

ਦਿਨ ਦਾ ਰੌਲਾ ਨਹੀਂ, ਇਹ ਬੜੀ ਗਿਣੀ ਮਿਥੀ ਚਾਲ ਏ। ਪਿਛਲੇ ਦਿਨੀਂ ਕਲਕੱਤੇ ਵਿੱਚ ਜੋ ਕੁਝ ਹੋਇਆ ਏ, ਚੇਤੇ ਈ ਨਾ।"
"ਸ਼ਹਿਰੀਆਂ ਦੇ ਤਾਂ ਲਹੂ ਬੱਗੇ ਹੋਏ ਹੁੰਦੇ ਨੇ।" ਧਰਮ ਸਿੰਘ ਵਿੱਚੋਂ ਹੀ ਬੋਲ ਉੱਠਿਆ, "ਨਾ ਉਹਨਾਂ ਨੂੰ ਕਿਸੇ ਦਾ ਅੱਖ ਲਿਹਾਜ, ਨਾ ਕੋਈ ਬਰਾਦਰੀ ਭਾਈਚਾਰਾ। ਕੋਈ ਕਿਤੋਂ ਆ ਕੇ ਵੱਸਿਆ ਹੁੰਦਾ ਏ, ਕੋਈ ਕਿਤੋਂ। ਤੇ ਭਲਾ ਪਿੰਡਾਂ ਵਾਲੇ ਕਿਵੇਂ ਪਾਟ ਜਾਣਗੇ, ਜਿਨ੍ਹਾਂ ਦੀ ਮੁੱਢ ਕਦੀਮਾਂ ਦੀ ਸਾਂਝ ਏ।"
"ਭਲਿਆ ਲੋਕਾ! ਸਭ ਸਾਂਝਾਂ ਟੁੱਟ ਜਾਂਦੀਆਂ ਨੇ, ਜਦੋਂ ਸਿਆਸਤ ਈਮਾਨ ਉੱਤੇ ਹਾਵੀ ਹੋ ਜਾਂਦੀ ਏ।”
"ਉ ਛੱਡ ਠਾਂਹ! ਬੇਹੌਂਸਲਿਆਂ ਵਾਲੀਆਂ ਗੱਲਾਂ। ਕੀ ਕਰ ਲਏਗੀ ਕਿਸੇ ਦੀ ਸਿਆਸਤ ? ਕੀ ਮੈਂ ਤੈਨੂੰ ਮਾਰਨ ਵਾਸਤੇ ਤਿਆਰ ਹੋ ਜਾਵਾਂਗਾ, ਜਾਂ ਤੂੰ ਮੈਨੂੰ ਮਾਰਨ ਵਾਸਤੇ।" ਧਰਮ ਸਿੰਘ ਆਪਣਾ ਦੋਸਤੀ ਦਾ ਰਿਸ਼ਤਾ ਅਟੁੱਟ ਸਮਝਦਾ ਸੀ।
"ਠੀਕ ਏ। ਨਾ ਮੈਂ ਤੈਨੂੰ ਮਾਰਾਂਗਾ, ਨਾ ਤੂੰ ਮੈਨੂੰ, ਪਰ ਧਰਮ ਸਿੰਘ ਨੂੰ ਮਾਰਨ ਵਾਸਤੇ ਕੋਈ ਕਰਮਦੀਨ ਤਿਆਰ ਹੋ ਜਾਏਗਾ ਤੇ ਇਲਮਦੀਨ ਨੂੰ ਮਾਰਨ ਵਾਸਤੇ ਕੋਈ ਰਾਮ ਸਿੰਘ ਮੈਦਾਨ ਵਿੱਚ ਆ ਜਾਏਗਾ।"
"ਤੂੰ 'ਪਾਕਿਸਤਾਨ ਜ਼ਿੰਦਾਬਾਦ' ਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰਿਆਂ ਤੋਂ ਡਰ ਗਿਆ ਜਾਪਦਾ ਏਂ। ਇਹ ਤਾਂ ਅੰਞਾਣਿਆਂ ਵਾਲੀ ਚਾਰ ਦਿਨ ਦੀ ਖੇਡ ਏ। ਪਾ ਲੈਣ ਦਸ ਦਿਨ ਲੁੱਡੀ ਇਹ ਵਿਹਲੇ ਲੀਡਰ ਲੋਕ। ਹੋਰ ਪਾਕਸਤਾਨ ਬਣਨਾ ਬਨੌਣਾ ਕੋਈ ਨਹੀਂ।" ਧਰਮ ਸਿੰਘ ਨੂੰ ਵਾਪਰਨ ਵਾਲੀ ਭਾਵੀ 'ਤੇ ਯਕੀਨ ਨਹੀਂ ਸੀ।
"ਇਹ ਖ਼ਿਆਲ ਤੇਰਾ ਗ਼ਲਤ ਏ। ਪਾਕਿਸਤਾਨ ਜ਼ਰੂਰ ਬਣ ਜਾਣਾ ਏਂ।” ਪਿਛਲੇ ਦਿਨ ਇਲਮਦੀਨ ਜੋ ਲਾਹੌਰੋਂ ਸੁਣ ਕੇ ਆਇਆ ਸੀ, ਉਸ ਉੱਤੇ ਉਹਨੂੰ ਬਹੁਤ ਕੁਛ ਯਕੀਨ ਹੋ ਗਿਆ ਸੀ।
"ਪਰ ਮੈਂ ਆਹਨਾਂ ਬਣਾਵੇਗਾ ਕੌਣ ? ਪੀਹੜੀਆਂ ਤੋਂ ਕੱਠੇ ਵਸਦੇ ਆ ਰਹੇ ਹਿੰਦੂ ਮੁਸਲਮਾਨਾਂ ਨੂੰ ਵੱਖ-ਵੱਖ ਕੌਣ ਕਰੇਗਾ। ਮੈਂ ਨਹੀਂ ਮੰਨਦਾ।" ਧਰਮ ਸਿੰਘ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ।
“ਪਾਕਿਸਤਾਨ ਬਣਾਏਗਾ ਅੰਗਰੇਜ਼। ਬਣਾਉਣਗੇ ਹਿੰਦੂ ਤੇ ਮੁਸਲਮਾਨ ਆਪ ਧਰਮ ਸਿਹਾਂ! ਸਾਰਿਆਂ ਦੇ ਦਿਲ ਅੰਦਰੋ-ਅੰਦਰ ਦੂਰ ਹੋ ਚੁੱਕੇ ਨੇ।"
"ਤੇਰੀ ਗੱਲ ਮੰਨ ਲੈਂਦੇ ਆਂ। ਸਮਝ ਲਵੋ ਪਾਕਿਸਤਾਨ ਬਣ ਵੀ ਜਾਂਦਾ ਏ ਤਾਂ ਅਸੀਂ ਤੁਸੀਂ ਤਾਂ ਨਹੀਂ ਨਿੱਖੜ ਚੱਲੇ। ਪਾਕਿਸਤਾਨ 'ਤੇ ਜਿਨਾਹ ਰਾਜ ਕਰੇਗਾ ਪਿਆ ਤੇ ਹਿੰਦੁਸਤਾਨ 'ਤੇ ਨਹਿਰੂ। ਹਮਾਤੜਾਂ ਤੁਮ੍ਹਾਤੜਾਂ ਨੂੰ ਕੀ ਫ਼ਰਕ। ਆਪਾਂ