

ਉਹ ਸ਼ਾਮ ਨੂੰ ਸੋਚ ਰਿਹਾ ਸੀ ਜੇ ਇੱਕ ਵਾਰ ਪ੍ਰੀਤ ਸਾਰੇ ਲੋਕਾਂ ਦੇ ਸਾਹਮਣੇ ਕਹਿ ਦੇਵੇ ਤਾਂ ਮੈਂ ਕਦੇ ਵੱਖ ਨਹੀਂ ਹੋਣ ਦੇਵਾਂਗਾ ।..
" ਤੇਰੀ ਇੱਕ ਚੁੱਪ 'ਚ ਕਿੰਨੇ ਹੀ ਸਵਾਲ ਸਮਾਏ।
ਸਮਝਣ ਕੀ ਇਹ ਲੋਕ ਪਰਾਏ ।
ਕੂੜ ਫਰੇਬ ਦੀ ਦੁਨੀਆਂ ਅੰਦਰ
ਦਰਦ ਪ੍ਰੀਤ ਦਾ ਕੌਣ ਵੰਡਾਏ।
ਤੇਰੀ ਹਾਮੀ ਜੀਵਨ ਦਾ ਪੰਧ,
ਜਿੰਦ ਜਾਂਦੀ ਲੱਖ ਵੇਰਾਂ ਜਾਏ।"
ਸ਼ਾਮ ਹੋਈ ਤਾਂ ਇਕੱਠ ਪੁਰਾਣੇ ਸਰਪੰਚ ਦੇ ਘਰ ਰੱਖਿਆ ਗਿਆ। ਉਸਨੂੰ ਬੁਲਾ ਲਿਆ ਗਿਆ। ਉਸਦੇ ਨਾਲ ਉਸਦੇ ਦੋ ਤਾਏ ਤੇ ਇਕ ਚਾਚਾ ਸੀ ਚਾਰੇ ਭਰਾ ਸਨ। ਦੂਜੇ ਪਾਸੇ ਪ੍ਰੀਤ ਦੇ ਸਾਰੇ ਰਿਸ਼ਤੇਦਾਰ ਤੇ ਉਸਦਾ ਸਾਰਾ ਪਰਿਵਾਰ ਸੀ। ਤਿੰਨ ਪਿੰਡਾਂ ਦੀਆਂ ਪੰਚਾਇਤਾਂ ਸਨ, ਕਾਫ਼ੀ ਲੋਕਾਂ 'ਚ ਉਹ ਉਦਾਸ ਖੜਾ ਸੀ ਸਾਰੇ ਉਸਨੂੰ ਜਲਾਦਾਂ ਵਾਂਗ ਨਜ਼ਰ ਆ ਰਹੇ ਸਨ। ਉਸ ਲਈ ਕੋਈ ਵੀ ਆਪਣਾ ਨਹੀਂ ਸੀ ਜੋ ਸੀ ਉਹ ਉੱਥੇ ਨਹੀਂ ਸੀ ਤੇ ਸਰਵ ਨੇ ਸਾਰਿਆਂ ਤੋਂ ਹੱਥ ਬੰਨ ਕੇ ਮਾਫ਼ੀ ਮੰਗ ਲਈ ਤੇ ਉਹ ਖ਼ੁਸ਼ ਸੀ, ਕਿਉਂਕਿ ਉਹ ਆਪਣੀ ਪ੍ਰੀਤ ਲਈ ਇਹ ਸਭ ਕਰ ਰਿਹਾ ਸੀ। ਪ੍ਰੀਤ ਦੀਆਂ ਕਹੀਆਂ ਗੱਲਾਂ ਤੇ ਖ਼ਰਾ ਉਤਰ ਰਿਹਾ ਸੀ। ਉਸਨੂੰ ਬਹੁਤ ਕੁਝ ਕਿਹਾ ਗਿਆ ਉਸਨੇ ਸਭ ਸਹਿ ਲਿਆ ਤੇ ਪ੍ਰੀਤ 'ਚ ਕੋਈ ਦੋਸ਼ ਨਹੀਂ ਕੱਢਿਆ। ਸਾਰੇ ਦੋਸ਼ ਆਪਣੇ ਤੇ ਲੈ ਲਏ ਤੇ ਫੈਸਲਾ ਹੋ ਗਿਆ ਜੋ ਉਸ ਕੋਲ ਪ੍ਰੀਤ ਦਾ ਸਮਾਨ ਸੀ ਮੰਗਵਾ ਲਿਆ ਗਿਆ। ਪਿਆਰ 'ਚ ਤੜਫ਼ਦਾ ਇਹ ਦਿਲ ਚੌਰਾਹੇ ਛੱਡ ਦਿੱਤਾ। ਲੋਕਾਂ ਦੇ ਦਿਲ ਨੂੰ ਸਕੂਲ ਮਿਲ ਗਿਆ, ਸਰਵ ਲਈ ਮੌਤ ਦਾ ਦਰਵਾਜ਼ਾ ਖੋਲ ਕੇ ਸਾਰੇ ਲੋਕ ਹੱਸਦੇ ਹੋਏ ਆਪੋ ਆਪਣੇ ਘਰ ਚਲੇ ਗਏ।