ਲੇਕਿਨ ਭੱਜਣ ਦੀ ਇਕ ਸੋਚ ਜਦੋਂ ਅਸੀਂ ਸਪੱਸ਼ਟ ਕਰ ਲਈ ਕਿ ਜੋ ਭੱਜਦਾ ਹੈ, ਉਹ ਧਾਰਮਿਕ ਹੈ; ਤਾਂ ਜੋ ਜਿਉਂਦਾ ਹੈ, ਉਹ ਤਾਂ ਅਧਾਰਮਿਕ ਹੈ; ਉਸ ਨੂੰ ਧਾਰਮਿਕ ਢੰਗ ਨਾਲ ਜਿਉਣ ਦਾ, ਸੋਚਣ ਦਾ ਕੋਈ ਸਵਾਲ ਨਾ ਰਿਹਾ। ਉਹ ਤਾਂ ਅਧਾਰਮਿਕ ਹੈ, ਕਿਉਂਕਿ ਜਿਉਂਦਾ ਹੈ। ਭੱਜਦਾ ਜੋ ਹੈ, ਉਹ ਧਾਰਮਿਕ ਹੈ! ਤਾਂ ਜਿਉਣ ਵਾਲੇ ਲਈ ਧਾਰਮਿਕ ਹੋਣ ਦਾ ਕੋਈ ਵਿਧਾਨ, ਕੋਈ ਵਿਧੀ, ਕੋਈ ਤਕਨੀਕ, ਕੋਈ ਕਲਾ ਅਸੀਂ ਨਹੀਂ ਲੱਭ ਸਕੇ। ਮੇਰਾ ਕਹਿਣਾ ਹੈ, ਭਾਰਤ ਧਾਰਮਿਕ ਹੋ ਸਕਦਾ ਹੈ, ਜੇਕਰ ਅਸੀਂ ਉਸ ਨੂੰ ਜੀਵਨ ਦਾ ਅੰਗ ਬਣਾਈਏ, ਜੀਵਨ ਦੀ ਹਾਮੀ, ਜੀਵਨ ਨੂੰ ਸਵੀਕਾਰ ਕਰਨ ਦਾ ਧਰਮ ਬਣਾਈਏ-ਜੀਵਨ ਨੂੰ ਛੱਡਣ ਦਾ ਨਹੀਂ।
ਦੂਸਰੀ ਗੱਲ : ਧਰਮ ਨੇ ਇਕ ਉਲਟ ਕੰਮ ਕੀਤਾ। ਉਹ ਉਲਟ ਇਕ ਰਿਐਕਸ਼ਨ (ਪ੍ਰਤੀਕ੍ਰਿਆ) ਸੀ, ਇਕ ਪ੍ਰਤੀਕ੍ਰਿਆ ਸੀ। ਸਾਰੀ ਦੁਨੀਆਂ ਵਿੱਚ ਅਜਿਹੇ ਲੋਕ ਸਨ, ਜੋ ਮੰਨਦੇ ਸਨ ਕਿ ਮਨੁੱਖ ਕੇਵਲ ਸਰੀਰ ਹੈ, ਸਰੀਰ ਦੇ ਇਲਾਵਾ ਕੋਈ ਆਤਮਾ ਨਹੀਂ ਹੈ। ਧਰਮ ਨੇ ਠੀਕ ਉੱਲਟ, ਦੂਸਰੀ ਐਕਸਟ੍ਰੀਮ (ਸਿਰਾ) ਫੜ ਲਿਆ ਅਤੇ ਕਿਹਾ; ਆਦਮੀ ਸਿਰਫ਼ ਆਤਮਾ ਹੈ। ਸਰੀਰ ਤਾਂ ਮਾਇਆ ਹੈ, ਸਰੀਰ ਤਾਂ ਝੂਠ ਹੈ।
ਇਹ ਦੋਵੇਂ ਹੀ ਗੱਲਾਂ ਝੂਠ ਹਨ। ਨਾ ਤਾਂ ਆਦਮੀ ਸਿਰਫ਼ ਸਰੀਰ ਹੈ ਅਤੇ ਨਾ ਆਦਮੀ ਸਿਰਫ਼ ਆਤਮਾ ਹੈ। ਇਹ ਦੋਵੇਂ ਗੱਲਾਂ ਸਮਾਨ ਰੂਪ ਵਿੱਚ ਝੂਠ ਹਨ। ਇਕ ਝੂਠ ਦੇ ਵਿਰੋਧ ਵਿੱਚ ਦੂਸਰਾ ਝੂਠ ਖੜਾ ਕਰ ਲਿਆ। ਪੱਛਮ ਇਕ ਝੂਠ ਬੋਲਦਾ ਰਿਹਾ ਹੈ ਕਿ ਆਦਮੀ ਸਿਰਫ਼ ਸਰੀਰ ਹੈ ਅਤੇ ਭਾਰਤ ਇਕ ਝੂਠ ਬੋਲ ਰਿਹਾ ਹੈ ਕਿ ਆਦਮੀ ਸਿਰਫ਼ ਆਤਮਾ ਹੈ। ਇਹ ਦੋਵੇਂ ਸਰਾਸਰ ਝੂਠ ਹਨ। ਪੱਛਮ ਆਪਣੇ ਝੂਠ ਦੁਆਰਾ ਅਧਾਰਮਿਕ ਹੋ ਗਿਆ, ਕਿਉਂਕਿ ਸਿਰਫ਼ ਸਰੀਰ ਨੂੰ ਮੰਨਣ ਵਾਲੇ ਲੋਕ, ਉਹਨਾਂ ਲਈ ਧਰਮ ਦਾ ਕੋਈ ਸਵਾਲ ਨਾ ਰਿਹਾ। ਭਾਰਤ ਆਪਣੇ ਝੂਠ ਦੇ ਕਾਰਨ ਅਧਾਰਮਿਕ ਹੋ ਗਿਆ, ਕਿਉਂਕਿ ਸਿਰਫ਼ ਆਤਮਾ ਨੂੰ ਮੰਨਣ ਵਾਲੇ ਲੋਕਾਂ ਨੇ ਸਰੀਰ ਦਾ ਜੋ ਜੀਵਨ ਹੈ, ਉਸ ਦੇ ਵੱਲ ਅੱਖਾਂ ਬੰਦ ਕਰ ਲਈਆਂ ਹਨ। ਜੋ ਮਾਇਆ ਹੈ, ਉਸ ਦਾ ਵਿਚਾਰ ਵੀ ਕੀ ਕਰਨਾ? ਜੋ ਹੈ ਹੀ ਨਹੀਂ, ਉਸ ਦੇ ਸੰਬੰਧ ਵਿੱਚ ਸੋਚਣਾ ਵੀ ਕੀ? ਜਦੋਂ ਕਿ ਆਦਮੀ ਦੀ ਜ਼ਿੰਦਗੀ ਸਰੀਰ ਅਤੇ ਆਤਮਾ ਦਾ ਜੋੜ ਹੈ। ਉਹ ਸਰੀਰ ਅਤੇ ਆਤਮਾ ਦਾ ਮਿਲਿਆ ਹੋਇਆ ਸੰਗੀਤ ਹੈ।
ਜੇਕਰ ਅਸੀਂ ਆਦਮੀ ਨੂੰ ਧਾਰਮਿਕ ਬਣਾਉਣਾ ਚਾਹੁੰਦੇ ਹਾਂ, ਤਾਂ ਉਸ ਦੇ ਸਰੀਰ ਨੂੰ ਵੀ ਸਵੀਕਾਰ ਕਰਨਾ ਹੋਵੇਗਾ, ਉਸ ਦੀ ਆਤਮਾ ਨੂੰ ਵੀ। ਨਿਸ਼ਚਿਤ ਹੀ ਉਸ ਦੇ ਸਰੀਰ ਨੂੰ ਬਿਨਾਂ ਸਵੀਕਾਰ ਕੀਤੇ ਅਸੀਂ ਉਸ ਦੀ ਆਤਮਾ ਦੀ ਖੋਜ ਵਿੱਚ ਇਕ ਇੰਚ ਵੀ ਅੱਗੇ ਨਹੀਂ ਵਧ ਸਕਦੇ। ਸਰੀਰ ਤਾਂ ਮਿਲ ਵੀ ਜਾਵੇ ਬਿਨਾਂ