ਗੁਰੂ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲੱਗੇ: ਮਾਯਾ ਪ੍ਰਬਲ ਹੈ, ਗ੍ਰਿਹਸਤੀ, ਦੁਨੀਆਂਦਾਰ, ਰਾਉ, ਰੰਕ ਸਭ ਨੂੰ ਘੇਰੇ ਬੈਠੀ ਹੈ, ਪਰ ਦੇਖੋ ਤਯਾਗੀਆਂ ਤੇ ਜੋਗੀਆਂ ਨੂੰ ਬੀ ਆ ਵਰਦੀ ਹੈ। ਜੇ ਭਲਾ ਹਠ ਜੱਗ ਦੀਆਂ ਕਸਰਤਾਂ ਕਰਕੇ ਸਰੀਰ ਨਿਰੋਗ ਕਿ ਵਡੀ ਉਮਰਾ ਵਾਲਾ ਕਰ ਲਿਆ ਤਾਂ ਕਾਹਦਾ ਮਾਣਾਂ, ਕਿਸੇ ਇਕੋ ਚੋਲਾ ਦੇਰ ਪਾ ਬਣਾਕੇ ਪੁਰਾਣਾ ਪਾਈ ਰਖਿਆ, ਕਿਸੇ ਨਵੇਂ ਨਵੇਂ ਛੇਤੀ ਛੇਤੀ ਬਦਲ ਲਏ। ਜੇ ਤਾਂ ਸਾਈਂ ਦਿੱਤੇ ਕਿਸੇ ਨੇ ਪਾਏ ਤੇ ਸਾਈਂ ਦਾ ਕੰਮ ਕਰਨ ਏਥੇ ਆ ਗਿਆ ਤਾਂ ਨਵੇਂ ਚੰਗੇ ਤੇ ਜੇ ਕਰਮਾਂ ਦਾ ਬੱਧਾ ਆਇਆ ਤੇ ਕਰਮਾਂ ਅਨੁਸਾਰ ਕਪੜਾ ਗਲ ਪਾ ਆਇਆ* ਤਾਂ ਜੇਹਾ ਨਵਾਂ ਜੇਹਾ ਪੁਰਾਹਣਾ, ਗਲੋਂ ਤਾਂ ਨਾਂ ਲੱਥਾ ਕਪੜਾ ਜੋ ਕਰਮਾਂ ਦਾ ਜ਼ੰਜ਼ੀਰ ਹੋਇਆ ਮਾਨੋ। ਹਾਂ, ਜੇ ਕੋਈ ਇਕੇ ਚੋਲੇ ਨੂੰ ਵਧੇਰਾ ਚਿਰ ਹੰਢਣ ਵਾਲਾ ਬਣਾਵੇ ਤ ਕਾਰ ਬੀ ਉਹ ਕਰੇ ਜਿਸ ਨਾਲ ਕਰਮ ਵੱਸ ਹੋ ਕੇ ਮੁੜ ਨਾ ਪਾਉਣਾ ਪਵੇ ਤਾਂ ਤਾਂ ਗਲ ਚੰਗੀ ਹੋ ਗਈ। ਜੇ ਉਹ ਕਾਰ ਨਾਂ ਹੋਵੇ ਤਾਂ ਨਿਰਾ ਪੁਰਾਣੇ ਚੋਲੇ ਦਾ ਮਾਣਾ ਮਾਇਆ ਦਾ ਆਵਰਣ ਹੀ ਹੈ ਨਾਂ, ਹੰਕਾਰ ਦੀ ਹੀ ਸੂਰਤ ਹੈ ਨਾਂ। ਹਉਮੈਂ ਹੀ ਹੈ ਨਾਂ ਦੇਹ ਦਾ ਹੇਤੂ। ਜੇਹੀ ਹਉਮੈ ਰਾਜ ਭਾਗ ਦੀ ਜੇਹੀ ਕੰਗਾਲਤਾਈ ਦੀ, ਜੇਹੀ ਵਡੀ ਉਮਰਾ ਦੀ, ਜੇਹੀ ਰਿਧੀ ਸਿਧੀ ਪ੍ਰਾਪਤੀ ਦੀ।.... ਨਾਨਕਾ ਸਭ ਵਾਉਂ।
(ਸਿਰੀ ਰਾਗ ਮਹਲਾ ੧)
ਇਸ ਵੇਲੇ ਇਕ ਸਿਖ ਨੇ ਪੁੱਛਿਆ: ਪਾਤਸ਼ਾਹ ਕਿੰਨੀ ਕੁ ਉਮਰਾ ਹੋਸੀ ਸਾਧੂ ਦੀ? ਗੁਰੂ ਜੀ ਨੇ ਜਿੰਨੀ ਉਸ ਦੀ ਉਮਰਾ ਸੀ ਦੱਸ ਦਿਤੀ। ਚੇਲਿਆਂ ਨੇ ਸਾਰੀ ਗਲ ਬਾਤ ਜੋਗੀ ਨੂੰ ਆ ਦੱਸੀ।
–––––––––––––––
* ਕਰਮੀ ਆਵੈ ਕਪੜਾ