ਲਓ ਗੁਰੂ ਜੀ ! ਇਹੋ ਜੇਹੀ ਗਲ ਬਾਤ ਦੇ ਮਗਰੋਂ ਨਾਬ ਨੇ ਸਰਦਾਰਾਂ ਨੂੰ ਸੱਦਿਆ। ਓਹ ਬੀ ਸੁਣਕੇ ਘਬਰਾਏ ਹੋਏ ਆਖਣ ਲਗੇ-ਹਜੂਰ! ਵੈਰੀ ਮਾਰਕੇ ਬਾ-ਦਿਲ ਹੋਇਆ ਦਲ ਬੇਦਿਲ ਹੋ ਰਿਹਾ ਹੈ। ਭਾਵੇਂ ਅਸਾਂ ਸਾਰੇ ਵੈਰੀ ਮਾਰ ਲਏ ਹਨ, ਇਕ ਨਹੀਂ ਜੀਉਂਦਾ ਛੱਡਿਆ, ਫਤੇ ਦਾ ਡੰਕਾ ਵਜਾ ਲਿਆ ਹੈ ਤੇ ਫਤੇ ਹੋ ਬੀ ਗਈ ਏ ਸੱਚ ਮੁੱਚ, ਪਰ ਸੁੱਕੀ ਬੇਆਬੀ ਢਾਬ ਮੂੰਹ ਪਾੜ ਪਾੜ ਕੇ ਪੈਂਦੀ ਏ ਪਾਣੀ ਵਾਂਙੂ ਪੀ ਜਾਣ ਨੂੰ ਤੇ ਨਿਤਰਿਆ ਹੋਇਆ ਬੇਬਾਦਲ ਅਜਮਾਨ ਦਲ ਨੂੰ ਬੇਦਿਲ ਕਰ ਰਿਹਾ ਹੈ ਤੇ ਹਰ ਸਿਪਾਹੀ ਅਲਅਤਸ਼, ਅਲਅਤਸ਼* ਕਹਿ ਰਿਹਾ ਹੈ ਤੇ ਅਗੇ ਵਧਣੋਂ ਪੈਰ ਸੰਕੋਚ ਰਿਹਾ ਹੈ। 'ਨਾਂਹ' ਤਾਂ ਅਜੇ ਨਹੀ ਕਰਦੇ, ਪਰ ਜੇਕਰ ਕਰ ਦੇਣ ਤਾਂ ਸ਼ਾਹੀ ਰੋਹਬ ਕੀ ਰਹਿਸੀ ਤੇ ਸਿੱਖ ਖਬਰੇ ਵਣ ਵਣ ਵਿਚੋਂ ਉਗਮ ਪੈਣ ਤੇ ਕੀਹ ਕੀਹ ਕਰ ਗੁਜ਼ਰਨ ਮਾਲਵਾ ਹੈ ਸ਼ੇਰਾਂ ਦਾ ਘੁਰਾ। ਇਸ ਲਈ ਪਿੱਛੇ ਮੁੜਨਾ ਠੀਕ ਲਗਦਾ ਹੈ। ਪਸੂ ਬੀ ਘਬਰਾ ਰਹੇ ਹਨ। ਚੌਧਰੀ ਨੇ ਗਲ ਖਰੀ ਆਖੀ ਏ, ਇਹ ਜਾਣਕਾਰ ਏ ਦੇਸ਼ ਦਾ, ਖੈਰਖਾਹ ਏ ਸਰਕਾਰ ਦਾ। ਹੁਣ ਫਤੇ ਦੀ ਗੋਲੀ ਮੂੰਹ ਵਿਚ ਪਾਓ ਤੇ ਪਾਣੀ ਦਾ ਘੁੱਟ ਪੀਕੇ ਅੰਦਰ ਲੰਘਾਉਣ ਲਈ ਮੁੜ ਪਓ ਪਿੱਛੇ। ਜਿੱਥੇ ਲੈ ਚਲੇ ਚੌਧਰੀ।
ਸੋ ਇਸ ਤਰ੍ਹਾਂ ਦੇ ਮਸ਼ਵਰੇ ਹੋ ਹਵਾਕੇ, ਗੁਰੂ ਜੀਓ! ਮਗਰ ਪਿਛੇ ਕੂਚ ਦਾ ਫੈਸਲਾ ਹੋ ਗਿਆ। ਮੈਂ ਚੁਪਾਤੇ ਖਿਸਕ ਆਯਾ ਹਾਂ ਕਿ ਆਪ ਨੂੰ ਖੁਸ਼ੀ ਦੀ ਖਬਰ ਪੁਚਾ ਦਿਆਂ ਕਿ ਵੈਰੀ ਟੁਰ ਗਏ ਜੇ ਤੇ ਸੱਜਣ ਜੋ ਕੱਲ ਬੇਦਾਵੇ ਪਏ ਲਿਖਦੇ ਤੇ ਮੂੰਹ ਮੈਲਾ ਪਏ ਕਰਦੇ ਸਨ ਅੱਜ ਸਨਮੁਖ ਜੂਝਦੇ ਆਪਣੇ ਮੂੰਹ ਆਪਣੇ ਲਹੂ ਨਾਲ ਧੋਕੇ ਸੁਰਖਰੂ ਹੋਏ, ਆਪ ਦੇ ਰਾਹਾਂ ਨੂੰ ਪਏ ਬਿੱਟ ਬਿੱਟ ਤੱਕਦੇ ਹਨ ਕਿ ਕਦ ਆਉਣ ਮਿਹਰਾਂ ਦੇ ਸਾਈਂ ਤੇ ਕਰ ਲੈਣ ਸਾਡੇ ਦਰਸ਼ਨ, ਅਸੀਂ ਜੁ ਨਾਂ ਰਹੇ ਦਰਸ਼ਨ ਕਰਨ ਜੋਗੇ।
––––––––––––
* ਹਾਇ ਪਿਆਸ ਹਾਇ ਤ੍ਰੈਹ।