

“ਸੜਕ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਏ।" ਇਲਮਦੀਨ ਸੜਕੋਂ ਸੱਜੇ ਹੱਥ ਨੂੰ ਹੋ ਤੁਰਿਆ। 'ਅੰਤ ਲੰਘਣਾ ਤਾਂ ਉਹਨਾਂ ਖਾਲੜੇ ਤੋਂ ਈ ਏ।
ਇਲਮਦੀਨ ਹੁਡਿਆਰੇ ਵਾਲੀ ਰੋਹੀ ਨੇੜੇ ਜਾ ਪੁੱਜਾ। ਬੰਦੂਕਾਂ ਦੀ ਵਾਜ ਤੇ ਆਦਮ ਰੌਲੇ ਨੇ ਉਹਦਾ ਦਿਲ ਹਿਲਾ ਦਿੱਤਾ। 'ਯਾ ਅੱਲਾਹ! ਇਨਸਾਨ ਇਨਸਾਨ ਦਾ ਵੈਰੀ ਕਿਉਂ ਬਣ ਗਿਆ ਏ ? ਇਹ ਤਾਂ ਸ਼ੈਤਾਨੀਅਤ ਏ। ਇਹ ਆਪਸ ਵਿੱਚ ਲੜਨ ਮਰਨ ਵਾਲੇ ਲੋਕ ਧਰਮੀ ਨੇ ਜਾਂ ਮੋਮਨ। ਉਹ ਬੰਦੇ ਕਿਹੜੇ ਨੇ, ਜਿਨ੍ਹਾਂ ਨੂੰ ਕਬੀਰ ਕਹਿੰਦਾ ਏ ਕੁਦਰਤ ਦੇ ਸਭ ਬੰਦੇ। ਉਫ਼ ! ਤੇਰੀ ਰਜ਼ਾ!'
ਇਲਮਦੀਨ ਚਾਰ ਪੰਜ ਪੈਲੀਆਂ ਸੱਜੇ ਹੱਥ ਹੋ ਕੇ ਬੜੀ ਮੁਸ਼ਕਲ ਨਾਲ ਰੋਹੀ ਲੰਘਿਆ। ਸੜਕ ਦੀ ਸੇਧ ਰੱਖ ਕੇ ਉਹ ਪੈਲੀਆਂ ਵਿਚ ਦੀ ਫ਼ਸਲਾਂ ਲਤਾੜਦਾ ਤੁਰਿਆ ਜਾ ਰਿਹਾ ਸੀ।
ਦਿਨ ਦੀ ਲਾਲੀ ਫੁੱਟਣ ਵਾਲੀ ਹੋ ਗਈ ਸੀ। ਇਲਮਦੀਨ ਦੇ ਕੰਨਾਂ ਵਿੱਚ ਜਾਣੀ-ਪਛਾਣੀ ਵਾਜ ਦੀ ਭਿਣਕ ਪਈ।
"ਬਾਪੂ! ਖਾਲੜਾ ਆ ਗਿਆ ਏ, ਪਰ ਅਜੇ ਬਾਬਾ ਇਲਮਦੀਨ ਨਹੀਂ ਆਇਆ।"
"ਉਹ ਜ਼ਰੂਰ ਆਵੇਗਾ। ਐਧਰ ਇਕ ਪਾਸੇ ਹੋ ਕੇ ਬਹਿ ਜੌ।"
ਇਲਮਦੀਨ ਵਾਜ ਦੀ ਸੇਧ 'ਤੇ ਹੋ ਤੁਰਿਆ। ਅੱਗੇ ਨਹਿਰ ਦੇ ਪੁਲ ਉੱਤੇ ਲੰਘਣ ਵਾਲਿਆਂ ਦੀ ਬੜੀ ਭੀੜ ਸੀ। ਜੌੜੇ ਜਨਮੇਂ ਦੋਹਾਂ ਦੇਸ਼ਾਂ ਦੀ ਪੁਲੀਸ ਲਹਿੰਦਿਉਂ ਚੜ੍ਹਦੇ ਤੇ ਚੜ੍ਹਦਿਓਂ ਲਹਿੰਦੇ ਦੇ ਵੱਲ ਜਾਣ ਵਾਲਿਆਂ ਨੂੰ ਵਾਰੀ-ਵਾਰੀ ਲੰਘਾਉਂਦੀ ਸੀ। ਹੱਦੋਂ ਪਾਰ ਹੋ ਕੇ ਜ਼ਿੰਦਗੀ ਦੀ ਆਸ ਨਾਲ ਜ਼ਰਾ ਮਨ ਧੀਰਜ ਧਰਦਾ। ਮੌਤ ਤੋਂ ਥੋੜ੍ਹਾ ਜੇਹਾ ਨਿਰਭੈ ਹੋ ਕੇ ਜੀਵਨ ਸਾਹ ਲੈਂਦਾ। ਕੁਝ ਮਨਚਲਿਆਂ ਦੇ ਗਲੇ ਵਿੱਚੋਂ ਵਾਜ ਫੁਟਦੀ :
“ਪਾਕਸਤਾਨ, ਜ਼ਿੰਦਾਬਾਦ।”
"ਆਜ਼ਾਦ ਭਾਰਤ ਜ਼ਿੰਦਾਬਾਦ।"
"ਖਾ ਗਈ ਖਸਮਾਂ ਨੂੰ ਇਹ ਅਜ਼ਾਦੀ। ਬੇਦੋਸ਼ਿਆਂ ਦਾ ਲਹੂ ਪੀਣੀ ਡੈਣ।"
"ਮਾਈ! ਕਿਉਂ ਗੁੱਸੇ ਹੁੰਦੀ ਏਂ ? ਮਰ-ਮਰ ਕੇ ਦੇਸ਼ ਆਜ਼ਾਦ ਹੋਇਆ ਏ।"
"ਚਾਂ ਨੂੰ ਗ਼ੁੱਸੇ ਹੁੰਦੀ ਆਂ ਪਈ? ਤੇਰਾ ਕੁਛ ਵਿਗੜਿਆ ਨਹੀਂ ਨਾ ਹੋਣਾ। ਨੱਖਤੇ ਲੀਡਰਾਂ ਨੇ ਮਾਰ ਘੱਤਿਆ।"
"ਸੱਚ ਆਹੰਦੀ ਏਂ ਮਾਈ। ਲੀਡਰਾਂ ਦਾ ਕੀ ਵਿਗੜਿਆ। ਮਾਰੇ ਗਏ ਸ਼ੁਹਦੇ ਗ਼ਰੀਬ।"
"ਭਈ! ਜੁਗ ਗਰਦੀ ਏਸੇ ਨੂੰ ਆਹੰਦੇ ਨੇ ਨਾ।"