ਬੁੱਢਿਆਂ ਦੀ ਬੁੱਧੀ ਬੁੱਢਿਆਂ ਦੀ ਹੈ। ਬੁੱਢਿਆਂ ਨੂੰ ਜੀਵਨ-ਭਰ ਦਾ ਅਨੁਭਵ ਹੈ। ਉਹ ਹੋਰ ਢੰਗ ਨਾਲ ਸੋਚਦੇ ਹਨ, ਬੱਚੇ ਹੋਰ ਢੰਗ ਨਾਲ। ਅਤੇ ਸਾਡੇ ਸਾਰੇ ਬੱਚਿਆਂ ਨੂੰ ਬੁੱਢਿਆਂ ਦੇ ਨਾਲ ਚਲਣਾ ਪੈਂਦਾ ਹੈ। ਇਸ ਨਾਲ ਕਿੰਨਾ ਅਨਿਆ ਹੋ ਜਾਂਦਾ ਹੈ ਬੱਚਿਆਂ ਨਾਲ, ਇਸ ਦਾ ਸਾਨੂੰ ਹਿਸਾਬ ਲਾਉਣਾ ਮੁਸ਼ਕਲ ਹੈ। ਨਾ ਬੁੱਢੇ ਬੱਚਿਆਂ ਨੂੰ ਸਮਝ ਸਕਦੇ ਹਨ, ਨਾ ਬੱਚੇ ਬੁੱਢਿਆਂ ਨੂੰ ਸਮਝ ਸਕਦੇ ਹਨ। ਬੁੱਢੇ ਦੁੱਖੀ ਹੁੰਦੇ ਹਨ ਕਿ ਬੱਚੇ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ, ਅਤੇ ਬੱਚੇ ਨੂੰ ਅਸੀਂ ਕਿੰਨਾ ਪ੍ਰੇਸ਼ਾਨ ਕਰਦੇ ਹਾਂ, ਇਸ ਦਾ ਕੋਈ ਹਿਸਾਬ ਨਹੀਂ ਹੈ। ਕਿਥੁਤਜ਼ ਨੇ ਕਿਹਾ ਹੈ ਕਿ ਬੁੱਢਿਆਂ ਅਤੇ ਬੱਚਿਆਂ ਨੂੰ ਨਾਲ-ਨਾਲ ਪਾਲਣਾ ਬੱਚੇ ਨੂੰ ਬਚਪਨ ਤੋਂ ਹੀ ਪਾਗ਼ਲ ਬਨਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਬੱਚੇ ਦਾ ਆਪਣਾ ਸੋਚਣ ਦਾ ਢੰਗ ਹੈ। ਇਸ ਦਾ ਢੰਗ ਗ਼ਲਤ ਹੈ, ਇਹ ਨਹੀਂ; ਇਸ ਦਾ ਆਪਣਾ, ਆਪਣੇ ਜੀਵਨ ਦਾ ਅਨੁਭਵ ਹੈ; ਇਸ ਦਾ ਆਪਣਾ ਸੋਚਣ ਦਾ ਢੰਗ ਹੈ; ਇਸ ਦਾ ਆਪਣੀ ਉਮਰ ਤੋਂ ਦੇਖਣ ਦਾ ਰਸਤਾ ਹੈ; ਛੋਟੇ ਬੱਚੇ ਦੀ ਜ਼ਿੰਦਗੀ ਨਾਲ ਉਸ ਦਾ ਕੀ ਸੰਬੰਧ ਹੈ ?
ਤਾਂ ਕਿਬੁਤਜ਼ ਕਹਿੰਦਾ ਹੈ, ਇਕ ਉਮਰ ਦੇ ਲੋਕਾਂ ਨੂੰ ਨਾਲ ਪਾਲਣਾ ਹੀ ਮਨੋਵਿਗਿਆਨਕ ਹੈ। ਤਾਂ ਜਿਸ ਉਮਰ ਦੇ ਬੱਚੇ ਹਨ, ਉਹ ਉਸੇ ਉਮਰ ਦੇ ਬੱਚਿਆਂ ਦੇ ਨਾਲ ਪਾਲੇ ਜਾਣ। ਅਤੇ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕਿਬੁਤਜ਼ ਤੋਂ ਆਏ ਹੋਏ ਬੱਚੇ ਇਕ ਤਾਜ਼ਗੀ, ਇਕ ਨਵਾਂਪਨ, ਗੱਲ ਹੀ ਹੋਰ, ਖ਼ੁਸ਼ੀ ਹੀ ਹੋਰ...। ਸਾਡੇ ਬੱਚੇ ਤਾਂ ਬੁੱਢਿਆਂ ਦੇ ਨਾਲ ਰਹਿ-ਰਹਿ ਕੇ ਉਦਾਸ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਉਹ ਖ਼ੁਸ਼ ਹੋਣਾ ਸਿੱਖਣ, ਚਾਰੇ ਪਾਸਿਆਂ ਤੋਂ ਉਦਾਸੀ ਉਹਨਾਂ ਨੂੰ ਘੇਰ ਲੈਂਦੀ ਹੈ। ਉਹ ਇਕਦਮ ਭੈਭੀਤ ਹੋ ਜਾਂਦੇ ਹਨ ਕਿਉਂਕਿ ਹਰ ਚੀਜ਼ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹ ਗ਼ਲਤ ਹਨ। ਪਿਤਾ ਕਿਤਾਬ ਪੜ੍ਹ ਰਿਹਾ ਹੈ, ਗੀਤਾ ਪੜ੍ਹ
ਰਿਹਾ ਹੈ ਅਤੇ ਬੱਚੇ ਨੂੰ ਲੱਗਦਾ ਹੈ ਕਿ ਉਹ ਸ਼ੋਰ ਕਰ ਰਿਹਾ ਹੈ। ਬੱਚੇ ਨੂੰ ਕਦੀ ਖ਼ਿਆਲ ਵਿੱਚ ਵੀ ਨਹੀਂ ਆਉਂਦਾ ਕਿ ਗੀਤਾ ਪੜ੍ਹਨਾ ਕੀ ਇੰਨਾ ਉਪਯੋਗੀ ਹੋ ਸਕਦਾ ਹੈ! ਮੇਰਾ ਖੇਡ ਕਰਨਾ ਫਜ਼ੂਲ ਹੈ ? ਬੱਚੇ ਦੇ ਲਈ ਕੁੱਦਣਾ ਅਤੇ ਸ਼ੋਰ ਕਰਨਾ ਇੰਨਾ ਸਾਰਥਕ ਹੈ ਕਿ ਉਸ ਦੀ ਕਲਪਨਾ ਤੋਂ ਬਾਹਰ ਹੈ ਕਿ ਤੁਸੀਂ ਇਕ ਕਿਤਾਬ ਲੈ ਕੇ ਬੈਠੇ ਕਿ ਕੋਈ ਬਹੁਤ ਵੱਡਾ ਕੰਮ ਕਰ ਰਹੇ ਹੋ ਅਤੇ ਉਹ ਸ਼ੋਰ ਨਾ ਕਰੇ । ਹਰ ਚੀਜ਼ ਹੌਲੀ-ਹੌਲੀ ਉਸ ਨੂੰ ਪਤਾ ਲੱਗ ਜਾਂਦੀ ਹੈ ਕਿ ਉਹ ਗ਼ਲਤ ਹੈ।
ਤਾਂ ਅਸੀਂ ਹਰ ਬੱਚੇ ਨੂੰ ਦੋਸ਼ੀ ਅਤੇ ਅਪਰਾਧੀ ਬਣਾ ਦਿੰਦੇ ਹਾਂ। ਬਚਪਨ ਵਿੱਚ ਉਸ ਨੂੰ ਲੱਗਣ ਲੱਗਦਾ ਹੈ ਕਿ ਮੈਂ ਜੋ ਕਰਦਾ ਹਾਂ ਉਹ ਗ਼ਲਤ ਹੈ। ਸ਼ੋਰ ਕਰਦਾ ਹਾਂ, ਗ਼ਲਤ ਹੈ; ਦੌੜਦਾ ਹਾਂ, ਗ਼ਲਤ ਹੈ; ਦਰਖ਼ਤ 'ਤੇ ਚੜ੍ਹਦਾ ਹਾਂ, ਗ਼ਲਤ ਹੈ; ਨਦੀ ਵਿੱਚ ਕੁੱਦਦਾ ਹਾਂ, ਗਲਤ ਹੈ; ਬਾਰਿਸ਼ ਵਿੱਚ ਖੜਾ ਹੁੰਦਾ ਹਾਂ, ਗਲਤ ਹੈ। ਮੈਂ ਜੋ ਵੀ ਕਰਦਾ ਹਾਂ; ਗ਼ਲਤ ਹੈ। ਇਸ ਦਾ ਇਕੱਠਾ ਨਤੀਜਾ ਹੁੰਦਾ ਹੈ ਕਿ ਮੈਂ ਗਲਤ ਆਦਮੀ ਹਾਂ।