ਸਨ, ਜਿਨ੍ਹਾਂ ਵਿਚੋਂ ਮਹਾਂ ਸਿੰਘ ਪੂਰੀ ਹੋਸ਼ ਵਿਚ ਆਪਣਾ ਤੇ ਆਪਣੇ ਪੰਥਕ ਵੀਰਾਂ ਦਾ ਲੋਕ ਪ੍ਰਲੋਕ ਸੁਆਰ ਗਿਆ। ਇਉਂ ਬੀ ਜਾਪਦਾ ਹੈ ਕਿ ਦੋ ਚਾਰ ਸਰੀਰ ਬੇਸੁਧ ਸਨ, ਜਿਨ੍ਹਾਂ ਦੀ ਆਸ ਬਚ ਰਹਿਣੇ ਦੀ ਹੋ ਸਕਦੀ ਸੀ, ਉਨ੍ਹਾਂ ਨੂੰ ਦੁਕੋਹੀ ਚੁਕੋਹੀ ਪਿੰਡਾਂ ਵਿਚ ਬੈਰਾੜ ਲੈ ਗਏ ਸਨ ਜੋ ਦਾਰੂ ਦਾਰੀ ਦਾ ਹੀਲਾ ਹਵਾਲਾ ਹੋ ਜਾਏ। ਕਿਉਂਕਿ ਇਸ ਤੋਂ ਮਗਰੋਂ ਨੇੜੇ ਤੇੜੇ ਦੇ ਪਿੰਡਾਂ ਦਾ ਦੌਰਾ ਕਰਕੇ ਗੁਰੂ ਜੀ ਫੇਰ ਇਕ ਵੇਰ ਏਸੇ ਟਿਕਾਣੇ ਆਏ ਹਨ। ਉਹ ਦੌਰਾ ਕਰਨਾ ਦੱਸਦਾ ਹੈ ਕਿ ਉਨ੍ਹਾਂ ਘਾਇਲ ਸਿੱਖਾਂ ਦੀ ਸੰਭਾਲ ਤੇ ਦਾਰੀ ਲਈ ਗਏ ਹਨ ਤੇ ਮੁੜਕੇ ਅਸਥਾਨ ਤੇ ਸ਼ਹੀਦੀ ਦਾ ਨਿਸ਼ਾਨ ਕਾਇਮ ਕਰਨ ਆਏ ਸੇ ਕਿ ਸਦਾ ਲਈ ਯਾਦਗਾਰ ਰਹੇ।
ਦੂਜਾ ਕੰਮ ਜੋ ਕੋਮਲ ਪਿਆਰਾਂ ਦਾ ਇਸ ਵੇਲੇ ਦਿੱਸਿਆ ਉਹ ਇਹ ਸੀ ਕਿ ਜਿਸ ਪੱਕੇ ਦਿਲ ਵਾਲੇ ਨੇ ਚਮਕੌਰ ਯੁੱਧ ਵਿਚ ਆਪਣੇ ਜਿਗਰ ਦੇ ਲਾਲ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਦੇਖੇ ਤੇ 'ਸੀ' ਨਹੀਂ ਸੀ ਕੀਤੀ, ਅੱਜ ਆਪਣੇ ਬੇਮੁਖ ਹੋਕੇ ਸਨਮੁਖ ਹੋਏ ਪੁੱਤਾਂ ਨੂੰ ਦੇਖਕੇ ਦ੍ਰਵਦੇ ਰਹੇ। ਇਕ ਪ੍ਯਾਰੇ ਦੇ ਪਾਸ ਬਹਿ ਜਾਂਦੇ ਸਨ, ਸਿਰ ਚਾਕੇ ਗੋਦੀ ਵਿਚ ਲੈਂਦੇ ਸਨ, ਗਰਦ ਪੂੰਝਦੇ ਸਨ, ਫੇਰ ਵਰ ਦੇਂਦੇ ਸਨ। ਮੇਰਾ ਪੰਜ ਹਜ਼ਾਰੀ ਸੂਰਮਾ। ਕਿਸੇ ਨੂੰ ਆਖਦੇ ਸਨ; ਮੇਰਾ ਦਸਹਜ਼ਾਰੀ ਦੁਲਾ, ਕਿਸੇ ਨੂੰ ਮੇਰਾ ਲਖੀਅਰ ਬੇਟਾ ਆਦਿ ਵਾਕ ਉਚਾਰਦੇ, ਜੱਸ ਕਰਦੇ, ਅਸੀਸਾਂ ਦੇਂਦੇ ਲਗ ਪਗ ਸਾਰੇ ਮੈਦਾਨ ਵਿਚ ਫਿਰ ਨਿਕਲੇ ਸਨ। ਕਈਆਂ ਨੂੰ ਮਹਾਂ ਸਿੰਘ ਨੂੰ ਮਿਲਣ ਤੋਂ ਪਹਿਲੋਂ ਤੇ ਕਈਆਂ ਨੂੰ ਮਗਰੋਂ ਏਹ ਪ੍ਯਾਰ ਮਿਲੇ। ਸਭਨਾਂ ਨੂੰ ਸਦਗਤੀ ਦੀ ਅਸ਼ੀਰਵਾਦ ਦਾਨ ਹੋਈ।
ਇਸ ਵੇਲੇ ਇਕ ਸਿਖ ਨੇ ਆਕੇ ਆਖਿਆ:- "ਸਚੇ ਪਾਤਸ਼ਾਹ! ਇਕ ਝੰਗੀ ਲਾਗ ਇਕ ਮਾਈ ਦਾ ਸਰੀਰ ਹੈ, ਮਰੀ ਨਹੀਂ ਜਾਪਦੀ, ਤੁਰਕਾਂ ਨਾਲ ਲੜੀ ਹੈ ਤੇ ਘਾਇਲ ਪਈ ਜਾਪਦੀ ਹੈ। " ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਉਧਰ ਗਏ। ਅਗੇ ਮਾਈ ਢੱਠੀ ਪਈ ਬੇਸੁਧ ਸੀ, ਪਾਸ ਉਹ ਤੁਰਕ ਦੇਹ ਬੀ ਪਈ ਸੀ, ਜਿਸਨੂੰ ਮਾਈ ਨੇ ਸਾਂਗ ਨਾਲ ਪਰੋ ਕੇ ਸੁੱਟਿਆ ਸੀ।