ਜਾ ਸਕਦੀ ਹੈ, ਜੀਵਨ ਨਹੀਂ ਪਾਇਆ ਜਾ ਸਕਦਾ ਲੇਕਿਨ ਭਾਰਤ ਦੇ ਲੋਕ ਇੰਨੇ ਵੀ ਈਮਾਨਦਾਰ ਨਹੀਂ ਹਨ ਕਿ ਉਹ ਮੰਨ ਲੈਣ ਕਿ ਧਰਮ ਪੁਰਾਣਾ ਹੋ ਗਿਆ ਹੈ, ਜਾਨ ਗਵਾਈ ਜਾ ਸਕਦੀ ਹੈ ਉਸ ਨਾਲ, ਲੇਕਿਨ ਜੀਵਨ ਨਹੀਂ ਪਾਇਆ ਜਾ ਸਕਦਾ।
ਅਸੀਂ ਥੋੜ੍ਹੇ ਜ਼ਿਆਦਾ ਬੇਈਮਾਨ ਹਾਂ। ਅਸੀਂ ਧਰਮ ਤੋਂ ਸਾਰਾ ਸੰਬੰਧ ਵੀ ਤੋੜ ਲਿਆ ਹੈ, ਲੇਕਿਨ ਅਸੀਂ ਉੱਪਰ ਤੋਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਧਰਮ ਨਾਲ ਸੰਬੰਧਿਤ ਹਾਂ। ਸਾਡਾ ਕੋਈ ਅੰਦਰੂਨੀ ਨਾਤਾ ਧਰਮ ਨਾਲ ਨਹੀਂ ਰਹਿ ਗਿਆ ਹੈ। ਸਾਡੇ ਕੋਈ ਪ੍ਰਾਣਾਂ ਦੇ ਡੂੰਘੇ ਸੰਬੰਧ ਧਰਮ ਨਾਲ ਨਹੀਂ ਹਨ। ਲੇਕਿਨ ਅਸੀਂ ਉਪਰ ਤੋਂ ਦਿਖਾਵਾ ਜਾਰੀ ਰਖਦੇ ਹਾਂ। ਅਸੀਂ ਉਪਰ ਤੋਂ ਇਹ ਦਿਖਾਵਾ ਜਾਰੀ ਰੱਖਦੇ ਹਾਂ ਕਿ ਅਸੀਂ ਧਰਮ ਨਾਲ ਸੰਬੰਧਿਤ ਹਾਂ, ਅਸੀਂ ਧਾਰਮਿਕ ਹਾਂ।
ਇਹ ਹੋਰ ਵੀ ਖ਼ਤਰਨਾਕ ਗੱਲ ਹੈ। ਇਹ ਅਧਰਮ ਨੂੰ ਛੁਪਾ ਲੈਣ ਦੀ ਸਭ ਤੋਂ ਆਸਾਨ ਅਤੇ ਕਾਰਗਰ ਤਰਕੀਬ ਹੈ। ਜੇਕਰ ਇਹ ਵੀ ਸਪੱਸ਼ਟ ਹੋ ਜਾਏ ਕਿ ਅਸੀਂ ਅਧਾਰਮਿਕ ਹੋ ਗਏ ਹਾਂ ਤਾਂ ਸ਼ਾਇਦ ਇਸ ਅਧਰਮ ਨੂੰ ਬਦਲਣ ਦੇ ਲਈ ਕੁਝ ਕੀਤਾ ਜਾ ਸਕੇ। ਲੇਕਿਨ ਅਸੀਂ ਆਪਣੇ-ਆਪ ਨੂੰ ਇਹ ਧੋਖਾ ਦੇ ਰਹੇ ਹਾਂ, ਇਕ ਆਤਮ-ਧੋਖੇ ਦੇ ਵਿੱਚ ਅਸੀਂ ਜਿਉਂ ਰਹੇ ਹਾਂ ਕਿ ਅਸੀਂ ਧਾਰਮਿਕ ਹਾਂ।
ਅਤੇ ਇਹ ਆਤਮ-ਧੋਖਾ ਹਰ ਰੋਜ਼ ਮਹਿੰਗਾ ਪੈਂਦਾ ਜਾ ਰਿਹਾ ਹੈ। ਕਿਸੇ-ਨਾ- ਕਿਸੇ ਨੂੰ ਇਹ ਦੁਖਦ ਸੱਚ ਕਹਿਣਾ ਪਵੇਗਾ ਕਿ ਧਰਮ ਨਾਲ ਸਾਡਾ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਧਾਰਮਿਕ ਵੀ ਨਹੀਂ ਹਾਂ, ਅਤੇ ਅਸੀਂ ਇੰਨੀ ਹਿੰਮਤ ਵਾਲੇ ਲੋਕ ਵੀ ਨਹੀਂ ਹਾਂ ਕਿ ਅਸੀਂ ਕਹਿ ਦੇਈਏ ਕਿ ਅਸੀਂ ਧਾਰਮਿਕ ਨਹੀਂ ਹਾਂ। ਅਸੀਂ ਧਾਰਮਿਕ ਵੀ ਨਹੀਂ ਹਾਂ ਅਤੇ ਅਧਾਰਮਿਕ ਹੋਣ ਦੀ ਘੋਸ਼ਣਾ ਕਰ ਸਕੀਏ, ਇੰਨੀ ਦਲੇਰੀ ਵੀ ਸਾਡੇ ਅੰਦਰ ਨਹੀਂ ਹੈ ਤਾਂ ਅਸੀਂ ਤ੍ਰਿਸ਼ੰਕੂ ਦੀ ਤਰ੍ਹਾਂ ਵਿਚਾਲੇ ਹੀ ਲਟਕੇ ਰਹਿੰਦੇ ਹਾਂ। ਨਾ ਸਾਡਾ ਧਰਮ ਨਾਲ ਕੋਈ ਸੰਬੰਧ ਹੈ, ਨਾ ਸਾਡਾ ਵਿਗਿਆਨ ਨਾਲ ਕੋਈ ਸੰਬੰਧ ਹੈ। ਨਾ ਸਾਡਾ ਅਧਿਆਤਮ ਨਾਲ ਕੋਈ ਸੰਬੰਧ ਹੈ, ਨਾ ਸਾਡਾ ਭੌਤਿਕਵਾਦ ਨਾਲ ਕੋਈ ਸੰਬੰਧ ਹੈ। ਅਸੀਂ ਦੋਨਾਂ ਦੇ ਵਿੱਚ ਲਟਕੇ ਹੋਏ ਰਹਿ ਗਏ ਹਾਂ। ਸਾਡੀ ਕੋਈ ਸਥਿਤੀ ਨਹੀਂ ਹੈ। ਅਸੀਂ ਕਿੱਥੇ ਹਾਂ, ਇਹ ਕਹਿਣਾ ਮੁਸ਼ਕਿਲ ਹੈ। ਕਿਉਂਕਿ ਅਸੀਂ ਇਹ ਗੱਲ ਜਾਣਨ ਦੀ ਸਪੱਸ਼ਟ ਕੋਸ਼ਿਸ਼ ਨਹੀਂ ਕੀਤੀ ਹੈ ਕਿ ਅਸੀਂ ਕੀ ਹਾਂ ਅਤੇ ਕਿੱਥੇ ਹਾਂ। ਅਸੀਂ ਕੁਝ ਧੋਖਿਆਂ ਨੂੰ ਵਾਰੀ-ਵਾਰੀ ਦੁਹਰਾਈ ਚਲੇ ਜਾ ਰਹੇ ਹਾਂ ਅਤੇ ਉਹਨਾਂ ਧੋਖਿਆਂ ਨੂੰ ਦੁਹਰਾਉਣ ਲਈ ਅਸੀਂ ਤਰਕੀਬਾਂ ਖੋਜ ਲਈਆਂ ਹਨ। ਅਸੀਂ ਡਿਵਾਈਸੇਜ ਬਣਾ ਲਈਆਂ ਹਨ ਅਤੇ ਉਹਨਾਂ ਨੂੰ ਤਰਕੀਬਾਂ ਦੇ ਅਧਾਰ 'ਤੇ ਅਸੀਂ ਵਿਸ਼ਵਾਸ ਕਰਾ ਲੈਂਦੇ ਹਾਂ ਕਿ ਅਸੀਂ ਧਾਰਮਿਕ ਹਾਂ।
ਇਕ ਆਦਮੀ ਰੋਜ਼ ਸਵੇਰੇ ਮੰਦਰ ਹੋ ਆਉਂਦਾ ਹੈ ਅਤੇ ਉਹ ਸੋਚਦਾ ਹੈ ਕਿ ਮੈਂ ਧਰਮ ਦੇ ਅੰਦਰ ਜਾ ਕੇ ਵਾਪਿਸ ਮੁੜ ਆਇਆ ਹਾਂ।