ਆਰਾਮ ਜ਼ਰੂਰੀ ਹੈ, ਹੋਰ ਕਿਸੇ ਅਰਥ ਵਿੱਚ ਨਹੀਂ। ਜੋ ਮਿੱਤਰ ਮੈਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ।
ਹੁਣੇ ਬਨਾਰਸ ਵਿੱਚ ਇਕ ਦਿਨ ਬੋਲ ਕੇ ਮੈਂ ਮੁੜਿਆ ਰਾਤ ਨੂੰ ਤਾਂ ਕੋਈ ਦਸ ਵਜੇ ਸਨ। ਅਤੇ ਘਰ ਵਿੱਚ ਅੱਠ-ਦਸ ਆਦਮੀ ਇਕੱਠੇ ਹਨ। ਸਵੇਰ ਤੋਂ ਮੈਂ ਬੋਲ ਰਿਹਾ ਹਾਂ। ਰਾਤ ਨੂੰ ਦਸ ਵਜੇ ਮੁੜਿਆ ਹਾਂ ਕਿ ਹੁਣ ਜਾ ਕੇ ਸੌਂ ਜਾਵਾਂਗਾ, ਕਮਰੇ ਵਿੱਚ ਅੱਠ-ਦਸ ਲੋਕ ਇਕੱਠੇ ਹਨ। ਉਹਨਾਂ ਨੂੰ ਪਤਾ ਵੀ ਨਹੀਂ। ਉਹਨਾਂ ਦਾ ਕੋਈ ਕਸੂਰ ਵੀ ਨਹੀਂ। ਉਹਨਾਂ ਨੇ ਕੁਝ ਗੱਲਾਂ ਪੁੱਛਣੀਆਂ ਹਨ। ਉਹ ਬਹੁਤ ਪ੍ਰੇਮ ਨਾਲ ਮਿਲਣ ਆਏ ਹਨ। ਆਪਣੀਆਂ ਗੱਲਾਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ। ਉਹ ਸਾਢੇ ਬਾਰ੍ਹਾਂ ਵੱਜੇ ਤੱਕ ਗੱਲਾਂ ਕਰੀ ਤੁਰੇ ਜਾ ਰਹੇ ਹਨ।
ਹੁਣ ਘਰ ਦੇ ਮੇਰੇ ਜਿਹੜੇ ਜਜਮਾਨ ਹਨ, ਉਹ ਪ੍ਰੇਸ਼ਾਨ ਇਧਰ-ਉਧਰ ਘੁੰਮ ਰਹੇ ਹਨ। ਉਹ ਵਾਰ-ਵਾਰ ਇਸ਼ਾਰਾ ਕਰਦੇ ਹਨ ਕਿ ਹੁਣ ਇਹਨਾਂ ਨੂੰ ਉਠਾਵਾਂ, ਲੇਕਿਨ ਉਹ ਤਾਂ ਗੱਲ-ਬਾਤ ਵਿੱਚ ਇੰਨੇ ਮਸਤ ਹਨ। ਅਤੇ ਉਹਨਾਂ ਦੀ ਗੱਲ- ਬਾਤ ਉਪਯੋਗੀ ਹੈ; ਅਰਥਪੂਰਨ ਹੈ; ਉਹਨਾਂ ਦੇ ਜੀਵਨ ਦੀ ਸਮੱਸਿਆ ਹੈ। ਕਿੱਥੇ ਹੁਣ ਖ਼ਿਆਲ ਕਰਦੇ ਹਨ ਕਿ ਹੁਣ ਮੈਨੂੰ ਸੌਂ ਜਾਣਾ ਚਾਹੀਦੈ। ਇਕ ਵਜੇ ਜਾ ਕੇ ਆਖ਼ਰ ਮੈਨੂੰ ਉਹਨਾਂ ਨੂੰ ਕਹਿਣਾ ਪਿਆ। ਕਿਹਾ ਤਾਂ ਉਹ ਦੁੱਖੀ ਹੋਏ, ਅਤੇ ਕਿਹਾ ਕਿ ਅਸੀਂ ਛੇ ਮਹੀਨਿਆਂ ਤੋਂ ਰਾਹ ਦੇਖ ਰਹੇ ਹਾਂ ਤੁਹਾਡੇ ਆਉਣ ਦੀ ਅਤੇ ਕੱਲ੍ਹ ਸਵੇਰੇ ਤਾਂ ਤੁਸੀਂ ਚਲੇ ਜਾਉਗੇ। ਕੀ ਇਹ ਨਹੀਂ ਹੋ ਸਕਦਾ ਕਿ ਅੱਜ ਤੁਸੀਂ ਸਾਡੇ ਲਈ ਨਾ ਸੌਂਵੋ ? ਮੈਂ ਆਖਿਆ, ਇਹ ਹੋ ਸਕਦਾ ਹੈ; ਲੇਕਿਨ ਇਹ ਕਿੰਨੇ ਦਿਨ ਚੱਲ ਸਕੇਗਾ ? ਇਹ ਹੋ ਸਕਦਾ ਹੈ, ਅੱਜ ਮੈਂ ਨਹੀਂ ਸੌਵਾਂਗਾ, ਲੇਕਿਨ ਇਹ ਕਿੰਨੇ ਦਿਨ ਚੱਲ ਸਕਦਾ ਹੈ ?
ਹੁਣੇ ਇਕ ਦਿਨ ਇਕ ਮੀਟਿੰਗ ਸੀ ਅੱਠ ਵੱਜੇ। ਸੱਤ ਵਜੇ ਮੈਂ ਥੱਕਿਆ- ਹਾਰਿਆ ਮੁੜਿਆ ਅਤੇ ਸੌਂ ਗਿਆ, ਕਿਉਂਕਿ ਅੱਠ ਵਜੇ ਦੀ ਮੀਟਿੰਗ ਵਿੱਚ ਜਾਣਾ ਹੈ। ਇਕ ਮਿੱਤਰ ਮਿਲਣ ਆਏ, ਉਹ ਮਿੱਤਰ ਇੱਥੇ ਹਨ। ਮੇਰੇ ਛੋਟੇ ਭਰਾ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਨਹੀਂ, ਹੁਣ ਅੱਜ ਉਹ ਨਹੀਂ ਮਿਲ ਸਕਣਗੇ, ਤੁਸੀਂ ਸਿੱਧੇ ਮੀਟਿੰਗ ਵਿੱਚ ਆ ਜਾਉ। ਉਹ ਵਿਚਾਰੇ ਮਹੀਨਿਆਂ ਤੋਂ ਆਉਣ ਦੇ ਖ਼ਿਆਲ ਵਿੱਚ ਹੋਣਗੇ। ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹ ਰੋਂਦੇ ਹੋਏ ਘਰ ਮੁੜੇ। ਮੈਨੂੰ ਕੱਲ੍ਹ ਹੀ ਪਤਾ ਲੱਗਿਆ। ਉਹਨਾਂ ਵੱਲੋਂ ਕੋਈ ਵੀ ਕਸੂਰ ਨਹੀਂ ਹੈ। ਉਹਨਾਂ ਨੂੰ ਕੁਝ ਵੀ ਪਤਾ ਨਹੀਂ, ਉਹ ਇੰਨੇ ਪਿਆਰ ਨਾਲ ਛੇ ਮਹੀਨਿਆਂ ਵਿੱਚ ਹੌਂਸਲਾ ਇਕੱਠਾ ਕਰਕੇ ਮਿਲਣ ਆਏ। ਪਤਾ ਨਹੀਂ ਕਿੰਨੀ ਭਾਵਨਾ ਲੈ ਕੇ ਆਏ ਹੋਣਗੇ, ਪਤਾ ਨਹੀਂ ਕੀ ਕਹਿਣ ਆਏ ਹੋਣਗੇ ਅਤੇ ਕਿਸੇ ਨੇ ਕਹਿ ਦਿੱਤਾ, ਨਹੀਂ, ਹੁਣੇ ਨਹੀਂ ਮਿਲ ਸਕਦੇ। ਇਸ ਵਿੱਚ ਗ਼ਲਤੀ ਕਿਸ ਦੀ ਹੈ?