ਹਾਂ ਕਿ ਪੂਰਾ ਮੁਲਕ ਧਾਰਮਿਕ ਹੋ ਗਿਆ ਹੈ। ਤਿੱਬਤ ਵਿੱਚ ਉਹ ਹੋਰ ਵੀ ਜ਼ਿਆਦਾ ਹੁਸ਼ਿਆਰ ਹਨ। ਉਹਨਾਂ ਨੇ 'ਪ੍ਰੇਅਰ ਵੀਲ' ਬਣਾ ਰੱਖਿਆ ਹੈ, ਉਹਨਾਂ ਨੇ ਇਕ ਚੱਕਾ ਬਣਾ ਰੱਖਿਆ ਹੈ, ਉਸ ਨੂੰ ਉਹ ‘ਪ੍ਰਾਰਥਨਾ ਚੱਕਰ' ਕਹਿੰਦੇ ਹਨ। ਉਹਨਾਂ ਦੇ ਚੁੱਕੇ ਦੇ ਇਕ ਸੌ ਅੱਠ ਸਪੋਕ ਹਨ। ਇਕ-ਇਕ ਸਪੋਕ ਉੱਤੇ ਇਕ- ਇਕ ਮੰਦਰ ਲਿਖਿਆ ਹੋਇਆ ਹੈ। ਸਵੇਰ ਤੋਂ ਆਦਮੀ ਬੈਠ ਕੇ ਉਸ ਚੱਕੇ ਨੂੰ ਘੁੰਮਾ ਦਿੰਦਾ ਹੈ। ਜਿੰਨੇ ਚੱਕਾ ਚੱਕਰ ਲਾ ਲੈਂਦਾ ਹੈ, ਉੱਨੀ ਵਾਰੀ ਇਕ ਸੌ ਅੱਠ ਨਾਲ ਗੁਣਾ ਕਰ ਕੇ ਉਹ ਸਮਝ ਲੈਂਦਾ ਹੈ ਕਿ ਇੰਨੀ ਵਾਰੀ ਮੈਂ ਮੰਤਰ ਦਾ ਪਾਠ ਕੀਤਾ। ਉਹ ਪ੍ਰੇਅਰ ਵੀਲ ਸਵੇਰ ਤੋਂ ਆਦਮੀ ਦਸ ਵਾਰੀ ਘੁੰਮਾ ਦਿੰਦਾ ਹੈ, ਉਹ ਸੌ ਵਾਰੀ ਘੁੰਮਾ ਜਾਂਦਾ ਹੈ। ਇੱਕ ਸੌ ਅੱਠ ਨੂੰ ਸੌ ਨਾਲ ਗੁਣਾ ਕਰ ਲਿਆ, ਇੰਨੀ ਵਾਰੀ ਮੈਂ ਭਗਵਾਨ ਦਾ ਨਾਂ ਲਿਆ! ਅਤੇ ਆਪਣੇ ਕੰਮ 'ਤੇ ਚਲਾ ਜਾਂਦਾ ਹੈ। ਉਹ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹੈ। ਨਾਂ ਲੈਣ ਦਾ ਝੰਜਟ ਉਹਨਾਂ ਨੇ ਛੱਡ ਦਿੱਤਾ। ਆਪਣਾ ਕੰਮ ਵੀ ਕਰਦੇ ਰਹਿੰਦੇ ਹਨ ਅਤੇ ਚੱਕਰ ਵੀ ਲਗਾਉਂਦੇ ਰਹਿੰਦੇ ਹਨ।
ਅਸੀਂ ਵੀ ਇਹੀ ਕਰਦੇ ਹਾਂ। ਮਨ ਸਾਡਾ ਦੂਸਰਾ ਕੰਮ ਕਰਦਾ ਰਹਿੰਦਾ ਹੈ ਅਤੇ ਜ਼ਬਾਨ ਸਾਡੀ ਰਾਮ-ਰਾਮ ਕਰਦੀ ਰਹਿੰਦੀ ਹੈ। ਜ਼ਬਾਨ ਰਾਮ-ਰਾਮ ਕਰ ਰਹੀ ਹੋਵੇ ਜਾਂ ਇਕ ਪ੍ਰੇਅਰ ਵ੍ਹੀਲ ਉੱਤੇ ਰਾਮ-ਰਾਮ ਲਿਖਿਆ ਹੋਵੇ, ਕੀ ਫ਼ਰਕ ਪੈਂਦਾ ਹੈ। ਅੰਦਰ ਮਨ ਸਾਡਾ ਕੁਝ ਹੋਰ ਕਰ ਰਿਹਾ ਹੈ। ਹੁਣ ਤਾਂ ਹੋਰ ਵਿਵਸਥਾ ਹੋ ਗਈ ਹੈ। ਹੁਣ ਤਕ ਤਿੱਬਤ ਵਿੱਚ ਬਿਜਲੀ ਨਹੀਂ ਪਹੁੰਚੀ ਸੀ, ਹੁਣ ਪਹੁੰਚ ਗਈ ਹੋਵੇਗੀ ਤਾਂ ਹੁਣ ਤਾਂ ਉਹਨਾਂ ਨੂੰ ਹੱਥ ਨਾਲ ਵੀ ਘੁੰਮਾਉਣ ਦੀ ਜ਼ਰੂਰਤ ਨਹੀਂ ਹੈ, ਬਿਜਲੀ ਨਾਲ ਪਲੱਗ ਲਗਾ ਦੇਣਗੇ, ਚੱਕਰ ਘੁੰਮਦਾ ਰਹੇਗਾ ਦਿਨ ਭਰ ਅਤੇ ਹਜ਼ਾਰਾਂ ਵਾਰ ਰਾਮ ਦਾ ਜਾਪ ਕਰਨ ਦਾ ਲਾਭ ਮਿਲ ਜਾਵੇਗਾ।
ਆਦਮੀ ਨੇ ਆਪਣੇ-ਆਪ ਨੂੰ ਧੋਖਾ ਦੇਣ ਲਈ ਹਜ਼ਾਰਾਂ ਤਰ੍ਹਾਂ ਦੀਆਂ ਸਕੀਮਾਂ ਖੋਜ ਲਈਆਂ ਹਨ। ਉਹਨਾਂ ਸਕੀਮਾਂ ਨੂੰ ਅਸੀਂ ਧਰਮ ਬੋਲਦੇ ਰਹੇ ਅਤੇ ਇਸੇ ਕਰਕੇ ਸਾਰੇ ਮੁਲਕ ਵਿੱਚ ਇਹ ਦੁਬਿਧਾ ਖੜੀ ਹੋ ਗਈ ਹੈ ਕਿ ਅਸੀਂ ਕਹਿਣ ਨੂੰ ਤਾਂ ਧਾਰਮਿਕ ਹਾਂ ਅਤੇ ਸਾਡੇ ਜਿਹਾ ਅਧਾਰਮਿਕ ਆਚਰਣ ਅੱਜ ਪ੍ਰਿਥਵੀਂ 'ਤੇ ਖੋਜਣ 'ਤੇ ਕਿਤੇ ਵੀ ਨਹੀਂ ਮਿਲ ਸਕਦਾ। ਸਾਡੇ ਤੋਂ ਜ਼ਿਆਦਾ ਅਨੈਤਿਕ ਲੋਕ, ਸਾਡੇ ਤੋਂ ਜ਼ਿਆਦਾ ਚਰਿੱਤਰ ਵਿੱਚ ਘਟੀਆ ਲੋਕ, ਸਾਡੇ ਤੋਂ ਜ਼ਿਆਦਾ ਤੰਗਦਿਲ, ਸਾਡੇ ਤੋਂ ਜ਼ਿਆਦਾ ਸੰਕੀਰਣ, ਸਾਡੇ ਤੋਂ ਜ਼ਿਆਦਾ ਨੀਚਤਾ ਵਿੱਚ ਜਿਉਣ ਵਾਲੇ ਲੋਕ ਹੋਰ ਕਿਤੇ ਮਿਲਣੇ ਮੁਸ਼ਕਲ ਹਨ। ਅਤੇ ਨਾਲ ਹੀ ਸਾਨੂੰ ਧਾਰਮਿਕ ਹੋਣ ਦਾ ਸੁੱਖ ਹੈ ਕਿ ਅਸੀਂ ਧਾਰਮਿਕ ਹਾਂ—ਇਹ ਦੋਵੇਂ ਗੱਲਾਂ ਇਕ ਨਾਲ ਚੱਲ ਰਹੀਆਂ ਹਨ। ਕੋਈ ਇਹ ਕਹਿਣ ਵਾਲਾ ਨਹੀਂ ਹੈ ਕਿ ਇਹ ਦੋਵੇਂ ਗੱਲਾਂ ਨਾਲ-ਨਾਲ ਕਿਵੇਂ ਚੱਲ ਸਕਦੀਆਂ ਹਨ!