ਮੰਦਰ ਜਾਣ ਨਾਲ ਧਰਮ ਤੱਕ ਜਾਣ ਦਾ ਕੋਈ ਵੀ ਸੰਬੰਧ ਨਹੀਂ ਹੈ। ਮੰਦਰ ਤੱਕ ਜਾਣਾ ਬਿਲਕੁਲ ਇਕ ਭੌਤਿਕ ਘਟਨਾ ਹੈ, ਸਰੀਰਕ ਘਟਨਾ ਹੈ। ਧਰਮ ਤੱਕ ਜਾਣਾ ਇਕ ਆਤਮਿਕ ਘਟਨਾ ਹੈ। ਮੰਦਰ ਤੱਕ ਜਾਣਾ ਇਕ ਭੌਤਿਕ ਯਾਤਰਾ ਹੈ। ਮੰਦਰ ਤੱਕ ਜਾਣਾ ਇਕ ਅਧਿਆਤਮਕ ਯਾਤਰਾ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀ ਅਧਿਆਤਮਕ ਯਾਤਰਾ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਸਾਰੀ ਪ੍ਰਿਥਵੀ ਮੰਦਰ ਦਿਖਾਈ ਲੱਗਣ ਲੱਗ ਪੈਂਦੀ ਹੈ। ਫਿਰ ਉਹਨਾਂ ਨੂੰ ਮੰਦਰ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿੱਥੇ ਹੈ।
ਨਾਨਕ ਠਹਿਰੇ ਸਨ ਮਦੀਨਾ ਵਿੱਚ ਅਤੇ ਸੌਂ ਗਏ ਸਨ ਰਾਤ ਨੂੰ ਮੰਦਰ ਵੱਲ ਪੈਰ ਕਰ ਕੇ। ਪੁਜਾਰੀਆਂ ਨੇ ਆ ਕੇ ਕਿਹਾ ਸੀ ਕਿ ਹਟਾ ਲੈ ਇਹ ਪੈਰ ਆਪਣੇ! ਤੂੰ ਪਾਗਲ ਹੈਂ ਜਾਂ ਨਾਸਤਿਕ ਹੈਂ ਜਾਂ ਕਿ ਅਧਾਰਮਿਕ ਹੈਂ ? ਤੂੰ ਪਵਿੱਤਰ ਮੰਦਰ ਵੱਲ ਪੈਰ ਕੀਤੇ ਹੋਏ ਹਨ ? ਨਾਨਕ ਨੇ ਕਿਹਾ ਸੀ, ਮੈਂ ਖ਼ੁਦ ਚਿੰਤਾ ਵਿੱਚ ਹਾਂ ਕਿ ਆਪਣੇ ਪੈਰ ਕਿੱਥੇ ਕਰਾਂ। ਤੁਸੀਂ ਮੇਰੇ ਪੈਰ ਉੱਥੇ ਕਰ ਦਿਉ ਜਿੱਥੇ ਪ੍ਰਮਾਤਮਾ ਨਾ ਹੋਵੇ, ਜਿੱਥੇ ਉਸ ਦਾ ਪਵਿੱਤਰ ਮੰਦਰ ਨਾ ਹੋਵੇ। ਉਹ ਪੁਜਾਰੀ ਦੰਗ ਖੜੇ ਰਹਿ ਗਏ। ਕੋਈ ਰਸਤਾ ਨਹੀਂ ਸੀ ਕਿ ਨਾਨਕ ਦੇ ਪੈਰ ਕਿੱਥੇ ਕਰੀਏ, ਕਿਉਂਕਿ ਜਿੱਥੇ ਵੀ ਸੀ, ਜੇਕਰ ਸੀ ਤਾਂ ਪ੍ਰਮਾਤਮਾ ਸੀ। ਜਿੱਥੇ ਵੀ ਜੀਵਨ ਹੈ, ਉੱਥੇ ਪ੍ਰਭੂ ਦਾ ਮੰਦਰ ਹੈ।
ਤਾਂ ਜਿਸ ਨੂੰ ਧਰਮ ਦੀ ਯਾਤਰਾ ਦਾ ਥੋੜ੍ਹਾ-ਜਿਹਾ ਵੀ ਅਨੁਭਵ ਹੋ ਜਾਂਦਾ ਹੈ, ਉਸ ਨੂੰ ਤਾਂ ਸਾਰਾ ਸੰਸਾਰ ਮੰਦਰ ਦਿਖਾਈ ਦੇਣ ਲੱਗ ਪੈਂਦਾ ਹੈ, ਲੇਕਿਨ ਜਿਨ੍ਹਾਂ ਨੂੰ ਉਸ ਯਾਤਰਾ ਨਾਲ ਕੋਈ ਸੰਬੰਧ ਨਹੀਂ ਹੈ, ਉਹ ਦਸ ਕਦਮ ਚੱਲ ਕੇ ਜ਼ਮੀਨ ਉੱਤੇ ਇਕ ਮਕਾਨ ਤੱਕ ਪਹੁੰਚ ਜਾਂਦੇ ਹਨ ਅਤੇ ਮੁੜ ਆਉਂਦੇ ਹਨ, ਅਤੇ ਸੋਚਦੇ ਹਨ ਕਿ ਧਾਰਮਿਕ ਹੋ ਗਏ ਹਨ। ਇਸ ਤਰ੍ਹਾਂ ਉਹ ਧਾਰਮਿਕ ਹੋਣ ਦਾ ਧੋਖਾ ਦਿੰਦੇ ਹਨ ਆਪਣੇ-ਆਪ ਨੂੰ।
ਇਕ ਆਦਮੀ ਰੋਜ਼ ਸਵੇਰੇ ਬੈਠ ਕੇ ਭਗਵਾਨ ਦਾ ਨਾਂ ਲੈ ਲੈਂਦਾ ਹੈ। ਨਿਸ਼ਚਿਤ ਹੀ ਬਹੁਤ ਜਲਦੀ ਨਾਲ ਉਸ ਨੂੰ ਨਾਂ ਲੈਣੇ ਪੈਂਦੇ ਹਨ, ਕਿਉਂਕਿ ਹੋਰ ਬਹੁਤ ਕੰਮ ਹਨ। ਅਤੇ ਭਗਵਾਨ ਦੇ ਲਾਇਕ ਵਿਹਲ ਕਿਸੇ ਕੋਲ ਨਹੀਂ ਹੈ, ਬਹੁਤ ਜਲਦੀ ਵਿੱਚ ਇਕ ਜ਼ਰੂਰੀ ਕੰਮ ਹੈ, ਉਹ ਭਗਵਾਨ ਦੇ ਨਾਂ ਲੈ ਕੇ ਨਿਪਟਾ ਲੈਂਦਾ ਹੈ ਅਤੇ ਚੱਲ ਪੈਂਦਾ ਹੈ। ਅਤੇ ਕਦੀ ਉਸ ਨੇ ਆਪਣੇ-ਆਪ ਨੂੰ ਨਹੀਂ ਪੁੱਛਿਆ ਕਿ ਜਿਸ ਭਗਵਾਨ ਨੂੰ ਮੈਂ ਜਾਣਦਾ ਨਹੀਂ, ਉਸ ਭਗਵਾਨ ਦੇ ਨਾਂ ਦਾ ਮੈਨੂੰ ਕਿਵੇਂ ਪਤਾ ਹੈ ? ਮੈਂ ਕੀ ਦੁਹਰਾ ਰਿਹਾ ਹਾਂ ? ਮੈਂ ਭਗਵਾਨ ਦਾ ਨਾਂ ਦੁਹਰਾ ਰਿਹਾ ਹਾਂ ?
ਭਗਵਾਨ ਨੂੰ ਯਾਦ ਕੀਤਾ ਜਾ ਸਕਦਾ ਹੈ, ਭਗਵਾਨ ਦਾ ਨਾਂ ਯਾਦ ਨਹੀਂ ਹੋ ਸਕਦਾ, ਕਿਉਂਕਿ ਨਾਂ ਉਸ ਦਾ ਕੋਈ ਨਹੀਂ ਹੈ। ਇਕ ਆਦਮੀ ਬੈਠ ਕੇ ਰਾਮ- ਰਾਮ ਦੁਹਰਾ ਰਿਹਾ ਹੈ, ਦੂਸਰਾ ਆਦਮੀ ਜਿਨੇਂਦਰ-ਜਿਨੇਂਦਰ ਕਰ ਰਿਹਾ ਹੈ,