ਕਰਵਾ ਦਿੰਦੀ ਹੈ। ਜੇਕਰ ਭੀੜ ਨਾਲ ਹੋਵੇ ਤਾਂ ਵਿਅਕਤੀਆਂ ਤੋਂ ਅਜਿਹੇ ਕੰਮ ਕਰਵਾਏ ਜਾ ਸਕਦੇ ਹਨ ਜੋ ਉਹ ਇਕੱਲੇ ਕਰਨ ਲਈ ਕਦੀ ਰਾਜ਼ੀ ਨਹੀਂ ਹੋਣਗੇ।
ਦੁਨੀਆਂ ਵਿੱਚ ਜਿੰਨੇ ਪਾਪ ਹੋਏ ਹਨ, ਉਹਨਾਂ ਵਿੱਚੋਂ ਇਕੱਲੇ ਵਿਅਕਤੀਆਂ ਨੇ ਜ਼ਿਆਦਾ ਪਾਪ ਨਹੀਂ ਕੀਤੇ, ਭੀੜ ਨੇ ਜ਼ਿਆਦਾ ਪਾਪ ਕੀਤੇ ਹਨ। ਭੀੜ ਪਾਪ ਇਸ ਲਈ ਕਰ ਸਕਦੀ ਹੈ ਕਿ ਉਸ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਉਹ ਠੀਕ ਹੀ ਹੋਵੇਗਾ। ਇੰਨੇ ਲੋਕ ਨਾਲ ਹਨ, ਇੰਨੇ ਲੋਕ ਨਾਸਮਝ ਹੋ ਸਕਦੇ ਹਨ ? ਜੇਕਰ ਇਕ ਧਰਮ ਇਹ ਕਹੇ ਕਿ ਅਸੀਂ ਇਕ ਮੁਲਕ ਉਪਰ ਹਮਲਾ ਕਰਦੇ ਹਾਂ; ਕਿਉਂਕਿ ਇਹ ਧਰਮ ਦਾ ਜਿਹਾਦ (ਧਰਮ-ਯੁੱਧ) ਹੈ, ਕਿਉਂਕਿ ਅਸੀਂ ਧਰਮ ਦਾ ਪ੍ਰਚਾਰ ਕਰਨ ਜਾ ਰਹੇ ਹਾਂ, ਦੁਨੀਆਂ ਨੂੰ ਧਰਮ ਸਿਖਾਉਣ ਜਾ ਰਹੇ ਹਾਂ....। ਜੇਕਰ ਇਕ ਆਦਮੀ ਨੂੰ ਇਹ ਕਿਹਾ ਜਾਏ ਕਿ ਧਰਮ ਦੇ ਪ੍ਰਚਾਰ ਲਈ ਹਜ਼ਾਰਾਂ ਲੋਕਾਂ ਦੀ ਹੱਤਿਆ ਕਰਨੀ ਹੋਵੇਗੀ ਤਾਂ ਉਹ ਆਦਮੀ ਸ਼ਾਇਦ ਸੰਕੋਚ ਕਰੇ, ਵਿਚਾਰ ਕੇ ਜਦੋਂ ਉਹ ਦੇਖਦਾ ਹੈ ਕਿ ਲੱਖਾਂ ਲੋਕ ਨਾਲ ਹਨ ਤਾਂ ਆਪਣੇ ਵਿਚਾਰ ਦੀ ਫ਼ਿਕਰ ਛੱਡ ਦਿੰਦਾ ਹੈ ਕਿ ਇੰਨੇ ਆਦਮੀ ਨਾਲ ਹਨ ਤਾਂ ਜੋ ਕਹਿੰਦੇ ਹੋਣਗੇ, ਠੀਕ ਹੀ ਕਹਿੰਦੇ ਹੋਣਗੇ।
ਇਸ ਲਈ ਭੀੜ ਨੂੰ ਛੱਡਣ ਵਿੱਚ ਡਰ ਲੱਗਦਾ ਹੈ,, ਕਿਉਂਕਿ ਭੀੜ ਨੂੰ ਛੱਡਣ ਦਾ ਅਰਥ ਹੈ ਪੂਰੀ ਜੀਵਨ-ਦ੍ਰਿਸ਼ਟੀ ਉਪਰ ਰੀਕਨਸੀਡਰੇਸ਼ਨ (ਦੁਬਾਰਾ ਸੋਚਣਾ) ਕਰਨਾ ਹੋਵੇਗਾ। ਇਸ ਲਈ ਸਾਰੇ ਲੋਕ ਭੀੜ ਨਾਲ ਚਿੰਬੜੇ ਰਹਿੰਦੇ ਹਨ। ਹਰ ਆਦਮੀ ਭੀੜ ਨਾਲ ਜੁੜਿਆ ਰਹਿੰਦਾ ਹੈ।
ਲੇਕਿਨ ਯਾਦ ਰੱਖੋ, ਜੋ ਇਕੱਲਾ ਹੋਣ ਲਈ ਰਾਜ਼ੀ ਨਹੀਂ ਹੈ, ਜੋ ਭੀੜ ਤੋਂ ਮੁਕਤ ਨਹੀਂ ਹੋ ਸਕਦਾ, ਉਹ ਸੱਚ ਦੀਆਂ ਗੱਲਾਂ ਉਪਰ ਵਿਚਾਰ ਕਰਨਾ ਛੱਡ ਦੇਵੇ। ਉਸ ਨੂੰ ਸੱਚ ਨਾਲ ਕਦੀ ਕੋਈ ਸੰਬੰਧ ਨਹੀਂ ਹੋਵੇਗਾ। ਸੱਚ ਦਾ ਰਸਤਾ ਬਹੁਤ ਇਕੱਲਾ ਰਸਤਾ ਹੈ। ਲੋਕ ਸੋਚਦੇ ਹਨ, ਇਕੱਲੇ ਦਾ ਅਰਥ ਹੈ ਪਹਾੜ 'ਤੇ ਚਲੇ ਜਾਣਾ। ਲੋਕ ਸੋਚਦੇ ਹਨ ਇਕੱਲੇ ਦਾ ਅਰਥ ਹੈ ਘਰ-ਦੁਆਰ ਛੱਡ ਦੇਣਾ।
ਇਕੱਲੇ ਦਾ ਅਰਥ ਹੈ, ਭੀੜ ਦਾ ਸਾਥ ਛੱਡ ਦੇਣਾ। ਭੀੜ ਤੋਂ ਮੁਕਤ ਹੋ ਜਾਵੇ ਤਾਂ ਆਦਮੀ ਇਕੱਲਾ ਹੋ ਜਾਵੇ। ਖੋਜ ਹੌਂਸਲੇ ਦੀ ਗੱਲ ਹੈ ਅਤੇ ਹੌਂਸਲਾ ਸ਼ਰਤ ਹੈ, ਸੱਚ ਨੂੰ ਪਾਉਣ ਲਈ। ਜਿਨ੍ਹਾਂ ਵਿੱਚ ਹੌਂਸਲਾ ਨਹੀਂ ਹੈ, ਉਹ ਜ਼ਮੀਨ ਉਪਰ ਹੀ ਰੇਂਗਦੇ ਰਹਿਣਗੇ, ਅਕਾਸ਼ ਵਿੱਚ ਉੱਡ ਨਹੀਂ ਸਕਣਗੇ। ਜਿਨ੍ਹਾਂ ਵਿੱਚ ਹੌਂਸਲਾ ਨਹੀਂ ਹੈ, ਉਹ ਦੂਸਰਿਆਂ ਦੇ ਉਧਾਰ ਸੱਚਾਂ ਨੂੰ ਹੀ ਢੋਂਦੇ ਰਹਿਣਗੇ, ਆਪਣੇ ਸੱਚ ਦੀ ਤਲਾਸ਼ ਨਹੀਂ ਕਰ ਸਕਣਗੇ। ਅਤੇ ਜਿਸ ਦੇ ਕੋਲ ਆਪਣਾ ਸੱਚ ਨਾ ਹੋਵੇ, ਉਹ ਜਿਉਂਦਾ ਹੈ ? ਤਾਂ ਉਸ ਦੇ ਜਿਉਂਦੇ ਹੋਣ ਦਾ ਨਾ ਤਾਂ ਕੋਈ ਅਰਥ ਹੈ ਅਤੇ ਨਾ ਹੀ ਕੋਈ ਮਕਸਦ ਅਤੇ ਨਾ ਹੀ ਇਹ ਉਚਿਤ ਹੈ ਕਿ ਅਸੀਂ ਉਸ ਨੂੰ ਜੀਵਿਤ ਆਖੀਏ। ਜਦੋਂ ਆਪਣਾ ਸੱਚ ਹੁੰਦਾ ਹੈ ਤਾਂ ਜੀਵਨ ਵਿੱਚ ਚਾਨਣ ਹੋ ਜਾਂਦਾ ਹੈ, ਕਿਉਂਕਿ ਸੱਚ ਦੀਵੇ ਦੀ ਤਰ੍ਹਾਂ ਸਾਰੇ ਜੀਵਨ ਨੂੰ ਰੁਸ਼ਨਾ ਦਿੰਦਾ ਹੈ।