

ਨਾਰੰਗ ਕਬਾਇਲੀ ਜ਼ਿੰਦਗੀ ਵਿਚ ਹੋਣ ਵਾਲੀ ਉਸ ਹਲਚਲ ਨੂੰ ਹੀ ਜੀ-ਆਇਆ ਕਹਿੰਦਾ ਹੈ ਜਿਹੜੀ ਉਹਨਾਂ ਨੂੰ ਵਿਕਾਸ ਦੇ ਉਚੇਰੇ ਪੜਾਅ ਉੱਤੇ ਲੈ ਕੇ ਜਾਵੇ, ਨਾ ਕਿ ਉਸ ਹਲਚਲ ਨੂੰ ਜਿਹੜੀ ਭੇੜੀ ਕਿਸਮ ਦੀ ਲੁੱਟ-ਖਸੁੱਟ ਨੂੰ ਜਨਮ ਦੇਵੇ ਅਤੇ ਉਹਨਾਂ ਨੂੰ ਜਾਨਵਰਾਂ ਤੋਂ ਵੀ ਬਦਤਰ ਸਥਿੱਤੀ ਵਿਚ ਸੁੱਟ ਦੇਵੇ। ਦੁਸਰੀ ਕਿਸਮ ਦੀ ਹਲਚਲ ਤੋਂ ਉਹ ਭੈਅ ਖਾਂਦਾ ਹੈ ਅਤੇ ਇਸ ਨਾਲੋਂ ਸੈਂਕੜੇ ਸਾਲਾਂ ਤੋਂ ਚਲੀ ਆ ਰਹੀ ਠਹਿਰਾਓ ਵਾਲੀ ਜ਼ਿੰਦਗੀ ਨੂੰ ਪਹਿਲ ਦੇਂਦਾ ਹੈ। ਵਿਕਾਸ ਸਬੰਧੀ ਉਸ ਦਾ ਪਹਿਲਾ ਸਵਾਲ ਹੀ ਇਹ ਹੈ: "ਕਿਸਦੇ ਵਾਸਤੇ ਵਿਕਾਸ?" ਜੇ ਵਿਕਾਸ ਨੇ ਜ਼ਿੰਦਗੀ ਨੂੰ ਹੋਰ ਵੀ ਭੇੜਾ ਅਤੇ ਅਸਹਿਣਯੋਗ ਹੀ ਬਨਾਉਣਾ ਹੈ ਤਾਂ ਉਸ ਦਾ ਜਵਾਬ ਹੈ: "ਅਜਿਹੇ ਵਿਕਾਸ ਤੋਂ ਨਿਜਾਤ ਭਲੀ।"
ਬਿਨਾਂ ਸ਼ੱਕ, ਸਿਮਟੀ ਹੋਈ ਕਬਾਇਲੀ ਜ਼ਿੰਦਗੀ ਨੂੰ ਉਹ ਹੱਦਾਂ ਚੋਂ ਪਾਰ ਨਿਕਲੀ ਹੋਈ ਦੇਖਣਾ ਚਾਹੁੰਦਾ ਹੈ, ਅਜਿਹੀ ਜ਼ਿੰਦਗੀ ਵੱਲ ਜਿਹੜੀ ਵਧੇਰੇ ਸੁਰੱਖਿਆ ਦੇਵੇ, ਜੀਵਨ-ਹਾਲਤਾਂ ਨੂੰ ਹੋਰ ਆਸਾਨ ਬਣਾਵੇ, ਜ਼ਿਆਦਾ ਖੁਸ਼ੀ ਦੇਵੇ ਅਤੇ ਅਨੇਕਾਂ ਹੋਰ ਰੰਗਾਂ ਨਾਲ ਵੀ ਭਰ ਦੇਵੇ।
ਪਿੰਡ ਦਾ ਚੱਕਰ ਲਾਉਂਦੇ ਲਾਉਂਦੇ ਅਸੀਂ ਇਕ ਘਰ ਸਾਹਮਣੇ ਬਣੀ ਇਕ ਬਹੁਤ ਹੀ ਖ਼ੂਬਸੂਰਤ ਸਬਜ਼ੀ-ਕਿਆਰੀ ਕੋਲ ਪਹੁੰਚੇ। ਥੋੜ੍ਹੀ ਜਿਹੀ ਥਾਂ ਵਿਚ ਸੱਭੇ ਸਬਜ਼ੀਆਂ ਬਹੁਤ ਸਲੀਕੇ ਨਾਲ ਉਗਾਈਆਂ ਗਈਆਂ ਸਨ। ਅਸੀਂ ਆਪ-ਮੁਹਾਰੇ ਉਸ ਕਿਆਰੀ ਵੱਲ ਖਿੱਚੇ ਗਏ।
"ਨਾਰੰਗ ਭਾਈ! ਇਸ ਘਰ ਨੇ ਤਾਂ ਕਮਾਲ ਕਰ ਦਿੱਤਾ।" ਕਿਆਰੀ ਦੀ ਤਾਰੀਫ਼ ਵਿਚ ਨਾਰੰਗ ਭਾਈ ਦੀ ਤਾਰੀਫ ਵੀ ਸੀ। ਆਖ਼ਰਕਾਰ ਇਹ ਉਸ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ ਜੋ ਕਿਤੇ ਬਹੁਤ ਮੁੱਢਲੇ ਰੂਪ ਵਿਚ ਅਤੇ ਕਿਤੇ ਬਹੁਤ ਵਧੀਆ ਤਰ੍ਹਾਂ ਸਾਹਮਣੇ ਆ ਰਿਹਾ ਸੀ।
ਕਿਆਰੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਤਿੰਨ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਤਿੰਨ ਭਰਾਵਾਂ ਦਾ ਇਹ ਇਕੱਠਾ ਘਰ ਸੀ। ਪਰਿਵਾਰ ਵੱਖ ਵੱਖ, ਪਰ ਕੰਧਾਂ ਸਾਂਝੀਆਂ ਅਤੇ ਵਿਹੜਾ ਵੀ ਸਾਂਝਾ। ਉਹਨਾਂ ਵਿਚੋਂ ਜਿਸ ਵਿਅਕਤੀ ਦੇ ਘਰ ਅਸੀਂ ਜਾਣਾ ਸੀ ਉਹ ਮਜ਼ਦੂਰ ਕਿਸਾਨ ਸੰਘ ਦਾ ਆਗੂ ਸੀ ਪਰ ਉਹ ਮੌਜੂਦ ਨਹੀਂ ਸੀ। ਵਿਹੜੇ ਵਿਚ ਇਕ ਪਾਸੇ ਇਕ ਔਰਤ ਬਰਤਨ ਮਾਂਜ ਰਹੀ ਸੀ। ਉਹ ਜ਼ਮੀਨ ਤੋਂ ਮਿੱਟੀ ਉਠਾਉਂਦੀ, ਭਾਂਡੇ ਉੱਤੇ ਜ਼ੋਰ ਨਾਲ ਰਗੜਦੀ ਅਤੇ ਧੋ ਕੇ ਪਾਸੇ ਰੱਖ ਦੇਂਦੀ। ਉਹ ਚੁੱਪਚਾਪ ਆਪਣਾ ਕੰਮ ਕਰਦੀ ਰਹੀ ਅਤੇ ਏਧਰ ਓਧਰ ਥੁੱਕਦੀ ਰਹੀ। ਅਸੀਂ ਵਿਹੜੇ ਵਿਚ ਦਾਖ਼ਲ ਹੋ ਗਏ ਪਰ ਉਸ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣੇ ਕੰਮ ਵਿਚ ਰੁੱਝੀ ਰਹੀ। ਨਾਰੰਗ ਭਾਈ ਇਕ ਮੰਜਾ ਚੁੱਕ ਕੇ ਲੈ ਆਇਆ। ਅਸੀਂ ਬੈਠ ਤਾਂ ਗਏ ਪਰ ਉਸ ਔਰਤ ਨੇ ਸਾਡੇ ਵੱਲ ਦੇਖਿਆ ਤੱਕ ਨਹੀਂ। ਕੋਲ ਹੀ ਇਕ ਚੌਂਤਰੇ ਉੱਪਰ ਤਿੰਨ ਸਾਲ ਦਾ ਇਕ ਬੱਚਾ ਜ਼ਾਰੋ-ਜ਼ਾਰ ਹੋ ਰਿਹਾ ਸੀ। ਉਸ ਔਰਤ ਨੇ ਬਰਤਨਾਂ ਦਾ ਕੰਮ ਮੁਕਾ ਕੇ ਝਾੜੂ ਉਠਾ ਲਿਆ ਤੇ ਵਿਹੜਾ ਸਾਫ਼ ਕਰਨ ਲੱਗ ਪਈ।
ਸਾਨੂੰ ਓਥੇ ਆਪਣਾ ਬੈਠਣਾ ਅਜੀਬ ਜਿਹਾ ਮਹਿਸੂਸ ਹੋਣ ਲੱਗਾ। ਨਾਰੰਗ ਭਾਈ ਨੇ ਵੀ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚਾ, "ਯਾਯਾ, ਯਾਯਾ" ਪੁਕਾਰਦਾ ਰਿਹਾ ਪਰ ਉਸ ਔਰਤ ਨੇ ਉਸ ਵੱਲ ਕਤੱਈ ਧਿਆਨ ਨਾ ਦਿੱਤਾ।