5
ਵਿਚਾਰ ਕ੍ਰਾਂਤੀ ਦੀ ਜ਼ਰੂਰਤ
ਮੇਰੇ ਪਿਆਰੇ ਆਪਣੇ,
ਇਕ ਵਿਅਕਤੀ ਇਕ ਅਜਿਹੇ ਪਰਦੇਸ ਗਿਆ, ਇਕ ਅਜਿਹੇ ਦੇਸ ਵਿੱਚ ਜਿੱਥੋਂ ਦੀ ਉਹ ਭਾਸ਼ਾ ਨਹੀਂ ਸਮਝਦਾ ਹੈ ਅਤੇ ਨਾ ਹੀ ਉਸ ਦੀ ਭਾਸ਼ਾ ਦੂਸਰੇ ਲੋਕ ਸਮਝਦੇ ਹਨ। ਉਸ ਦੇਸ ਦੀ ਰਾਜਧਾਨੀ ਵਿੱਚ ਇਕ ਬਹੁਤ ਵੱਡੇ ਮਹਿਲ ਦੇ ਸਾਹਮਣੇ ਖੜੇ ਹੋ ਕੇ ਉਸ ਨੇ ਕਿਸੇ ਤੋਂ ਪੁੱਛਿਆ, ਇਹ ਭਵਨ ਕਿਸ ਦਾ ਹੈ ? ਉਸ ਆਦਮੀ ਨੇ ਕਿਹਾ, ਕੈਵਤੱਸਨ। ਉਸ ਆਦਮੀ ਦਾ ਮਤਲਬ ਸੀ : ਮੈਂ ਤੁਹਾਡੀ ਭਾਸ਼ਾ ਨਹੀਂ ਸਮਝਿਆ। ਲੇਕਿਨ ਉਸ ਪ੍ਰਦੇਸੀ ਨੇ ਸਮਝਿਆ, ਕਿਸੇ 'ਕੈਵਤੱਸਨ' ਨਾਂ ਦੇ ਆਦਮੀ ਦਾ ਇਹ ਮਕਾਨ ਹੈ। ਉਸ ਦੇ ਮਨ ਵਿੱਚ ਬੜੀ ਈਰਖਾ ਪੈਦਾ ਹੋਈ ਉਸ ਆਦਮੀ ਦੇ ਪ੍ਰਤੀ ਜਿਸ ਦਾ ਨਾਮ ਕੈਵਤੱਸਨ ਸੀ। ਇੰਨਾ ਵੱਡਾ ਭਵਨ ਸੀ, ਇੰਨਾ ਵਿਸ਼ਾਲ ਕਿ ਜਿਸ ਵਿੱਚ ਹਜ਼ਾਰਾਂ ਨੌਕਰ-ਚਾਕਰ ਆਉਂਦੇ ਜਾਂਦੇ ਸਨ। ਉਸ ਨੂੰ ਬੜੀ ਈਰਖਾ ਹੋਈ ਕੈਵਤੱਸਨ ਦੇ ਪ੍ਰਤੀ ਅਤੇ ਕੈਵਤੱਸਨ ਕੋਈ ਸੀ ਹੀ ਨਹੀਂ! ਉਸ ਆਦਮੀ ਨੇ ਸਿਰਫ਼ ਇੰਨਾ ਕਿਹਾ ਸੀ ਕਿ ਮੈਂ ਸਮਝਿਆ ਨਹੀਂ।
ਫਿਰ ਉਹ ਆਦਮੀ ਘੁੰਮਦਾ ਹੋਇਆ ਬੰਦਰਗਾਹ 'ਤੇ ਪਹੁੰਚਿਆ ਸੀ। ਇਕ ਵੱਡੇ ਜਹਾਜ਼ ਤੋਂ ਕੀਮਤੀ ਸਾਮਾਨ ਉਤਾਰਿਆ ਜਾ ਰਿਹਾ ਸੀ, ਕਾਰਾਂ ਉਤਾਰੀਆਂ ਜਾ ਰਹੀਆਂ ਸਨ। ਉਸ ਨੇ ਪੁੱਛਿਆ, ਇਹ ਸਾਮਾਨ ਕਿਸ ਦਾ ਉਤਰ ਰਿਹਾ ਹੈ ? ਇਕ ਆਦਮੀ ਨੇ ਕਿਹਾ, ਕੈਵਤੱਸਨ। ਉਸ ਆਦਮੀ ਨੇ ਕਿਹਾ, ਸਮਝਿਆ ਨਹੀਂ ਤੁਸੀਂ ਕੀ ਪੁੱਛਦੇ ਹੋ?
ਉਸ ਪ੍ਰਦੇਸੀ ਦੀ ਈਰਖਾ ਹੋਰ ਵਧ ਗਈ ਸੀ।
ਜਿਸ ਦਾ ਉਹ ਭਵਨ ਸੀ, ਉਸ ਆਦਮੀ ਦੀਆਂ ਇਹ ਸਾਰੀਆਂ ਕੀਮਤੀ ਚੀਜ਼ਾਂ ਉਤਾਰੀਆਂ ਜਾ ਰਹੀਆਂ ਸਨ! ਅਤੇ ਉਹ ਆਦਮੀ ਸੀ ਹੀ ਨਹੀਂ! ਉਸ ਦਾ ਮਨ ਅੱਗ ਨਾਲ ਜਲਣ ਲੱਗਿਆ ਸੀ। ਕਾਸ਼! ਉਹ ਵੀ ਇੰਨਾ ਧਨੀ ਹੁੰਦਾ! ਅਤੇ ਜਿਸ ਰਸਤੇ 'ਤੇ ਉਹ ਮੁੜਦਾ ਸੀ—ਉਦਾਸ, ਚਿੰਤਤ, ਦੁੱਖੀ, ਈਰਖਾ ਨਾਲ ਭਰਿਆ-ਤਾਂ ਉਸ ਨੇ ਦੇਖਿਆ ਕਿ ਕਿਸੇ ਦੀ ਅਰਥੀ ਜਾ ਰਹੀ ਹੈ ਅਤੇ ਹਜ਼ਾਰਾਂ ਲੋਕ ਉਸ ਅਰਥੀ ਦੇ ਆਸੇ-ਪਾਸੇ ਇਕੱਠੇ ਹਨ। ਯਕੀਨਨ ਹੀ ਜੋ ਆਦਮੀ ਮਰ ਗਿਆ ਹੈ, ਉਹ ਵੱਡਾ ਆਦਮੀ ਹੋਵੇਗਾ! ਉਸ ਦੇ ਮਨ ਵਿੱਚ ਅਚਾਨਕ ਖ਼ਿਆਲ ਆਇਆ, ਕਿਤੇ ਕੈਵਤੱਸਨ ਮਰ ਤਾਂ ਨਹੀਂ ਗਿਆ ? ਉਸ ਨੇ ਰਾਹ ਚਲਦੇ ਇਕ ਆਦਮੀ ਨੂੰ ਪੁੱਛਿਆ, ਕੌਣ ਮਰ ਗਿਆ ਹੈ ? ਉਸ ਆਦਮੀ ਨੇ ਕਿਹਾ, ਕੈਵਤੱਸਨ।