

"ਪਿਆਰਿਆ! ਪੁੱਤ, ਮੇਰੇ ਤੇ ਆਪਣੇ ਬਾਪੂ ਵੱਲੋ ਵੇਖ ਜਿਵੇਂ ਤੇਰਾ ਬਾਬਾ ਆਹੰਦਾ ਏ, ਉਹ ਸਿਆਣਾ ਏਂ ਨਾਲੇ ਐਸ ਵੇਲੇ ਤਾਂ ਰੱਬ ਉਰੇ ਏਸੇ ਦਾ ਆਸਰਾ ਏ।" ਦਲੀਪ ਕੌਰ ਨੇ ਅੱਖਾਂ ਪੂੰਝਦਿਆਂ ਕਿਹਾ। ਪ੍ਰੀਤੂ ਦਾ ਉਹਨੂੰ ਬੜਾ ਦੁੱਖ ਸੀ, ਪਰ ਇਕ ਪੁੱਤਰ ਪਿੱਛੇ ਉਹ ਦੂਸਰਾ ਵੀ ਹੱਥੋਂ ਗੁਆਉਣ ਵਾਸਤੇ ਤਿਆਰ ਨਹੀਂ ਸੀ।
"ਜਿਦ ਨਾ ਕਰ ਪਿਆਰਿਆ। ਇਲਮਦੀਨ ਮਰਦ ਆਦਮੀ ਏਂ। ਇਹਦੇ ਉੱਤੇ ਮੈਨੂੰ ਰੱਬ ਵਰਗਾ ਭਰੋਸਾ ਏ।" ਕੋਲੋਂ ਧਰਮ ਸਿੰਘ ਨੇ ਵੀ ਥੱਕੀ ਹੋਈ ਸੁਰ ਵਿੱਚ ਕਿਹਾ।
"ਮਖ, ਤੁਸੀਂ ਫ਼ਿਕਰ ਨਾ ਕਰੋ।" ਮੈਂ ਉਹਨੂੰ ਲੈ ਕੇ ਹੁਣੇ ਮਿਲਿਆ। ਇਲਮਦੀਨ ਨੇ ਹੌਸਲਾ ਦਿੱਤਾ।
"ਭੱਜੋ ਉਇ! ਨਿਕਲੋ ਜੀਹਨੂੰ ਜਾਨ ਦੀ ਲੋੜ ਹੈ। ਨਿਰੇ ਲੁਟੇਰੇ ਨਹੀਂ ਨਾਲ ਪਾਕਸਤਾਨੀ ਫ਼ੌਜ ਵੀ ਜੇ।" ਲਾਗੇ ਘਰਾਂ ਤੋਂ ਵਾਜ ਆਈ।
ਪਿੰਡ ਵਿੱਚੋਂ ਬਹੁਤ ਸਾਰੇ ਲੋਕ ਜੀ-ਭਿਆਣੇ ਭੱਜੇ ਆ ਰਹੇ ਹਨ। ਕਿਸੇ ਦੇ ਕੁੱਛੜ ਬਾਲ, ਕਿਸੇ ਦੇ ਸਿਰ 'ਤੇ ਪੰਡ, ਬੜਾ ਚੀਕ ਚਿਹਾੜਾ ਪਿਆ ਹੋਇਆ ਸੀ।
ਇਲਮਦੀਨ ਪਿਛਾਂਹ ਮੁੜ ਗਿਆ। ਧਰਮ ਸਿੰਘ ਹੋਰੀ ਟੁੱਟੇ ਹੋਏ ਦਿਲ ਨਾਲ ਅਗਾਂਹ ਤੁਰ ਪਏ। ਏਨੇ ਤਕ ਉਹਨਾਂ ਨਾਲ ਹੋਰ ਵੀ ਕਈ ਰਲ ਪਏ। ਪਿੰਡ ਦੀ ਲਹਿੰਦੀ ਬਾਹੀ ਦਾ ਰੌਲਾ ਅੱਧ ਤਕ ਅੱਪੜ ਪਿਆ ਸੀ। ਬੰਦੂਕਾਂ ਦੀ ਵਾਜ ਨਾਲ ਬੰਦਿਆਂ ਦਾ ਰੌਲਾ ਹੋਰ ਉੱਚਾ ਹੋ ਗਿਆ। ਦੋ ਤਿੰਨ ਥਾਵਾਂ 'ਤੇ ਅੱਗ ਨੇ ਹੋਰ ਵੀ ਉੱਚੀਆਂ ਲੰਬਾਂ ਛੱਡੀਆਂ। ਪਿੰਡ ਵੱਲੋ ਕੁਰਲਾਉਂਦੇ ਬਾਲ ਤੇ ਹਾਲ ਪਾਹਰਿਆ ਕਰਕੇ ਲੋਕ ਭੱਜੇ ਆ ਰਹੇ ਸਨ। ਕੁਛ ਲੋਕ ਪਿੱਛੇ ਹਿੱਕਾਂ ਡਾਹ ਕੇ ਟਾਕਰਾ ਵੀ ਕਰ ਰਹੇ ਸਨ, ਪਰ ਇਹ ਟਾਕਰਾ ਅੰਤਮ ਸਵੈ-ਰੱਖਿਆ ਵਾਸਤੇ ਹੀ ਸੀ।
ਪਿਆਰੇ ਹੋਰਾਂ ਚਾਲ ਹੋਰ ਤੇਜ਼ ਕਰ ਦਿੱਤੀ। ਹੁਣ ਕਿਸੇ ਵਿੱਚ ਏਨੀ ਹਿੰਮਤ ਵੀ ਨਹੀਂ ਸੀ ਕਿ ਕਿਸੇ ਪਿੱਛੇ ਰਹਿ ਗਏ ਨੂੰ ਆਪਣੇ ਨਾਲ ਰਲਾਉਣ ਵਾਸਤੇ ਦੋ ਪਲ ਠਹਿਰ ਸਕੇ। ਮੌਤ-ਭੈਅ ਥੱਲੇ ਨਿਹੱਥੇ ਇਨਸਾਨ ਜ਼ਿੰਦਗੀ ਦੀ ਸ਼ਰਣ ਲੈਣ ਵਾਸਤੇ ਨੱਸੇ ਜਾ ਰਹੇ ਹਨ।
ਇਲਮਦੀਨ ਦਾ ਘਰ ਪਿੰਡੋਂ ਦੱਖਣ ਦੀ ਬਾਹੀ ਬਾਹਰਵਾਰ ਸੀ। ਉਹ ਰਵਾਂ ਰਵੀਂ ਘਰ ਪਹੁੰਚਿਆ। "ਉਇ ਫੱਜਿਆ! ਪ੍ਰੀਤੂ ਏਧਰ ਏ ?" ਉਹਨੇ ਜਾਂਦੇ ਨੇ ਘਬਰਾਈ ਹੋਈ ਅਵਾਜ਼ ਵਿੱਚ ਪੁੱਛਿਆ।
“ਨਹੀਂ ਅੱਬਾ! ਏਧਰ ਤਾਂ ਨਹੀਂ ਆਇਆ। ਉਹ ਤਾਂ ਦਿਨ ਖਲੇ ਈ ਘਰ ਨੂੰ ਚਲਾ ਗਿਆ ਸੀ।” ਲੰਮਾ ਪਿਆ ਫਜਾ ਤਬਕ ਕੇ ਮੰਜੇ ਤੋਂ ਉਠ ਬੈਠਾ। ਚਿੰਤਾ ਨਾਲ ਉਹਦਾ ਦਿਲ ਧੜਕਣ ਲੱਗ ਪਿਆ।