ਉਹ ਮਿਲ ਜਾਵੇ ਜਿਹਨੂੰ ਦਿਲ ਚਾਹਵੇ
ਫਿਰ ਜੀਅ ਜਿਉਣੇ ਨੂੰ ਕਰਦਾ ਏ
ਤਦ ਸੁਪਨੇ ਵਿੱਚ ਬਰਸਾਤ ਹੋਵੇ
ਮੇਰੇ ਕੋਲ ਮੇਰਾ ਕੋਈ ਖਾਸ ਹੋਵੇ
ਦਿਲ ਮਾਹੀ-ਮਾਹੀ ਕਰਦਾ ਏ "
ਭਾਵੇਂ ਪ੍ਰੀਤ ਦੇ ਘਰ ਪਤਾ ਲੱਗ ਗਿਆ ਸੀ, ਮੈਂ ਹੈਰਾਨ ਸਾਂ ਫਿਰ ਵੀ ਉਸ ਕੁੜੀ ਨੇ ਉਸਦਾ ਸਾਥ ਨਹੀਂ ਛੱਡਿਆ ਉਹ ਪਹਾੜ ਬਣ ਖੜ੍ਹ ਗਈ ਤੇ ਸਰਵ ਨੂੰ ਪਿਆਰ ਦਾ ਸਬੂਤ ਦੇਣ ਲਈ ਉਸ ਨੇ ਨਾਂ ਲਿਖਵਾਉਣਾ ਚਾਹਿਆ ਪਰ ਉਸ ਨੂੰ ਕਿਸੇ ਮੇਲੇ ਜਾਂ ਦੁਕਾਨ ਉਤੇ ਜਾਣ ਦਾ ਮੌਕਾ ਨਾ ਮਿਲਿਆ। ਉਹ ਇਹ ਸੋਚਦੀ-ਸੋਚਦੀ ਕੱਪੜੇ ਪ੍ਰੈਸ ਕਰ ਰਹੀ ਸੀ ਤਾਂ ਅਚਨਚੇਤ ਉਸਦੀ ਨਜ਼ਰ ਪ੍ਰੈਸ ਦੀ ਨੋਕ ਤੇ ਪਈ ਸਰਵ ਦੇ ਪਿਆਰ 'ਚ ਪਾਗਲ ਹੋ ਕੇ ਉਸਨੇ ਗਰਮ ਗਰਮ ਪ੍ਰੈਸ ਦੀ ਨੋਕ ਨਾਲ ਸਰਵ ਦੇ ਨਾਂ ਦਾ ਪਹਿਲਾ ਅੱਖਰ ਪਾ ਲਿਆ। ਕੁਝ ਦਿਨਾਂ ਬਾਅਦ ਉਸ ਗੁੱਟ ਤੇ ਰੇਸ਼ਾ ਭਰ ਗਿਆ। ਉਹ ਰੁਮਾਲ ਬੰਨ੍ਹਣ ਲੱਗੀ ਤਾਂ ਪ੍ਰੀਤ ਦੀ ਮੰਮੀ ਨੇ ਰੁਮਾਲ ਦੇਖ ਉਸ ਨੂੰ ਪੁੱਛਿਆ ਕੀ ਹੋਇਆ ਤਾਂ ਉਸਨੇ ਬਹਾਨਾ ਲਾਇਆ ਪਰ ਬਲਜੀਤ ਮੰਨੀ ਨਾ ਤੇ ਰੁਮਾਲ ਉਤਾਰ ਕੇ ਦੇਖਿਆ ਉਸ ਤੇ ਸਰਵ ਦੇ ਨਾਮ ਦਾ ਪਹਿਲਾਂ ਅੱਖਰ ਸੀ ਬਲਜੀਤ ਨੇ ਪੁਛਿਆ ਇਹ ਕੀ ਐ ਤਾਂ ਉਸਨੇ ਜਵਾਬ ਦਿੱਤਾ ਕੱਪੜੇ ਪ੍ਰੈਸ ਕਰਦਿਆਂ ਪ੍ਰੈਸ ਲਗ ਗਈ ਗੱਲ ਟਲ ਗਈ..
ਇਹ ਤਾਂ ਹਾਲੇ ਪਹਿਲਾ ਤੂਫ਼ਾਨ ਸੀ ਐਤਵਾਰ ਦਾ ਦਿਨ ਸੀ ਪ੍ਰੀਤ ਸਰਵ ਦੀ ਦੁਕਾਨ ਵੱਲ ਉਸ ਨੂੰ ਦੇਖ ਰਹੀ ਸੀ ਤੇ ਸਰਵ ਵੀ ਪ੍ਰੀਤ ਵੱਲ। ਕਾਫ਼ੀ ਦੇਰ ਤੱਕ ਇੱਕ ਦੂਜੇ ਵੱਲ ਵੇਖਦੇ ਰਹੇ। ਉਹ ਉਲਫ਼ਤ ਵਿੱਚ ਸਮਾਜ ਦੀ ਸਾਰੀਆਂ ਦੀਵਾਰਾਂ ਤੋੜ ਆਪਣੇ ਪਿਆਰ ਦੀਆਂ ਸੀਮਾਵਾਂ ਪਾਰ ਕਰ ਗਏ ਸਨ । ਉਹਨਾਂ ਲਈ ਜੱਗ ਸੁੱਤਾ ਸੀ, ਪਰ ਕੰਧਾਂ ਦੇ ਵੀ ਕੰਨ ਹੁੰਦੇ ਨੇ।
ਸਿਆਣੇ ਕਹਿੰਦੇ ਜਦੋਂ ਮਾੜਾ ਸਮਾਂ ਆਉਂਦਾ ਐ ਪੁੱਛ ਕੇ ਨਹੀਂ ਆਉਂਦਾ। ਸਰਵ ਦੀ ਦੁਕਾਨ ਤੇ ਉਸ ਝੱਲੀ ਦੇ ਘਰ ਵਿਚਾਲੇ ਉਸਦੀ ਮਾਸੀ ਦਾ ਘਰ ਸੀ ਮਾਸੀ ਦਾ ਸੁਭਾਅ ਬੜਾ ਹੀ ਭੈੜਾ ਤੇ ਸ਼ੱਕੀ, ਉਹ ਬਾਹਰ ਖੜ੍ਹੀ ਸਬਜ਼ੀ ਵਾਲੇ ਨੂੰ ਉਡੀਕ ਰਹੀ ਸੀ, ਅਚਾਨਕ ਹੀ ਮਾਸੀ ਦੀ ਨਜ਼ਰ ਸਰਵ ਦੀ ਦੁਕਾਨ ਵੱਲ ਗਈ ਸਰਵ ਪ੍ਰੀਤ ਦੇ ਘਰ ਵੱਲ ਵੇਖ ਰਿਹਾ ਸੀ।
ਉਸ ਨੇ ਮੁੜ ਕੇ ਪ੍ਰੀਤ ਦੇ ਘਰ ਵੱਲ ਵੇਖਿਆ, ਤਾਂ ਮਾਸੀ ਹੈਰਾਨ ਹੋ ਗਈ। ਉਸਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਪ੍ਰੀਤ ਵੀ ਕੰਧ ਕੋਲ ਖੜ੍ਹੀ ਸਰਵ ਵੱਲ ਵੇਖ ਰਹੀ ਸੀ। ਮਾਸੀ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ।