ਪ੍ਰੀਤ ਦੀਆਂ ਗੱਲਾਂ ਸੁਣ ਸਭ ਸਹੇਲੀਆਂ ਹੈਰਾਨ ਸਨ। ਸੁਣ ਹੈਰਾਨ ਹੋ ਆਖਣ ਲੱਗੀਆਂ "ਐਨਾ ਕੁਝ ਹੋ ਗਿਆ ਤੂੰ ਸਾਨੂੰ ਦੱਸਿਆ ਨਹੀਂ" ਪ੍ਰੀਤ ਕਹਿਣ ਲੱਗੀ "ਮੈਂ ਖੁਦ ਮਜਬੂਰ ਸੀ", ਮੇਰੇ ਤੇ ਮੇਰੇ ਘਰਦਿਆਂ ਨੇ ਪਾਬੰਦੀ ਲਾ ਦਿੱਤੀ ਸੀ। ਮੈਨੂੰ ਇੰਝ ਲੱਗਦਾ ਸੀ ਮੈਂ ਕਦੇ ਵੀ ਤੁਹਾਨੂੰ ਮਿਲ ਨਹੀਂ ਸਕਾਂਗੀ, ਪਰ ਜੋ ਰੱਬ ਨੂੰ ਮਨਜੂਰ ਸੀ ਉਹ ਹੋਇਆ। ਸੁਣ ਸਭ ਨੇ ਸੁਖ ਦਾ ਸਾਹ ਲਿਆ ਤੇ ਆਖਿਆ ਪ੍ਰੀਤ ਤੂੰ ਖੁਸ਼ ਨਸੀਬ ਏ ਤੈਨੂੰ ਸਰਵ ਜਿਹਾ ਐਨਾ ਪਿਆਰ ਕਰਨ ਵਾਲਾ ਮੁੰਡਾ ਮਿਲਿਆ। ਜੋ ਤੇਰੇ ਲਈ ਕੁਝ ਵੀ ਕਰ ਸਕਦੇ। ਉਸਦੇ ਕਾਲਜ ਵਿੱਚ ਦਿਨ ਵਧੀਆ ਗੁਜ਼ਰਨ ਲੱਗੇ, ਸਮਾਂ ਆਪਣੀ ਚਾਲੇ ਚਲਦਾ ਰਿਹਾ, ਉਹ ਆਪਸ ਵਿੱਚ ਫਿਰ ਤੋਂ ਉਸੇ ਤਰ੍ਹਾਂ ਇਸ਼ਕ ਝਨਾ ਵਿੱਖ ਟੁੱਭੀਆਂ ਭਰਨ ਲੱਗੇ।
ਕਦੇ ਖੁਸ਼ੀਆਂ ਆਉਂਦੀਆਂ ਨੇ
ਕਦੇ ਅੱਥਰੂ ਵਹਿੰਦੇ ਨੇ
ਰੁੱਸ ਰੁੱਸ ਕੇ ਜੀਣ ਨੂੰ ਹੀ ਸ਼ਾਇਦ
ਜ਼ਿੰਦਗੀ ਕਹਿੰਦੇ ਨੇ
ਕਦੇ ਉਹ ਪ੍ਰੀਤ ਨੂੰ ਮਨਾਉਂਦਾ, ਕਦੇ ਪ੍ਰੀਤ ਉਸਨੂੰ ਮਨਾਉਂਦੀ,। ਪਿਆਰ ਦੇ ਮੌਸਮ, ਮੌਸਮ ਦੀ ਪਿਆਰੀ ਜਿਹੀ ਰੰਗਤ ਤੋਂ ਹਵਾ ਤੇ ਝੋਕੇ ਜਦੋਂ ਉਹਨਾਂ ਕੋਲੋਂ ਦੀ ਹੋ ਕੇ ਲੰਘਦੇ ਤਾਂ ਹਵਾ ਵਿੱਚ ਮਿਠਾਸ ਜਿਹੀ ਭਰ ਜਾਂਦੇ। ਇੰਜ਼ ਜਾਪਦਾ ਜਿਵੇਂ ਸਾਰਾ ਸੰਸਾਰ ਪ੍ਰੀਤ ਵਿੱਚ ਰੰਗਿਆ ਹੋਵੇ, ਪਿਆਰ ਦੇ ਗੀਤ ਫੁੱਲਾਂ ਦੀ ਮਹਿਕ ਨੂੰ ਹੋਰ ਮਹਿਕਾ ਦਿੰਦੇ। ਪ੍ਰੀਤ ਦਾ ਪਰੀਆਂ ਵਰਗਾ ਚਿਹਰਾ ਤੇ ਹਿਰਨੀ ਵਰਗੀਆਂ ਅੱਖਾਂ ਹਰ ਇੱਕ ਨੂੰ ਮੋਹ ਲੈਂਦੀਆਂ। ਸਰਵ ਇਸ ਹੁਸਨ ਦਾ ਉਮਰਾਂ ਲਈ ਕੈਦੀ ਬਣ ਕੇ ਰਹਿ ਗਿਆ ਸੀ। ਐਨਾ ਕੁਝ ਹੋਣ ਤੋਂ ਬਾਅਦ ਉਨ੍ਹਾਂ ਦਾ ਪਿਆਰ ਹੋਰ ਵੀ ਗੂੜ੍ਹਾ ਹੋ ਗਿਆ ਸੀ । ਇਕ ਦਿਨ ਪ੍ਰੀਤ ਦੇ ਕਾਲਜ ਵਿੱਚ ਪਾਰਟੀ ਸੀ, ਉਹਨਾਂ ਨੂੰ ਕੈਮਰੇ ਦੀ ਲੋੜ ਪਈ, ਉਸ ਸਾਰੀਆਂ ਸਹੇਲੀਆਂ ਨੂੰ ਪੁੱਛਿਆ ਪਰ ਕਿਸੇ ਕੋਲ ਕੈਮਰਾ ਨਹੀਂ ਸੀ, ਇਹ ਜਾਣ ਪ੍ਰੀਤ ਨੇ ਕਿਹਾ ਕੈਮਰਾ ਮੈਂ ਮੰਗਵਾ ਲਵਾਂਗੀ, ਕਿਉਂਕਿ ਉਸਨੂੰ ਯਕੀਨ ਸੀ, ਕਿ ਸਰਵ ਕਦੇ ਵੀ ਜਵਾਬ ਨਹੀਂ ਦੇਵੇਗਾ ਕਾਲਜ ਵਿੱਚੋਂ ਆ ਕੇ ਪ੍ਰੀਤ ਨੇ ਸਰਵ ਨੂੰ ਕੈਮਰੇ ਬਾਰੇ ਆਖਿਆ ਤਾਂ ਉਹ ਖ਼ੁਸ਼ੀ ਵਿੱਚ ਆਖਣ ਲੱਗਾ ਆਪਾਂ ਨਵਾਂ ਕੈਮਰਾ ਹੀ ਲੈ ਲੈਂਦੇ ਹਾਂ । ਆਪਾਂ ਨੂੰ ਜ਼ਿੰਦਗੀ 'ਚ ਲੋੜ ਪੈਂਦੀ ਰਹੇਗੀ।