ਧਰਮ ਦੱਸਦਾ ਸੀ, ਜੀਵਨ ਕਿਵੇਂ ਛੱਡਿਆ ਜਾਵੇ, ਜੀਵਨ ਕਿਵੇਂ ਤਿਆਗਿਆ ਜਾਵੇ, ਜੀਵਨ ਤੋਂ ਕਿਵੇਂ ਭੱਜਿਆ ਜਾਵੇ-ਇਸ ਦੇ ਸਾਰੇ ਨਿਯਮ-ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਾਡੇ ਸਾਰੇ ਨਿਯਮ ਇਸ ਦੇ ਲਈ ਖੋਜ ਹੈ ਕਿ ਜੀਵਨ ਨੂੰ ਛੱਡਣ ਦਾ ਢੰਗ ਕੀ ਹੈ, ਲੇਕਿਨ ਜੀਵਨ ਨੂੰ ਜਿਉਣ ਦਾ ਢੰਗ ਕੀ ਹੈ, ਉਸ ਦੇ ਸੰਬੰਧ ਵਿੱਚ ਧਰਮ ਮੌਨ ਹੈ। ਨਤੀਜਾ ਕੁਦਰਤੀ ਸੀ।
ਜੀਵਨ ਨੂੰ ਛੱਡਣ ਵਾਲੀ ਕੌਮ ਕਿਵੇਂ ਧਾਰਮਿਕ ਹੋ ਸਕਦੀ ਹੈ ? ਜਿਉਣਾ ਤਾਂ ਹੈ ਜੀਵਨ ਨੂੰ। ਕਿੰਨੇ ਲੋਕ ਭੱਜਣਗੇ ? ਅਤੇ ਜੋ ਭੱਜ ਕੇ ਵੀ ਜਾਂਦੇ ਹਨ, ਉਹ ਜਾਂਦੇ ਕਿੱਥੇ ਹਨ ? ਸੰਨਿਆਸੀ ਭੱਜ ਕੇ, ਸਾਧੂ ਭੱਜ ਕੇ ਜਾਂਦਾ ਕਿੱਥੇ ਹੈ ? ਭੱਜਦਾ ਕਿੱਥੇ ਹੈ ? ਸਿਰਫ਼ ਧੋਖਾ ਪੈਦਾ ਹੁੰਦਾ ਹੈ ਭੱਜਣ ਦਾ। ਸਿਰਫ਼ ਮਿਹਨਤ ਤੋਂ ਭੱਜ ਜਾਂਦਾ ਹੈ, ਸਮਾਜ ਤੋਂ ਭੱਜ ਜਾਂਦਾ ਹੈ, ਲੇਕਿਨ ਸਮਾਜ ਦੇ ਉੱਪਰ ਪੂਰਾ ਸਮਾਂ ਨਿਰਭਰ ਰਹਿੰਦਾ ਹੈ। ਸਮਾਜ ਤੋਂ ਰੋਟੀ ਲੈਂਦਾ ਹੈ, ਇੱਜ਼ਤ ਲੈਂਦਾ ਹੈ। ਸਮਾਜ ਤੋਂ ਕੱਪੜੇ ਲੈਂਦਾ ਹੈ, ਸਮਾਜ ਦੇ ਵਿੱਚ ਜਿਉਂਦਾ ਹੈ। ਸਮਾਜ ਉੱਤੇ ਨਿਰਭਰ ਹੁੰਦਾ ਹੈ। ਸਿਰਫ਼ ਇਕ ਫ਼ਰਕ ਹੋ ਜਾਂਦਾ ਹੈ। ਉਹ ਫ਼ਰਕ ਇਹ ਹੈ ਕਿ ਉਹ ਪੂਰੀ ਤਰ੍ਹਾਂ ਖਾਣ ਵਾਲਾ ਹੋ ਜਾਂਦਾ ਹੈ; ਕੰਮ ਕਰਨ ਵਾਲਾ ਨਹੀਂ ਰਹਿ ਜਾਂਦਾ। ਉਹ ਕੋਈ ਕੰਮ ਨਹੀਂ ਕਰਦਾ, ਸਿਰਫ਼ ਸ਼ੋਸ਼ਨ ਕਰਦਾ ਹੈ।
ਕਿੰਨੇ ਲੋਕ ਸੰਨਿਆਸੀ ਹੋ ਸਕਦੇ ਹਨ ? ਜੇਕਰ ਪੂਰਾ ਸਮਾਜ ਭੱਜਣ ਵਾਲਾ ਸਮਾਜ ਹੋ ਜਾਏ ਤਾਂ ਕੀ ਪੰਜਾਹ ਸਾਲਾਂ ਵਿੱਚ ਉਸ ਦੇਸ਼ ਵਿੱਚ ਇਕ ਜਿਉਂਦਾ ਪ੍ਰਾਣੀ ਬਚੇਗਾ ? ਪੰਜਾਹ ਸਾਲਾਂ ਵਿੱਚ ਸਾਰੇ ਲੋਕ ਖ਼ਤਮ ਹੋ ਜਾਣਗੇ। ਲੇਕਿਨ ਪੰਜਾਹ ਸਾਲ ਵੀ ਲੰਬਾ ਸਮਾਂ ਹੈ। ਜੇਕਰ ਸਾਰੇ ਲੋਕ ਸੰਨਿਆਸੀ ਹੋ ਜਾਣ ਤਾਂ ਪੰਦਰਾਂ ਦਿਨ ਵੀ ਬਚਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਕਿਸ ਦਾ ਸ਼ੋਸ਼ਨ ਕਰੋਗੇ ? ਕਿਸ ਦੇ ਆਧਾਰ 'ਤੇ ਜਿਉਂਦੇ ਰਹੋਗੇ ?
ਭੱਜਣ ਵਾਲਾ ਧਰਮ, ਬਚਣ ਵਾਲਾ ਧਰਮ ਕਦੀ ਜ਼ਿੰਦਗੀ ਨੂੰ ਬਦਲਣ ਵਾਲਾ ਧਰਮ ਨਹੀਂ ਹੋ ਸਕਦਾ। ਥੋੜ੍ਹੇ-ਜਿਹੇ ਲੋਕ ਭੱਜਣਗੇ ਅਤੇ ਜੋ ਭੱਜ ਜਾਣਗੇ, ਉਹ ਉਹਨਾਂ ਉੱਪਰ ਨਿਰਭਰ ਰਹਿਣਗੇ, ਜੋ ਭੱਜੇ ਨਹੀਂ ਹਨ।
ਹੁਣ ਇਹ ਬੜੇ ਚਮਤਕਾਰ ਦੀ ਗੱਲ ਹੈ ਕਿ ਸੰਨਿਆਸੀ ਗ੍ਰਹਿਸਥ ਉੱਪਰ ਨਿਰਭਰ ਹੈ ਅਤੇ ਗ੍ਰਹਿਸਥ ਨੂੰ ਨੀਵਾਂ ਸਮਝਦਾ ਹੈ ਆਪਣੇ ਤੋਂ। ਉਸ ਨੂੰ ਚੌਵੀ ਘੰਟੇ ਗਾਲ੍ਹਾਂ ਕੱਢਦਾ ਹੈ। ਉਸ ਦੇ ਪਾਪ ਦਾ ਬਿਆਨ ਕਰਦਾ ਹੈ। ਉਸ ਦੇ ਨਰਕ ਜਾਣ ਦੀ ਯੋਜਨਾ ਦੱਸਦਾ ਹੈ ਅਤੇ ਨਿਰਭਰ ਉਸ ਉੱਪਰ ਹੈ। ਅਤੇ ਇਹ ਗ੍ਰਹਿਸਥੀ ਸਾਰੇ ਨਰਕ ਜਾਣਗੇ ਤਾਂ ਇਹਨਾਂ ਦੀ ਰੋਟੀ ਖਾਣ ਵਾਲੇ, ਇਹਨਾਂ ਦੇ ਕੱਪੜੇ ਪਹਿਨਣ ਵਾਲੇ ਸੰਨਿਆਸੀ ਇਹਨਾਂ ਦੇ ਪਿੱਛੇ ਨਰਕ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾ ਸਕਦੇ ਹਨ ? ਕਿਤੇ ਜਾਣ ਦਾ ਕਈ ਉਪਾਅ ਨਹੀਂ ਹੋ ਸਕਦਾ।