6
ਸਮਾਜ ਤਬਦੀਲੀ ਦੇ ਚੌਰਾਹੇ 'ਤੇ
ਮੇਰੇ ਪਿਆਰੇ ਆਪਣੇ,
ਸਮਾਜ ਤਬਦੀਲੀ ਦੇ ਚੌਰਾਹੇ 'ਤੇ-ਇਸ ਸੰਬੰਧ ਵਿੱਚ ਮੈਂ ਥੋੜ੍ਹੀਆਂ-ਜਿਹੀਆਂ ਗੱਲਾਂ ਕੱਲ੍ਹ ਤੁਹਾਡੇ ਨਾਲ ਕੀਤੀਆਂ। ਅੱਜ ਸਭ ਤੌਂ ਪਹਿਲਾਂ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਸਮਾਜ ਬਾਅਦ ਵਿੱਚ ਬਦਲਦਾ ਹੈ, ਪਹਿਲਾਂ ਮਨੁੱਖ ਦਾ ਮਨ ਬਦਲ ਜਾਂਦਾ ਹੈ। ਅਤੇ ਸਾਡੀ ਬਦਕਿਸਮਤੀ ਹੈ ਕਿ ਸਮਾਜ ਤਾਂ ਬਦਲਣ ਦੇ ਕਰੀਬ ਪਹੁੰਚ ਰਿਹਾ ਹੈ, ਲੇਕਿਨ ਸਾਡਾ ਮਨ ਬਦਲਣ ਦੇ ਲਈ ਬਿਲਕੁਲ ਰਾਜ਼ੀ ਨਹੀਂ ਹੈ। ਸਮਾਜ ਦੇ ਬਦਲਣ ਦਾ ਸੂਤਰ ਹੀ ਇਹੀ ਹੈ ਕਿ ਪਹਿਲਾਂ ਮਨ ਬਦਲ ਜਾਵੇ, ਕਿਉਂਕਿ ਸਮਾਜ ਨੂੰ ਬਦਲੇਗਾ ਕੌਣ ?
ਚੇਤਨਾ ਬਦਲਦੀ ਹੈ ਪਹਿਲਾਂ, ਵਿਵਸਥਾ ਬਦਲਦੀ ਹੈ ਬਾਅਦ ਵਿੱਚ। ਲੇਕਿਨ ਸਾਡੀ ਚੇਤਨਾ ਬਦਲਣ ਦੇ ਲਈ ਬਿਲਕੁਲ ਹੀ ਤਿਆਰ ਨਹੀਂ ਹੈ। ਬੜੀ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਉਹ ਲੋਕ ਜੋ ਸਮਾਜ ਨੂੰ ਬਦਲਣ ਦੇ ਲਈ ਤਾਂਘਵਾਨ ਹਨ, ਉਹ ਵੀ ਚੇਤਨਾ ਨੂੰ ਬਦਲਣ ਦੇ ਲਈ ਰਾਜ਼ੀ ਨਹੀਂ ਹਨ। ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਚੇਤਨਾ ਦੇ ਬਦਲੇ ਬਿਨਾਂ ਸਮਾਜ ਕਿਵੇਂ ਬਦਲੇਗਾ! ਅਤੇ ਜੇਕਰ ਚੇਤਨਾ ਦੇ ਬਿਨਾਂ ਬਦਲੇ ਸਮਾਜ ਬਦਲ ਵੀ ਗਿਆ ਤਾਂ ਉਹ ਬਦਲਾਹਟ ਉਹੋ-ਜਿਹੀ ਹੀ ਹੋਵੇਗੀ ਜਿਵੇਂ ਆਦਮੀ ਨਾ ਬਦਲੇ ਸਿਰਫ਼ ਕੱਪੜੇ ਬਦਲ ਜਾਣ। ਉਹ ਬਦਲਾਹਟ ਬਹੁਤ ਓਪਰੀ ਹੋਵੇਗੀ ਅਤੇ ਸਾਡੇ ਅੰਦਰ ਪ੍ਰਾਣਾਂ ਦੀ ਧਾਰਾ ਪੁਰਾਣੀ ਹੀ ਬਣੀ ਰਹੇਗੀ।
ਇਸ ਦੇਸ ਦਾ ਮਨ ਸਮਝਣਾ ਜ਼ਰੂਰੀ ਹੈ ਫਿਰ ਹੀ ਉਸ ਮਨ ਨੂੰ ਬਦਲਣ ਦੀ ਗੱਲ ਵੀ ਹੋ ਸਕਦੀ ਹੈ; ਕਿਉਂਕਿ ਜਿਸ ਨੂੰ ਬਦਲਣਾ ਹੋਵੇ, ਉਸ ਨੂੰ ਠੀਕ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ। ਇਸ ਦੇਸ ਦਾ ਮਨ ਹੁਣ ਤੱਕ ਕਿਹੋ-ਜਿਹਾ ਸੀ ? ਕਿਉਂਕਿ ਉਸ ਮਨ ਦੇ ਕਾਰਨ ਹੀ ਇਹ ਦੇਸ ਉਹੋ-ਜਿਹਾ ਰਿਹਾ, ਉਸੇ ਤਰ੍ਹਾਂ ਰਿਹਾ। ਇਹ ਦੇਸ ਜੇਕਰ ਨਹੀਂ ਬਦਲਿਆ ਪੰਜ ਹਜ਼ਾਰ ਸਾਲਾਂ ਤੱਕ, ਜੇਕਰ ਇਸ ਦੇਸ ਵਿੱਚ ਕੋਈ ਕ੍ਰਾਂਤੀ ਨਹੀਂ ਹੋਈ, ਤਾਂ ਕਾਰਨ ਇਸ ਦੀ ਚੇਤਨਾ ਵਿੱਚ ਕੁਝ ਤੱਤ ਹਨ ਜਿਨ੍ਹਾਂ ਦੇ ਕਾਰਨ ਕ੍ਰਾਂਤੀ ਅਸੰਭਵ ਹੋ ਗਈ ਅਤੇ ਉਹ ਤੱਤ ਅਜੇ ਵੀ ਮੌਜੂਦ ਹਨ। ਇਸ ਲਈ ਕ੍ਰਾਂਤੀ ਦੀ ਗੱਲ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਹ ਤੱਤ ਅੰਦਰੋਂ ਟੁੱਟ ਨਾ ਜਾਣ।