

ਜਵਾਨ ਤਾਂ ਇਹਨਾਂ ਨੂੰ ਰੱਬ ਦੇਵੇ। ਫ਼ੌਜ ਵੀ ਇੱਕ ਕਿਸਮ ਦਾ ਜਤੀਆਂ ਦਾ ਡੇਰਾ ਹੁੰਦਾ ਏ। ਸਮਝੇ ?" ਹੋਲਦਾਰ ਬੇਲਾ ਸਿੰਘ ਨੇ ਜਵਾਨਾਂ ਨੂੰ ਚੇਤਾਵਨੀ ਦੇਂਦਿਆਂ ਕਿਹਾ।
"ਬਾਬਾ! ਫ਼ਿਕਰ ਨਾ ਕਰ। ਅਸੀਂ ਤਾਂ ਸਾਰੇ ਜਤੀ ਵਰਗੇ ਆਂ।" ਸੁੱਚਾ ਸਿੰਘ ਨੇ ਬਾਬੇ ਨੂੰ ਭਰੋਸਾ ਦੁਆਉਂਦਿਆਂ ਕਿਹਾ।
"ਤਾਹੀਏਂ ਤਾਂ ਰਾਣੀ ਸੁੰਦਰਾਂ ਦਾ ਡਰ ਏ। ਨਹੀਂ ਤਾਂ ਵੀਹ ਕੰਨ-ਪਾਟੇ ਧੱਕੇ ਖਾਂਦੇ ਫਿਰਦੇ ਨੇ, ਕੌਣ ਪੁੱਛਦਾ ਏ।"
"ਬਾਬਾ। ਤੂੰ ਵੀ ਜਵਾਨੀ ਵਾਰੇ ਪੂਰਨ ਜੋਗੀ ਨਾਲੋਂ ਘੱਟ ਨਹੀਂ ਹੁੰਦਾ ਹੋਣਾ।" ਕੋਲੋਂ ਬਾਲਮ ਰਾਮ ਨੇ ਹੌਲਦਾਰ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ।
"ਵਾਹ ਉਇ ਬਾਲਮਾ। ਚੋਖਾ ਈ ਭਈ ਇਹ ਵੀ।" ਹੌਲਦਾਰ ਨੇ ਉਹਦੇ ਨਾਲ ਨਿਗਾ ਮਿਲਾਉਂਦਿਆਂ ਹੱਸ ਕੇ ਕਿਹਾ।
"ਬਾਬਾ! ਕਦੇ ਰਕਾਰਡ ਸੁਣਿਆ ਈ ਕਿ ਨਹੀਂ.. "ਹਾਇ ਨੀ ਮੇਰਾ ਬਾਲਮ, ਹਾਇ ਨੀ, ਮੇਰਾ ਜ਼ਾਲਮ।" ਤਾਰਾ ਚੰਦ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ।
ਹਿਮਾਲਾ ਦੀਆਂ ਚੋਟੀਆਂ ਉੱਤੇ ਅੱਗ ਬਲ ਰਹੀ ਸੀ। ਜ਼ਿੰਦਗੀ ਮੌਤ ਨਾਲ ਗਲਵਕੜੀਆਂ ਪਾ ਰਹੀ ਸੀ। ਚੀਨੇ ਚਸੂਲ 'ਤੇ ਕਬਜ਼ਾ ਕਰਨ ਵਾਸਤੇ ਤੇ ਭਾਰਤੀ ਜਵਾਨ ਉਸਦੀ ਰੱਖਿਆ ਕਰਨ ਵਾਸਤੇ ਲਹੂ ਦੀ ਹੋਲੀ ਖੇਡ ਰਹੇ ਸਨ। ਦੁੱਧ ਚਿੱਟੀਆਂ ਬਰਫ਼ ਕੱਜੀਆਂ ਚੋਟੀਆਂ ਨਵੇਂ ਸੂਰਜ ਸੂਹੇ ਸਾਹਲੂ ਪਹਿਨ ਕੇ ਫੱਬ ਫੱਬ ਬਹਿੰਦੀਆਂ ਸਨ, ਪਰ ਫ਼ੌਜੀ ਜਵਾਨਾਂ ਦੇ ਮਨ 'ਤੇ ਇਸ ਦਾ ਕੋਈ ਭੈ ਨਹੀਂ ਸੀ। ਉਹ ਤਾਂ ਮੌਤ ਨੂੰ ਇੱਕ ਖੇਡ ਸਮਝ ਕੇ ਤਿਆਰ ਬੈਠੇ ਸਨ; ਸਗੋਂ ਕਿਸੇ ਕਿਸੇ ਵੇਲੇ ਤਾਂ ਕੁਛ ਮਨਚਲੇ ਗੱਭਰੂ ਕਾਹਲੇ ਵੀ ਪੈ ਜਾਂਦੇ। ਉਹ ਹੌਲਦਾਰ ਨੂੰ ਪੁੱਛਦੇ "ਕਿਉਂ ਬਾਬਾ। ਫਿਰ ਕਿਸ ਦਿਨ ਲੱਦਾਖ਼ 'ਤੇ ਚੜ੍ਹਾਈ ਕਰਨੀ ਏਂ ? ਐਵੇਂ ਫੋਕੇ ਫੇਰ ਕਰ ਕਰਕੇ ਅੱਕੇ ਪਏ ਆਂ, ਕਿਤੇ ਸੱਚੇ ਫੈਰ ਕਰਕੇ ਵੀ ਵੇਖ ਲਈਏ।"
ਅਗਲੇ ਦਿਨ ਸਿਰੀ ਨਗਰ ਵਿੱਚ ਪਹਿਲਾਂ ਦੀ ਟਿਕੀ ਹੋਈ ਫ਼ੌਜ ਲੱਦਾਖ਼ ਵੱਲ ਤੁਰ ਗਈ। ਉਹਦੀ ਕਮੀ ਨੂੰ ਪੂਰਾ ਕਰਨ ਲਈ ਪਿੱਛੋਂ ਹੋਰ ਜਵਾਨ ਆ ਗਏ।
"ਲਉ ਬਈ ਮੁੰਡਿਓ। ਹੁਣ ਆਵੇਗੀ ਆਪਣੀ ਵਾਰੀ। ਸੁਣਿਆ ਏਂ ਹੁਣ ਸਾਡੇ ਕੋਲ ਨਵੇਂ ਹਥਿਆਰ ਵੀ ਆ ਗਏ ਨੇ। ਹੁਣ ਸੁਆਦ ਆਵੇਗਾ ਟਾਕਰੇ ਦਾ।" ਹੌਲਦਾਰ ਬੇਲਾ ਸਿੰਘ ਨੇ ਗੱਭਰੂਆਂ ਵਾਲੇ ਹੌਸਲੇ ਨਾਲ ਕਿਹਾ।
"ਬਰਾਬਰ ਦੇ ਹਥਿਆਰ ਤੇ ਬਰਾਬਰ ਦੀਆਂ ਫ਼ੌਜਾਂ ਹੋਣ, ਤਾਂ ਸੁਆਦ ਵੀ ਫੇਰ ਆਉਂਦਾ ਏ। ਨਾਇਕ ਸਿਰੀ ਰਾਮ ਨੇ ਕੋਲੋਂ ਹੁੰਗਾਰਾ ਭਰਿਆ।