੫. ਜੋਗ।
ਸਰ ਯਾਂ ਢਾਬ ਦੇ ਦੂਜੇ ਪਾਸੇ ਇਕ ਜੋਗੀ ਦਾ ਆਸ਼੍ਰਮ ਸੀ। ਇਸ ਦੇ ਆਸ਼੍ਰਮ ਵਿਚ ਖਬਰ ਹੋਈ ਕਿ ਪਾਰਲੇ ਕੰਢੇ ਕੋਈ ਵੱਡੇ ਲੋਕ ਜੀ ਆ ਉਤਰੇ ਹਨ। ਤਦ ਉਸ ਸਾਧ ਜੋਗੀ ਨੇ ਸੇਵਕਾਂ ਨੂੰ ਪੁੱਛਿਆ ਕਿ ਕਉਣ ਹੈ ਬਈ ਜੋ ਪਾਰ ਆ ਉਤਰਿਆ ਹੈ? ਸੇਵਕਾਂ ਨੇ ਵਿਚਰ ਰਹੇ ਕੁਛ ਸਿਖਾਂ ਤੋਂ ਪੁੱਛ ਪੁਛਾ ਕੇ ਦੱਸਿਆ ਕਿ ਗੁਰੂ ਹੈ ਗੋਬਿੰਦ ਸਿੰਘ- ਗੁਰੂ ਨਾਨਕ ਦਾ ਗਦੀ ਨਸ਼ੀਨ। ਨਾਲੇ ਤਾਂ ਗੁਰੂ ਹੈ ਨਾਲੇ ਜੋਧਾ ਹੈ । ਕਈ ਵੇਰ ਤੁਰਕਾਂ ਨੂੰ ਵਖਤ ਪਾ ਚੁਕਾ ਹੈ। ਜੋ ਹੀਆ ਕਿਸੇ ਦਾ ਨਹੀਂ ਸੀ ਪੈਂਦਾ ਕਿ ਮੁਗਲ ਨਾਲ ਕੋਈ ਟੱਕਰ ਲਏ। ਇਸ ਜੋਧੇ ਨੇ ਮੁਗਲ ਰਾਜ ਦੇ ਇਸ ਮਧ੍ਯਾਨ ਕਾਲ ਦੇ ਤਪ ਤੇਜ ਵਿਚ ਵੱਟਾ ਮਾਰ ਕੇ ਦਿਖਾ ਦਿੱਤਾ ਹੈ ਕਿ ਮੁਗਲ ਅਜਿੱਤ ਨਹੀਂ ਹੈ। ਖਬਰੇ ਜ਼ੁਲਮ ਰਾਜ ਦਾ ਸੂਰਜ ਅਸਤ ਹੀ ਕਰ ਦੇਵੇ।
ਸਾਧੂ ਨੇ ਕਿਹਾ ਆਰਬਲਾ ਕਿਤਨੀ ਕੁ ਹੋਊ? ਚੇਲੇ ਨੇ ਕਿਹਾ ਕੋਈ ਤ੍ਰੀਹ ਚਾਲੀ ਹੋਸੀ। ਚਾਲੀ ਤੋਂ ਹੇਠਾਂ ਹੋਸੀ:-
ਸੁਨਤਿ ਸਾਧ ਤਰਕਤਿ ਕਹਿ ਬੈਠਾ:
ਤਿਸ ਗੁਰ ਤੇ ਹਮ ਨੇ ਕਯਾ ਲੈਨਾ।
ਸਾਧੀ ਸਾਧਨਾ ਹੋਇ ਨ ਕੋਈ।
ਸ਼ਾਂਤਿ ਸਮੇਤ ਨਹੀਂ ਚਿਤ ਹੋਈ॥੩੭॥
(ਸੂ.ਪ੍ਰ.ਐਨ੧,ਅੰਸੂ ੧੩)
ਇਹ ਕਹਿਕੇ ਸਾਧ ਨੇ ਦਰਸ਼ਨ ਲਈ ਜਾਣ ਦੀ ਸਲਾਹ ਛਡ ਦਿੱਤੀ। ਸੋ ਆਪ ਤਾਂ ਨਾ ਆਇਆ, ਪਰ ਚੇਲੇ ਆਉਣ ਜਾਣ ਲੱਗ ਪਏ।