136.
ਉਦਾਸੀ ਵੀ ਕਦੇ ਕਦੇ ਆ ਜਾਂਦੀ ਹੈ ਤੇ ਛਾ ਜਾਂਦੀ ਹੈ ਦਿਲ ਉਪਰ, ਪਰ ਉਦਾਸੀ ਕਈ ਤਰ੍ਹਾਂ ਦੀ ਹੈ। ਮਨ ਬਹੁਤ ਲੋੜੇ ਤੇ ਮਿਲੇ ਥੋਹੜਾ, ਇਕ ਉਦਾਸੀ ਇਹ ਹੈ। ਮਿਲੇ ਬਹੁਤ ਤਾਂ ਰਜਿਹਾਣ ਹੋਕੇ ਬੀ ਇਕ ਉਪਰਾਮਤਾ ਆ ਜਾਂਦੀ ਹੈ, ਹਾਂ ਭੋਗਾਂ ਦੇ ਅੰਤ ਪਰ ਬੀ ਆਪਾ ਸੱਖਣਾ ਹੋਕੇ ਕਦੇ ਉਦਾਸੀ ਵਿਚ ਚਲਾ ਜਾਂਦਾ ਹੈ। ਇਹ ਬੀ ਇਕ ਉਦਾਸੀ ਹੈ। ਪਰ ਇਕ ਉਦਾਸੀ ਹੋਰ ਹੈ। ਜੋ ਪਰਮੇਸ਼ਰ ਦੇ ਪਿਆਰਿਆਂ ਨੂੰ ਆਉਂਦੀ ਹੈ। ਉਹ ਹੁੰਦੀ ਹੈ ਇਕਾਂਤ ਦੀ ਇੱਛਾ।
137.
ਏਕਾਂਤ, ਜਿਥੇ ਮਨ ਕੁਦਰਤ ਨਾਲ ਗੱਲਾਂ ਕਰੇ, ਕੁਦਰਤ ਦਾ ਰੰਗ ਲਵੇ ਤੇ ਖਿੜੇ ਇਕ ਸੁਰ ਹੋਕੇ ਕੁਦਰਤ ਨਾਲ। ਹਾਂ, ਨਦੀ, ਨਾਲੇ, ਨਿੱਕੀਆਂ ਨਿੱਕੀਆਂ ਕੂਲਾਂ ਦਾ ਵਿਲਪ ਵਿਲਪ ਨਾਦ ਕੰਨਾਂ ਵਿਚ ਗੂੰਜੇ। ਚੰਦ, ਤਾਰੇ, ਆਕਾਸ਼ ਵਿਸ਼ਾਲਤਾ ਤੇ ਅਸਚਰਜਤਾ ਦਾ ਰੰਗ ਦੇਣ। ਬਿੱਛ ਬੂਟੇ, ਘਾਹ, ਫੁੱਲ ਤਰਾਵਤ ਭਰ ਦੇਣ ਅੱਖਾਂ ਵਿਚ ਤੇ ਅੱਖਾਂ ਭੇਜ ਦੇਣ ਇਕ ਤਾਜ਼ਗੀ ਦਿਲ ਨੂੰ। ਉਚਾਣਾਂ, ਨਿਵਾਣਾ, ਖੱਡਾਂ ਸਿਖਰਾਂ ਦੇ ਨਜ਼ਾਰੇ ਨਜ਼ਰ ਨੂੰ ਕਰ ਦੇਣ ਆਪੇ ਵਿਚ ਝਾਤੀ ਮਾਰਨ ਵਾਲਾ, ਅੰਦਰਲੇ ਉਚਾਣ ਨਿਵਾਣ ਟੋਏ ਟਿੱਬੇ ਦਿੱਸਣ ਤੇ ਫੇਰ ਸਮਤਾ ਹੋ ਜਾਵੇ ਅੰਦਰ ਰਸ ਭਰੀ। ਕੁਦਰਤ ਦਾ ਇਹ ਰੰਗ ਲੱਗ ਲੱਗ ਕੇ ਅੰਦਰ ਜਗਾ ਦੇਵੇ ਕੋਈ ਹੋਰ ਕਲਾ, ਜੋ ਦੇਖੇ ਕਿ ਇਸ ਦਿੱਸਦੇ ਦੇ ਮਗਰ ਅਣਦਿਸਦਾ ਬੀ ਵਸਦਾ ਹੈ।
138.
ਗੁਰੂ ਬਾਬੇ ਨੇ ਸਿਖਾਇਆ ਸੀ ਕਿ ਇਹ 'ਪਕੜ' ਛੱਡੋ। ਇਹ ਅੰਦਰ 'ਮੈਂ' ਕਰਕੇ ਬਿਰਾਜਮਾਨ ਹੈ, ਬਾਹਰ ‘ਮੇਰੀ ਕਰਕੇ ਬੋਲਦੀ ਹੈ, ਤੇ ਵਰਤੋਂ ਵਿਚ ਦੁਜਾਇਗੀ ਦਾ ਰੂਪ ਧਾਰਦੀ ਹੈ। ਅੰਦਰ ਤਾਂ ਸਾਂਈਂ ਤੋਂ ਵਿਛੋੜਦੀ ਹੈ ਤੇ ਬਾਹਰ ਜਗਤ ਤੋਂ ਵਿਤਕਰਾ ਪਾ ਦੇਂਦੀ ਹੈ। ਜਿਸਦੇ ਅੰਦਰ ਇਹ ਨਹੀਂ ਉਹ ਸੁਖੀ ਤੇ ਸੁਖਦਾਤਾ ਹੋ ਜਾਂਦਾ ਹੈ।