ਖਾਨਾ- ਪਾਤਸ਼ਾਹ! ਜਦ ਮਝੈਲਾਂ ਵਲੋਂ ਚੁਪ ਹੋ ਗਈ। ..... ਹਾਂ ਸਚੀ, ਚੁਪ ਤਾਂ ਹੀ ਹੋਈ ਜਾਂ ਸਾਰੇ ਸ਼ਹੀਦ ਹੋ ਗਏ, (ਅਙਕ ਕੇ) ਹਾਂ ਮੇਰੀ ਜਾਚੇ, ਸਾਰੇ ਸ਼ਹੀਦ ਹੋ ਗਏ। ਫੇਰ ਇਕ ਦਸਤਾ ਵਜ਼ੀਰੇ ਨੇ ਘੱਲਿਆ ਕਿ ਦੇਖੋ ਕੀਹ ਗਲ ਹੈ। ਜਦ ਤਸੱਲੀ ਹੋ ਗਈਓਸੁ ਤਾਂ ਢਾਬ ਤੋਂ ਪਾਣੀ ਲੈਣ ਲਈ ਇਕ ਦਸਤਾ ਅੱਗੇ ਵਧਿਆ। ਜਦ ਢਾਬ ਸੁੱਕੀ ਪਾਣੀ ਤੋਂ ਸੱਖਣੀ ਪਈ ਦੀ ਖਬਰ ਇਸ ਦਸਤੇ ਨੇ ਲਿਆਕੇ ਦਿੱਤੀ ਤਾਂ ਕੀਹ ਵਜੀਰ ਖਾਂ ਤੇ ਕੀਹ ਉਸ ਦੇ ਸਰਦਾਰ ਸਭਨਾਂ ਦੇ ਸਿਰ ਪਾਣੀ ਪੈ ਗਿਆ। ਸਰਦਾਰਾਂ ਤੋਂ ਫੇਰ ਆਨ ਫਾਨ ਵਿਚ ਖਬਰ ਲਸ਼ਕਰ ਵਿਚ ਫੈਲ ਗਈ ਕਿ ਜਿਸ ਪਾਣੀ ਲਈ ਲੜੇ ਮਰੇ ਸਾਂ ਉਹ ਪਾਣੀ ਤਾਂ ਸੁਰਾਬ* ਹੋ ਨਿਕਲਿਆ। ਆਬ ਦੀ ਥਾਵੇਂ ਢਾਬ ਤਾਂ ਪਾਣੀ ਦੀ ਅਣਹੋਂਦ ਨਾਲ ਭਰੀ ਪਈ ਹੈ। ਇਹ ਸੁਣਕੇ ਹਫਲਾ ਤਫਲੀ ਪੈ ਗਈ। ਵਜ਼ੀਰ ਖਾਂ ਨੇ ਦਲ ਨੂੰ ਵਿਆਕੁਲ ਵੇਖਕੇ ਸਾਡੇ ਚੌਧਰੀ ਨੂੰ ਸੱਦਕੇ ਮਸਲਤ ਪੁੱਛੀ। ਉਸ ਨੇ ਕਿਹਾ, "ਖਾਂ ਸਾਹਿਬ, ਮੈਦਾਨ ਮਾਰ ਲਿਆ ਨੇ, ਰਹਿ ਬਣ ਆਈ ਹੈ। ਹੁਣ ਜੇ ਏਥੇ ਠਹਿਰਨਾ ਜੇ ਤਾਂ ਢਾਬ ਖੁਦਾ ਦੇ ਹੁਕਮ ਨਾਲ ਬੇਆਬ ਪਈ ਹੈ। ਹਾਂ ਬੰਦਾ ਤਾਂ ਨਹੀਂ ਨਾ ਕੋਈ ਰਾਤੋ ਰਾਤ ਪੀ ਗਿਆ, ਖੁਦਾ ਦਾ ਹੀ ਹੈ ਨਾ ਹੁਕਮ। ਨਾਂ ਸਿੱਖਾਂ ਨੇ ਸੁਕਾ ਦਿੱਤੀ ਏ, ਜੇ ਇਸ ਸੁੱਕੀ ਸੜੀ ਵਿਚ ਡਟੇ ਤੁਸਾਂ ਨਾਲ ਲੜਦੇ ਸਾਰਾ ਦਿਨ ਸ਼ਹੀਦੀ ਦੇ ਸ਼ਰਬਤ ਨਾਲ ਬੁੱਲ੍ਹ ਹਰੇ ਕਰਦੇ ਪਾਰਲੇ ਲੋਕ ਨੂੰ ਕੈਂਸਰ (ਸੁਰਗਾਂ ਵਿਚ ਮਿਠੇ ਪਾਣੀ ਦਾ ਸਰੋਵਰ) ਦਾ ਪਾਣੀ ਪੀਣ ਟੁਰ ਗਏ ਹਨ। ਅੱਲਾ ਦਾ ਹੁਕਮ ਹੀ ਸਮਝੋ। ਹੁਣ ਰੱਬ ਭਲਾ ਕਰੇ ਸਭਸਦਾ, ਅਗੇ ਚਲੋ ਪਾਣੀ ਦੀ ਭਾਲ ਵਿਚ ਤਾਂ ਤੀਹ ਕੋਹ ਪੰਧ ਜੇ, ਤੇ ਜੇ ਮੁੜੇ ਪਿੱਛੇ ਤਾਂ ਜੇ ਅੱਠ ਦਸ ਕੋਹ ਦੇ ਆਨ ਮਾਨ। ਮੇਰੀ ਮਲਵਈ ਦੀ ਮਤ ਵਿਚ ਏਥੇ ਠਹਿਰਨਾ ਯਾ ਅੱਗੇ ਵਧਣਾਂ ਬਿਨ ਆਈਓਂ ਮਰਨਾ ਜੇ। ਮੌਤ. ਹਾਂ ਜੀਓ, ਮੌਤ ਦੇ ਟੋਏ ਵਿਚ ਛਾਲ ਮਾਰਨੀ ਏ ਆਪੇ, ਤੇ ਸਲਾਮਤੀ, ਹਾਂ ਪਿੱਛੇ ਹੀ ਮੁੜਨ ਵਿਚ ਸਲਾਮਤੀ ਏ। ਅੱਠੀ ਦਸੀਂ ਕੋਹੀਂ ਪਹਿਰ ਦੋਪਹਿਰ ਵਿਚ ਜਾ ਪਾਣੀ ਦੇ ਮੱਥੇ ਲੱਗਾਂਗੇ। ਓਥੇ ਹੈ ਖੁਲ੍ਹਾ ਲਸ਼ਕਰ ਜੋਗਾ ਪਾਣੀ, ਅੱਗੋਂ ਜਿਵੇਂ ਹੁਕਮ