ਆਦਮੀ ਦੇ ਅੰਦਰੋਂ ਅਸ਼ਾਂਤੀ ਨੂੰ, ਅਸੰਤੋਸ਼ ਨੂੰ, ਵਿਦਰੋਹ ਨੂੰ ਖੋਹ ਸਕਦੇ ਹਨ ਤਾਂ ਮੇਰਾ ਮਨ ਕੀਤਾ ਕਿ ਉਸ ਲੇਖਕ ਨੂੰ ਇਕ ਪੱਤਰ ਲਿਖਾਂ ਕਿ ਤੂੰ ਹੁਣ ਖੋਜੇ ਇਹ, ਇਹ ਬਹੁਤ ਪੁਰਾਣੀ ਖੋਜ ਹੈ, ਭਾਰਤ ਨੇ ਪੰਜ ਹਜ਼ਾਰ ਸਾਲ ਪਹਿਲਾਂ ਖੋਜ ਲਈ ਹੈ।
ਲੇਕਿਨ ਅਸੀਂ ਅਧਿਆਤਮਕ ਤਰਕੀਬਾਂ ਖੋਜੀਆਂ ਸਨ, ਭੌਤਿਕ ਤਰਕੀਬਾਂ ਨਹੀਂ। ਅਸੀਂ ਕਿਸੇ ਆਦਮੀ ਨੂੰ ਇੰਜੈਕਸ਼ਨ ਦੇ ਕੇ ਸੰਤੋਸ਼ ਦੀ ਹੋਰ ਵੀ ਚੰਗੀ ਵਿਵਸਥਾ ਖੋਜੀ ਸੀ। ਅਸੀਂ ਸੰਤੋਸ਼ ਹੀ ਪਿਆਉਂਦੇ ਸੀ ਬਚਪਨ ਤੋਂ। ਅਸੀਂ ਇਸ ਦੇਸ ਨੂੰ ਸੰਤੁਸ਼ਟ ਹੀ ਰੱਖਿਆ। ਅਸੀਂ ਉਸ ਬਿੰਦੂ ਤੱਕ ਨਾ ਜਾਣ ਦਿੱਤਾ ਜਿੱਥੇ ਅਸੰਤੋਸ਼ ਸ਼ੁਰੂ ਹੁੰਦਾ ਹੈ। ਕਿਉਂਕਿ ਜਿੱਥੇ ਅਸੰਤੋਸ਼ ਸ਼ੁਰੂ ਹੁੰਦਾ ਹੈ ਤਾਂ ਫਿਰ ਬੁਆਇਲਿੰਗ ਪੁਆਇੰਟ ਬਹੁਤ ਦੂਰ ਨਹੀਂ ਰਹਿੰਦਾ। ਫਿਰ ਉਬਲਣ ਦਾ ਬਿੰਦੂ ਵੀ ਕੋਲ ਆਵੇਗਾ ਅਤੇ ਕ੍ਰਾਂਤੀ ਹੋਵੇਗੀ। ਅਸੰਤੋਸ਼ ਹੈ ਅੱਗ-ਜੇਕਰ ਵਧਦੀ ਤੁਰੀ ਜਾਵੇ ਤਾਂ ਇਕ ਬਿੰਦੂ ਉੱਤੇ ਏਵੋਪਰੇਸ਼ਨ, ਪਾਣੀ ਭਾਫ਼ ਬਣੇਗਾ, ਛਲਾਂਗ ਲੱਗੇਗੀ, ਕ੍ਰਾਂਤੀ ਹੋ ਜਾਵੇਗੀ।
ਇਸ ਲਈ ਅਸੀਂ ਸੰਤੋਸ਼ ਸਿਖਾਉਂਦੇ ਰਹੇ ਹਾਂ। ਅਸੀਂ ਕਹਿੰਦੇ ਹਾਂ, ਸੰਤੋਸ਼ ਸਭ ਤੋਂ ਵੱਡਾ ਧਰਮ ਹੈ। ਸੰਤੋਸ਼ ਤੋਂ ਵੱਡਾ ਅਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਦਾ ਮਤਲਬ ਜੇਕਰ ਗਤੀ ਹੈ, ਜੇਕਰ ਧਰਮ ਦਾ ਮਤਲਬ ਵਿਕਾਸ ਹੈ, ਜੇਕਰ ਧਰਮ ਦਾ ਮਤਲਬ ਤਰੱਕੀ ਹੈ, ਜੇਕਰ ਧਰਮ ਦਾ ਮਤਲਬ ਰੋਜ਼ ਅੱਗੇ ਜਾਣਾ ਹੈ ਤਾਂ ਸੰਤੋਸ਼ ਧਰਮ ਨਹੀਂ ਹੋ ਸਕਦਾ, ਅਸੰਤੋਸ਼ ਧਰਮ ਹੋਵੇਗਾ। ਅਸੀਂ ਸਿਖਾਉਂਦੇ ਹਾਂ, ਸੰਤੋਸ਼ ਜਿਸ ਨੂੰ ਮਿਲ ਗਿਆ, ਉਸ ਨੂੰ ਸਭ ਮਿਲ ਗਿਆ। ਨਹੀਂ, ਗੱਲ ਉਲਟ ਹੈ। ਸੰਤੋਸ਼ ਜਿਸ ਨੂੰ ਮਿਲ ਗਿਆ, ਉਸ ਨੂੰ ਸਭ ਨਹੀਂ ਮਿਲ ਜਾਂਦਾ । ਹਾਂ, ਸਭ ਜਿਸ ਨੂੰ ਮਿਲ ਜਾਵੇ, ਉਸ ਨੂੰ ਸੰਤੋਸ਼ ਜ਼ਰੂਰ ਮਿਲ ਸਕਦਾ ਹੈ। ਲੇਕਿਨ ਅਸੀਂ ਸੰਤੋਸ਼ ਨੂੰ ਪਹਿਲਾਂ ਪਿਆ ਦਿੰਦੇ ਹਾਂ ਅਤੇ ਸਭ ਯਾਤਰਾ ਬੰਦ ਹੋ ਜਾਂਦੀ ਹੈ। ਛੱਪੜ ਬਣ ਜਾਂਦਾ ਹੈ।
ਇਕ ਨਦੀ ਜੇਕਰ ਸੰਤੁਸ਼ਟ ਹੋ ਜਾਵੇ ਤਾਂ ਤਲਾਅ ਬਣ ਜਾਵੇਗੀ, ਸਾਗਰ ਨਹੀਂ ਬਣ ਸਕਦੀ। ਕਿਵੇਂ ਬਣੇਗੀ ਸਾਗਰ ? ਨਦੀ ਸੰਤੁਸ਼ਟ ਹੋ ਜਾਵੇ ਤਾਂ ਜਾਵੇ ਕਿੱਥੇ ? ਪਹਾੜਾਂ ਨੂੰ ਤੋੜੇ ਕਿਉਂ ? ਲੜੇ ਕਿਉਂ ਪੱਥਰਾਂ ਨਾਲ ? ਰਸਤਾ ਕਿਉਂ ਬਣਾਵੇਂ ? ਅਨਜਾਣ, ਅਣਵਾਕਫ ਖਾਈਆਂ-ਖੱਡਾਂ ਵਿੱਚ ਭਟਕੇ ਕਿਉਂ ? ਸਾਗਰ ਦਾ ਕੀ ਭਰੋਸਾ ਹੈ ? ਸਾਗਰ ਹੋਵੇਗਾ ਹੀ, ਇਸ ਦਾ ਕੀ ਪਤਾ ਹੈ ? ਸਾਗਰ ਹੈ ਬਹੁਤ ਦੂਰ। ਗੰਗਾ ਹੈ ਗੰਗੋਤਰੀ ਵਿੱਚ, ਸਾਗਰ ਹੈ ਬਹੁਤ ਦੂਰ। ਇੰਨਾ ਲੰਮਾ ਫ਼ਾਸਲਾ; ਕੋਈ ਰਸਤਾ ਬੱਚਿਆ ਨਹੀਂ; ਪੱਕੇ ਸੀਮੇਂਟ ਰੋੜ ਨਹੀਂ; ਪੱਥਰ ਤੋੜਨੇ ਹਨ, ਰਸਤਾ ਬਣਾਉਣਾ ਹੈ ਅਨਜਾਣ ਅਣਵਾਕਫ ਨੇ, ਜਿਸ ਦਾ ਟਿਕਾਣਾ ਪਤਾ ਨਹੀਂ ਕਿੱਥੇ ਹੈ; ਕਿੱਥੇ ਜਾਣਾ ਹੈ, ਕੌਣ ਜਾਣੇ?
ਸੰਤੋਸ਼ ਕਰ ਲਵੇ ਗੰਗਾ ਤਾਂ ਗੰਗੋਤਰੀ ਹੀ ਰਹਿ ਜਾਏ, ਫਿਰ ਗੰਗਾ ਨਾ ਬਣ ਸਕੇ। ਪਤਾ ਹੈ, ਗੰਗੋਤਰੀ ਉੱਤੇ ਗੰਗਾ ਬਹੁਤ ਵੱਡੀ ਨਹੀਂ ਹੈ। ਹੋ ਵੀ ਨਹੀਂ ਸਕਦੀ। ਉਹ ਤਾਂ ਸਾਗਰ ਨਾਲ ਮਿਲਣ ਸਮੇਂ ਵੱਡੀ ਹੁੰਦੀ ਹੈ।