ਸਾਰਾ ਦਿਨ ਗੁਜ਼ਰ ਗਿਆ। ਪ੍ਰੀਤ ਨਜ਼ਰ ਨਾ ਆਈ, ਉਹ ਕੰਮ ਕਰ ਰਿਹਾ ਸੀ ਪ੍ਰੰਤੂ ਉਸਦਾ ਧਿਆਨ ਪ੍ਰੀਤ ਵਿੱਚ ਸੀ । ਉਹ ਸਾਰਾ ਦਿਨ ਅੱਡੇ ਵੱਲ ਵੇਖਦਾ ਰਿਹਾ। ਸ਼ਾਮ ਵਾਲੀ ਲਾਰੀ ਆਈ, ਉਸ ਵਿੱਚੋਂ ਪ੍ਰੀਤ, ਉਸਦੀ ਮਾਸੀ ਅਤੇ ਦੋਵੇਂ ਕੁੜੀਆਂ ਉਤਰੀਆਂ ਸ਼ਾਇਦ ਉਹ ਸਮਾਨ ਲੈਣ ਗਈਆਂ ਸਨ। ਉਤਰਦੇ ਸਾਰ ਹੀ ਉਸਨੇ ਸਰਵ ਦੀ ਦੁਕਾਨ ਵੱਲ ਵੇਖਿਆ, ਤਾਂ ਉਸਨੂੰ ਦੇਖ ਉਸ ਦੀ ਜਾਨ ਵਿਚ ਜਾਨ ਆਈ। ਉਹ ਥੋੜੀ ਉਦਾਸ ਸੀ ਤੇ ਨੀਵੀਂ ਜਿਹੀ ਪਾ ਘਰ ਵੱਲ ਤੁਰ ਪਈ, ਘਰ ਜਾਣ ਤੋਂ ਪਹਿਲਾਂ ਉਹ ਆਪਣੀ ਸਹੇਲੀ ਸੱਬੋ ਦੇ ਘਰ ਕਿਤਾਬਾਂ ਦੇ ਬਹਾਨੇ ਚਲੀ ਗਈ ਉਸਨੇ ਸੱਬੋ ਦੇ ਫ਼ੋਨ ਤੋਂ ਫ਼ੋਨ ਕੀਤਾ ਤੇ ਉਸ ਨਾਲ ਗੱਲ ਕੀਤੀ। ਰਾਤ ਵਾਲੀ ਘਟਨਾ ਬਾਰੇ ਦੱਸਿਆ ਉਹ ਗੱਲ ਕਰਦੀ ਕਰਦੀ ਰੋ ਪਈ ਉਸਨੂੰ ਰਾਤ ਵਾਲੀ ਗੱਲ ਦਾ ਕੋਈ ਦੁੱਖ ਨਹੀਂ ਸੀ। ਸਿਰਫ਼ ਡਰ ਸੀ ਕਿ ਉਸਦੇ ਘਰਦੇ ਸਰਵ ਨੂੰ ਉਸਤੋਂ ਵੱਖ ਨਾ ਕਰ ਦੇਣ ਉਸਦੇ ਘਰ ਦੇ ਉਸਦੇ ਵਿਆਹ ਦੀਆਂ ਗੱਲਾਂ ਕਰਨ ਲੱਗੇ ਸਨ ਜਾਂ ਉਸਨੂੰ ਕਿਸੇ ਦੂਰ ਰਿਸ਼ਤੇਦਾਰੀ ਵਿਚ ਭੇਜਣ ਦੀਆਂ ਸਲਾਹਾਂ ਕਰਦੇ। ਪ੍ਰੀਤ ਉਸਨੂੰ ਨੂੰ ਕਹਿਣ ਲੱਗੀ ਕਿ ਉਹ ਮੈਨੂੰ ਇਥੋਂ ਕਿਤੇ ਦੂਰ ਲੈ ਜਾਵੇ ਅਤੇ ਉਹ ਆਪਣਾ ਸਾਰਾ ਸਮਾਨ ਗਹਿਣਾ-ਗੱਟਾ ਚੁੱਕ ਲਿਆਵੇਗੀ । ਬਸ ਮੈਨੂੰ ਇੱਥੋਂ ਲੈ ਜਾਹ" ਪ੍ਰੰਤੂ ਉਸਨੇ ਉਹਨੂੰ ਸਮਝਾਇਆ ਕਿ ਇਹ ਸਭ ਐਵੇਂ ਨਹੀਂ ਹੋ ਸਕਦਾ ਮੈਂ ਤੈਨੂੰ ਘਰੋਂ ਕਿਵੇਂ ਲੈ ਜਾਵਾਂ ਐਨਾ ਅਸਾਨ ਨਹੀਂ, ਪ੍ਰੀਤ ਉਸਦੇ ਹਾੜੇ ਕੱਢ ਰਹੀ ਸੀ। ਮੈਨੂੰ ਕੁੱਝ ਨਹੀਂ ਪਤਾ ਮੈਨੂੰ ਲੈ ਜਾ ਬਸ, ਸਰਵ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਆਪਾਂ ਆਪਣੇ ਮਾਂ ਬਾਪ ਨੂੰ ਕਿਵੇਂ ਧੋਖਾ ਦੇ ਸਕਦੇ ਹਾਂ। ਸਰਵ ਨੇ ਉਸਨੂੰ ਹੌਂਸਲਾ ਦਿੱਤਾ ਕਿ ਤੈਨੂੰ ਕਿਸੇ ਹੋਰ ਦੀ ਨਹੀਂ ਹੋਣ ਦਿੰਦਾ, ਪ੍ਰੰਤੂ ਪ੍ਰੀਤ ਦੇ ਦਿਲ ਵਿਚ ਡਰ ਸੀ ਕਿ ਉਸਦੇ ਘਰਦੇ ਉਸਨੂੰ ਕਿਤੇ ਭੇਜ ਨਾ ਦੇਣ ਉਹ ਬਹੁਤ ਦੁੱਖੀ ਸੀ। ਸਰਵ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ, ਤਾਂ ਉਸਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ “ ਜੇ ਨਹੀਂ ਰਹਿ ਸਕਦੀ ਤਾਂ ਜਾ ਮਰ ਜਾ" ਇਹ ਸੁਣਦਿਆਂ ਹੀ ਪ੍ਰੀਤ ਨੇ ਫ਼ੋਨ ਕੱਟ ਦਿੱਤਾ। ਸੱਬ ਦੇ ਘਰੋਂ ਭੱਜ ਉਹ ਸਿੱਧੀ ਘਰ ਗਈ ਅਤੇ ਬਿਜਲੀ ਦੇ ਪਲੱਗ ਵਿੱਚ ਨੰਗੀ ਤਾਰ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕਰੰਟ ਦੇ ਝਟਕੇ ਨਾਲ ਉਹ ਮੂਧੇ ਮੂੰਹ ਡਿੱਗ ਪਈ। ਕੁਝ ਨਾ ਹੁੰਦਾ ਦੇਖ ਫਿਰ ਉਸਨੇ ਤੂੜੀ ਵਾਲੇ ਘਰ ਜਾ ਸਪਰੇ ਦੀ ਸ਼ੀਸ਼ੀ ਚੁੱਕ ਮੁੰਹ ਨੂੰ ਲਾ ਲਈ ਅਤੇ ਗੱਟ-ਗੱਟ ਕਰਕੇ ਦੋ ਘੁੱਟ ਨਿਘਾਰ ਲਏ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਬੈੱਡ ਉੱਤੇ ਜਾ ਡਿਗੀ।