2.
ਖੋਜ, ਹਿੰਮਤ ਅਤੇ ਪਿਆਸ
ਮੇਰੇ ਪਿਆਰੇ ਆਪਣੇ,
ਹੁਣੇ-ਹੁਣੇ ਤੁਹਾਡੇ ਵੱਲ ਆਉਣ ਲਈ ਘਰ ਤੋਂ ਨਿਕਲਿਆ। ਸੂਰਜਮੁੱਖੀ ਦੇ ਫੁੱਲਾਂ ਨੂੰ ਸੂਰਜ ਵੱਲ ਮੂੰਹ ਕੀਤੇ ਹੋਏ ਦੇਖਿਆ ਅਤੇ ਯਾਦ ਆਇਆ ਕਿ ਮਨੁੱਖ ਦੇ ਜੀਵਨ ਦਾ ਦੁੱਖ ਇਹੀ ਹੈ, ਮਨੁੱਖ ਦੀ ਸਾਰੀ ਪੀੜ, ਸਾਰਾ ਸੰਤਾਪ ਇਹੀ ਹੈ ਕਿ ਉਹ ਆਪਣਾ ਸੂਰਜ ਵੱਲ ਮੂੰਹ ਨਹੀਂ ਕਰ ਸਕਦਾ। ਅਸੀਂ ਸਾਰੇ ਲੋਕ ਜੀਵਨ-ਭਰ ਸੱਚ ਵੱਲ ਪਿੱਠ ਕਰ ਕੇ ਖੜੇ ਰਹਿੰਦੇ ਹਾਂ। ਸੂਰਜ ਵੱਲ ਜੋ ਵੀ ਪਿੱਠ ਕਰ ਕੇ ਖੜਾ ਹੋਵੇਗਾ, ਉਸ ਦਾ ਖ਼ੁਦ ਦਾ ਪਰਛਾਵਾਂ ਉਸ ਦਾ ਹਨੇਰਾ ਬਣ ਜਾਂਦਾ ਹੈ। ਜਿਸ ਦੀ ਪਿੱਠ ਸੂਰਜ ਵੱਲ ਹੋਵੇਗੀ, ਉਸ ਦਾ ਖ਼ੁਦ ਦਾ ਪਰਛਾਵਾਂ ਉਸ ਦੇ ਸਾਹਮਣੇ ਪਵੇਗਾ ਅਤੇ ਉਸ ਦਾ ਰਸਤਾ ਹਨੇਰਾ ਹੋ ਜਾਏਗਾ ਅਤੇ ਜੋ ਸੂਰਜ ਵੱਲ ਮੂੰਹ ਕਰ ਲੈਂਦਾ ਹੈ, ਉਸ ਦਾ ਪਰਛਾਵਾਂ ਉਸ ਦੇ ਲਈ ਗਾਇਬ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਅਤੇ ਉਸ ਦਾ ਰਸਤਾ ਰੋਸ਼ਨ ਹੋ ਜਾਂਦਾ ਹੈ।
ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇਕ ਉਹ ਲੋਕ, ਜੋ ਸੂਰਜ ਵੱਲ ਪਿੱਠ ਕਰੀ ਰੱਖਦੇ ਹਨ ਅਤੇ ਥੋੜ੍ਹੇ-ਜਿਹੇ ਉਹ ਲੋਕ ਹਨ, ਜੋ ਸੂਰਜ ਵੱਲ ਮੂੰਹ ਕਰ ਲੈਂਦੇ ਹਨ। ਜੋ ਲੋਕ ਸੂਰਜ ਵੱਲ ਪਿੱਠ ਕਰ ਲੈਂਦੇ ਹਨ, ਉਹਨਾਂ ਦਾ ਜੀਵਨ ਦੁੱਖ, ਪੀੜਾਂ ਅਤੇ ਮੌਤ ਤੋਂ ਇਲਾਵਾ ਕੁਝ ਵੀ ਨਹੀਂ, ਉਹਨਾਂ ਦਾ ਜੀਵਨ ਇਕ ਬੁਰੇ ਸੁਫਨੇ ਤੋਂ ਜ਼ਿਆਦਾ ਨਹੀਂ। ਉਹ ਨਾਂ ਮਾਤਰ ਹੀ ਜਿਉਂਦੇ ਹਨ। ਕਲਪਨਾ ਵਿੱਚ ਹੀ ਉਹਨਾਂ ਦਾ ਸਾਰਾ ਅਨੰਦ ਹੁੰਦਾ ਹੈ। ਇੱਛਾਵਾਂ ਵਿੱਚ ਹੀ ਉਹਨਾਂ ਦਾ ਸਾਰੇ ਦਾ ਸਾਰਾ ਵਿਸ਼ਵਾਸ ਹੁੰਦਾ ਹੈ। ਪ੍ਰਾਪਤੀਆਂ ਉਹਨਾਂ ਦੀ ਕਰੀਬ-ਕਰੀਬ ਜ਼ੀਰੋ ਹੁੰਦੀਆਂ ਹਨ। ਅਤੇ ਜੋ ਲੋਕ ਸੂਰਜ ਦੀ ਤਰਫ ਜਾਂ ਪ੍ਰਭੂ ਦੀ ਤਰਫ ਮੂੰਹ ਕਰ ਲੈਂਦੇ ਹਨ, ਉਹਨਾਂ ਦੇ ਜੀਵਨ ਵਿੱਚ ਇਕ ਅਮੁੱਲ ਕ੍ਰਾਂਤੀ ਵਾਪਰ ਜਾਂਦੀ ਹੈ। ਇਕ ਹੀ ਦੁੱਖ ਹੈ ਕਿ ਸਾਡੀ ਪਿੱਠ ਉਸ ਪਾਸੇ ਹੋਵੇ ਜਿਸ ਤਰਫ ਸਾਡਾ ਮੂੰਹ ਹੋਣਾ ਚਾਹੀਦਾ ਹੈ। ਲੇਕਿਨ, ਕੁਝ ਕਾਰਨ ਹਨ ਜਿਹਨਾਂ ਕਰ ਕੇ ਜੋ ਹੋਣਾ ਚਾਹੀਦਾ ਹੈ, ਉਹ ਨਹੀਂ ਹੋ ਸਕਦਾ ਅਤੇ ਜੋ ਨਹੀਂ ਹੋਣਾ ਚਾਹੀਦਾ, ਉਹ ਹੁੰਦਾ ਰਹਿੰਦਾ ਹੈ। ਉਹਨਾਂ ਕਾਰਨਾਂ ਉੱਪਰ ਥੋੜ੍ਹਾ-ਜਿਹਾ ਵਿਚਾਰ ਕਰਨਾ ਹੈ।
ਇਹਨਾਂ ਤਿੰਨ ਦਿਨਾਂ ਵਿੱਚ ਸੂਰਜ ਵੱਲ ਸਾਡਾ ਮੂੰਹ ਕਿਵੇਂ ਹੋਵੇ, ਇਸ ਸੰਬੰਧ ਵਿੱਚ ਹੀ ਵਿਚਾਰ ਕਰਾਂਗੇ। ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੇ ਸਾਨੂੰ ਰੋਕਿਆ ਹੋਇਆ ਹੈ। ਕਿਹੜੀਆਂ ਮਨ ਦੀਆਂ ਅਵਸਥਾਵਾਂ ਹਨ ਜੋ ਸਾਨੂੰ ਆਪਣੇ-ਆਪ ਨੂੰ ਪਾਉਣ ਅਤੇ ਆਪ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਬਣ ਜਾਂਦੀਆਂ ਹਨ।