ਅਸੀਂ ਇਕ ਤੀਰਥੰਕਰ ਨੂੰ ਗੋਲੀ ਨਹੀਂ ਮਾਰੀ, ਅਸੀਂ ਇਕ ਬੁੱਧ ਨੂੰ ਸੂਲੀ 'ਤੇ ਨਾ ਚੜ੍ਹਾਇਆ, ਕਿਉਂਕਿ ਅਸੀਂ ਉਹਨਾਂ ਨੂੰ ਰਟ ਲੈਂਦੇ ਹਾਂ।
ਯੂਨਾਨ ਨੇ ਸੁਕਰਾਤ ਨੂੰ ਜ਼ਹਿਰ ਪਿਆ ਦਿੱਤਾ। ਜੇਰੂਸਲਮ ਨੇ ਜੀਸਸ ਨੂੰ ਸੂਲੀ 'ਤੇ ਲਮਕਾ ਦਿੱਤਾ। ਲੜੇ ਉਹ ਬੁਰੀ ਤਰ੍ਹਾਂ। ਉਹਨਾਂ ਨੇ ਕਿਹਾ, ਅਸੀਂ ਵਿਸ਼ਵਾਸੀ ਹਾਂ, ਅਸੀਂ ਤੇਰੀ ਗੱਲ ਕਿਵੇਂ ਮੰਨਾਂਗੇ! ਲੇਕਿਨ ਇਸ ਲੜਨ ਵਿੱਚ ਉਹਨਾਂ ਨੂੰ ਵਿਚਾਰ ਵਿੱਚ ਪੈ ਜਾਣਾ ਪਿਆ ਅਤੇ ਯੂਨਾਨ ਵਿੱਚ ਪਹਿਲੀ ਵਾਰੀ ਵਿਗਿਆਨ ਦਾ ਜਨਮ ਹੋ ਗਿਆ। ਸੁਕਰਾਤ ਨੂੰ ਯੂਨਾਨ ਅਜੇ ਤੱਕ ਨਹੀਂ ਪਚਾ ਸਕਿਆ, ਲੇਕਿਨ ਅਸੀਂ ਪਚਾ ਗਏ ਸਭ ਨੂੰ। ਇਹ ਸਾਡੀ ਬਦਕਿਸਮਤੀ ਸਿੱਧ ਹੋਈ। ਬੁੱਧ ਵਰਗੇ ਆਦਮੀ ਨੂੰ ਵੀ ਅਸੀਂ ਅਵਤਾਰ ਬਣਾ ਦਿੱਤਾ ਕਿ ਤੁਸੀਂ ਵੀ ਭਗਵਾਨ ਹੋ, ਤੁਹਾਡੀ ਵੀ ਪੂਜਾ ਕਰਾਂਗੇ, ਬੈਠੋ ਮੰਦਰ ਵਿੱਚ, ਸਾਨੂੰ ਪ੍ਰੇਸ਼ਾਨ ਨਾ ਕਰੋ, ਅਸੀਂ ਜਿਹੋ-ਜਿਹੇ ਹਾਂ, ਉਹੋ-ਜਿਹੇ ਹੀ ਰਹਾਂਗੇ।
ਇਹ ਸਾਡੀ ਜੋ ਪ੍ਰਤਿਭਾ ਹੈ ਵਿਚਾਰ ਨੂੰ ਪਚਾ ਜਾਣ ਦੀ, ਇਸ ਪ੍ਰਤਿਭਾ ਦੇ ਪ੍ਰਤੀ ਜਾਗਣਾ ਪਵੇਗਾ। ਇਹ ਬਹੁਤ ਮਹਿੰਗੀ ਪੈ ਗਈ ਹੈ; ਇਸ ਨੂੰ ਹਟਾਉਣਾ ਪਵੇਗਾ, ਇਸ ਨੂੰ ਮਿਟਾਉਣਾ ਪਵੇਗਾ, ਇਸ ਨੂੰ ਜੜ੍ਹਾਂ ਤੋਂ ਉਖਾੜਨਾ ਪਵੇਗਾ। ਲੇਕਿਨ, ਜੋ ਫਰੇਬੀ ਸੁਆਰਥ ਹੈ, 'ਵੇਸਟੇਡ ਇੰਨਟਰੈਸਟ' ਹਨ, ਉਹਨਾਂ ਦੇ ਪੱਖ ਵਿੱਚ ਹੈ ਇਹ ਗੱਲ। ਉਹਨਾਂ ਨੂੰ ਇਹ ਬਹੁਤ ਪਿਆਰੀ ਹੈ, ਇਹ ਬਹੁਤ ਹਿੱਤਕਾਰੀ ਹੈ। ਨੇਤਾ ਨਹੀਂ ਚਾਹੁੰਦਾ ਕਿ ਸ਼ਗਿਰਦ ਕਦੀ ਵੀ ਸੋਚਣ, ਕਿਉਂਕਿ ਜੇਕਰ ਸ਼ਗਿਰਦ ਸੋਚੇਗਾ ਤਾਂ ਨੇਤਾ ਕਿੱਥੇ ਹੋਵੇਗਾ! ਜਿਸ ਦਿਨ ਸ਼ਗਿਰਦ ਖ਼ੁਦ ਸੋਚੇਗਾ ਉਸ ਦਿਨ ਨੇਤਾ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ।
ਅਸਲ ਵਿੱਚ ਸ਼ਗਿਰਦ ਨਹੀਂ ਸੋਚਦਾ ਇਸ ਲਈ ਨੇਤਾ ਨੂੰ ਸੋਚਣ ਦਾ ਮੌਕਾ ਮਿਲਦਾ ਹੈ, ਅਗਵਾਈ ਮਿਲਦੀ ਹੈ। ਜਿਸ ਦਿਨ ਸ਼ਗਿਰਦ ਸੋਚੇਗਾ, ਉਸ ਦਿਨ ਨੇਤਾ ਨੂੰ ਕਹੇਗਾ-ਤੁਸੀਂ ਜਾਉ; ਜਿਹੜਾ ਕੰਮ ਤੁਸੀਂ ਸਾਡੇ ਲਈ ਕਰਦੇ ਸੀ, ਉਹ ਅਸੀਂ ਖ਼ੁਦ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਧਾਰਮਿਕ ਸੋਚੇਗਾ ਤਾਂ ਧਰਮ- ਗੁਰੂ ਦਾ ਕੀ ਹੋਵੇਗਾ ? ਇਸ ਲਈ ਦੁਨੀਆਂ ਵਿੱਚ ਜੋ ਫ਼ਰੇਬੀ ਸਵਾਰਥੀ ਹਨ, ਉਹ ਫ਼ਰੇਬੀ ਸਵਾਰਥ ਤੇ ਵਿਸ਼ਵਾਸ ਦਾ ਸ਼ੋਸ਼ਨ ਕਰ ਰਹੇ ਹਨ।
ਮੈਂ ਇਕ ਕਹਾਣੀ ਲਗਾਤਾਰ ਕਹਿੰਦਾ ਰਹਿੰਦਾ ਹਾਂ। ਬਹੁਤ ਪਿਆਰੀ ਹੈ ਮੈਨੂੰ। ਇਹ ਤੁਹਾਨੂੰ ਵੀ ਕਹਾਂ। ਸੁਣਿਆ ਹੈ ਮੈਂ ਕਿ ਕਿਸੇ ਪਿੰਡ ਵਿੱਚ ਛੋਟੀ-ਜਿਹੀ ਤੇਲੀ ਦੀ ਦੁਕਾਨ 'ਤੇ ਇਕ ਵਿਚਾਰਕ ਗਿਆ ਹੈ। ਜਦੋਂ ਉਹ ਤੇਲ ਲੈ ਰਿਹਾ ਹੈ ਤਾਂ ਉਸ ਨੇ ਦੇਖਿਆ ਕਿ ਪਿੱਛੇ ਤੇਲੀ ਦਾ ਕੋਹਲੂ ਚੱਲ ਰਿਹਾ ਹੈ ਅਤੇ ਬਲਦ ਜੋ ਹੈ ਉਹ ਬਿਨਾਂ ਕਿਸੇ ਦੇ ਹੱਕੇ ਕੋਹਲੂ ਨੂੰ ਚਲਾ ਰਿਹਾ ਹੈ। ਉਸ ਵਿਚਾਰਕ ਨੂੰ ਬੜੀ ਹੈਰਾਨੀ ਹੋਈ। ਅਸੀਂ ਗਏ ਹੁੰਦੇ, ਸਾਨੂੰ ਕੋਈ ਹੈਰਾਨੀ ਨਾ ਹੁੰਦੀ। ਅਸੀਂ ਦੇਖਦੇ ਹੀ ਨਾ। ਸਾਨੂੰ ਪਤਾ ਹੀ ਨਾ ਲੱਗਦਾ ਕਿ ਇਹ ਕੀ ਹੋ ਰਿਹਾ ਹੈ! ਅਸੀਂ ਸਵਾਲ ਵੀ ਨਾ ਉਠਾਉਂਦੇ। ਕੋਈ ਸਵਾਲ ਵਿਸ਼ਵਾਸੀ ਆਦਮੀ ਕਦੀ ਵੀ ਨਹੀਂ ਉਠਾਉਂਦਾ।