ਗੁਰੂ ਜੀ- ਮੁਰੱਖਿਆ! ਦੱਸ ਬਈ ਤੂੰ ਬੀ ਓਪਰਾ ਨਹੀਂ, ਆਪਣਾ ਹੈਂ, ਘਾਲ ਘਾਲੀ ਆ ਅਕਲਾਂ ਵਾਲੀ, ਥਹੁ ਪਤੇ ਖਬਰਾਂ ਦੇ ਦੇਕੇ ਸੇਵਾ ਕਰ ਲਈ ਆ। ਪਰਜਾ ਦੇ ਛੁਟਕਾਰੇ ਦੇ ਮਹਾਂ ਯੱਗ ਵਿਚ ਤੇਰੀ ਵਲੋਂ ਬੀ ਆਹੂਤੀਆਂ ਪੈ ਗਈਆਂ ਹਨ, ਹੁਣ ਦੱਸ ਤੇਰਾ ਵੀਚਾਰ ਕੀਹ ਏ?
ਖਾਨਾ- ਹਜੂਰ, ਜਿਥੇ ਬੈਠੇ ਹੋ ਟਿੱਬੀ ਏ ਉੱਚੀ, ਖਿਦਰਾਣੇ ਵਿਚ ਤਾਂ ਸੁੱਕ ਈ ਸੁੱਕ ਪਈ ਪਿਆਰਿਆਂ ਦੀਆਂ ਆਸਾਂ ਉਮੈਦਾਂ ਨੂੰ ਡੋਬਣ ਦੇ ਤਰਲੇ ਲੈ ਰਹੀਏ। ਸਿੰਘਾਂ ਦਾ ਕੱਠਾ ਕੀਤਾ ਨਾਲ ਆਂਦਾ ਪਾਣੀ ਮੁੱਕ ਟਰਿਆ ਏ। ਭਾਵੇਂ ਆਪ ਨਾਲ ਹੁਣ ਬਹੁਤੇ ਸੂਰਮੇ ਨਹੀਂ ਪਰ ਆਖਰ ਪਾਣੀ ਪਾਣੀ ਏਂ ਤੇ ਪਾਣੀ ਦੀ ਲੋੜ ਡਾਢੀ ਏ। ਸਿੰਘ ਆਸਾ ਦੀ ਵਾਰ ਵਿਚ ਪੜ੍ਹਦੇ ਮੈਂ ਸੁਣੇ ਹਨ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”। ਸੋ ਪਾਣੀ ਵਾਲੇ ਥਾਂ ਹੁਣ ਚੱਲੋ, ਥੋੜੀ ਕੁ ਵਾਟ ਤੇ ਇਕ ਪਾਸੇ ਨਿੱਕੀ ਜਿਹੀ ਢਾਬ ਹੈ ਤੇ ਉਹ ਸਰਵੀ ਹੈ। ਜੇ ਆਪਣੇ ਨਿੱਕੇ ਜਿਹੇ ਦਲ ਨੂੰ ਓਥੇ ਲੈ ਚੱਲੋ ਤਾਂ ਪਾਣੀ ਦਾ ਤੋਟਾ ਨਾਂ ਪਵੇਗਾ।
ਗੁਰੂ ਜੀ- ਪਾਣੀ ਕਾਫ਼ੀ ਹੋਸੀ ?.... ਕੋਈ ਨੇੜੇ ਤੇੜੇ ਦਾ ਤੌਖਲਾ..... ।
ਖਾਨਾ- ਪਾਣੀ ਥੋੜਾ ਹੈ ਪਰ ਆਪ ਜੀ ਦੇ ਸੰਗ ਲਈ ਕਾਫ਼ੀ ਹੈ ਤੇ ਨਿਰਮਲ ਵੀ। ਤੌਖਲਾ ਕੋਈ ਨਹੀਂ, ਉਜਾੜ ਪਈ ਹੈ। ਦੂਰ ਕੁਛ ਥੇਹ ਹੈ। ਪੁਰਾਣਾ, ਕਦੇ ਵਸੋਂ ਹੁੰਦੀ ਸੀ ਘੁੱਘ। ਹਾਂ, ਇਕ ਜੋਗੀ ਦਾ ਟਿਕਾਣਾ ਹੈ ਇਸ ਜਲ ਦੇ ਕਿਨਾਰੇ। ਉਸ ਦਾ ਸੰਗ ਸਾਧ ਚੇਲੇ ਬਾਲੇ ਹੈਨ ਯਾ ਆਏ ਗਏ।
ਗੁਰੂ ਜੀ ਨੇ ‘ਕਦੇ ਵਸੋਂ ਸੀ' ਸੁਣ ਕੇ ਨੈਣ ਮੁੰਦ ਲਏ ਤੇ ਫੇਰ ਬੋਲੇ -ਹਾਂ ਪੁਰਾਣਾ ਟਿਕਾਣਾ ਹੈ, ਚੱਲ ਬਈ ਖਾਨਾ!
ਇਉਂ ਕਹਿ ਟਿੱਬੀ ਤੋਂ ਕੂਚ ਕੀਤਾ ਤੇ ਉਸ ਸਰ ਦੇ ਕਿਨਾਰੇ ਜਾ ਡੇਰਾ ਲਾਇਆ। ਖਾਨਾਂ ਹੁਣ ਵਿਦਾ ਹੋ ਗਿਆ ਜੋ ਕਪੂਰੇ ਨੂੰ ਜਾ ਮਿਲੇ ਤੇ ਗੁਰੂ ਜੀ ਦਾ ਸਾਰਾ ਹਾਲ ਦੱਸ ਦੇਵੇ ਕਿ ਓਹ ਸਲਾਮਤੀ ਦੇ ਟਿਕਾਣੇ ਬੈਠੇ ਹਨ। ਤੇ ਜੇ ਲੋੜ ਪਵੇ ਤਾਂ ਕਪੂਰਾ ਕੋਈ ਹੋਰ ਸੁਨੇਹਾ ਗੁਰੂ ਜੀ ਨੂੰ ਘੱਲਣਾ ਚਾਹੇ