ ਮੁੰਡਿਆਂ ਨਾਲ ਮੁੰਡਾ ਹੀ ਸੀ। ਉਹ ਕੰਮ ਵੇਲੇ ਹੌਲਦਾਰ ਸੀ, ਪਰ ਅੱਗੇ ਪਿੱਛੇ ਗੱਭਰੂਆਂ ਨਾਲ ਯਾਰਾਂ ਦਾ ਯਾਰ।
"ਤੇ ਬਰਕੀ ਦੀ ਜੰਮੀ ਪਲੀ ਨੂਰਾਂ ਨੇ ਤਾਂ ਹੁਣ ਤਕ ਦਰਜਨ ਪੂਰੀ ਕੀਤੀ ਹੋਣੀ ਏਂ।" ਸੁੱਚਾ ਸਿੰਘ ਨੇ ਫੇਰ ਟਕੋਰ ਕੀਤੀ।
"ਉਇ ਸੁੱਚਿਆ। ਬਾਜ ਆ ਜਾਹ ਇਲਤਾਂ ਤੋਂ। ਨਹੀਂ ਤਾਂ ਜਾਣਦਾ ਏਂ ਫਿਰ ਤੂੰ ਮੇਰੇ ਹੱਥਾਂ ਨੂੰ।" ਪਿਆਰਾ ਸਿੰਘ ਨੇ ਮੱਥੇ 'ਤੇ ਤਿਉੜੀ ਪਾ ਕੇ ਕਿਹਾ।