ਪ੍ਯਾਹ, ਦਇਆ, ਮੈਤ੍ਰੀ ਉਪਕਾਰ ਦੇ ਹੋਣਗੇ, ਐਉਂ ਪਰਮੇਸ਼ੁਰ ਉਸ ਸਿਖ ਵਿਚ ਚਮਕਦਾ ਦਿੱਸੇਗਾ।
ਹੁਣ ਰਿਹਾ ਜੰਗ। ਸਿਖ ਲੋਭ ਲਾਲਚ ਲਈ ਜੰਗ ਨਹੀਂ ਕਰ ਰਹੇ। ਦੇਸ ਦੁਖੀ ਹੈ, ਪਰਜ ਪੀੜਤ ਹੈ, ਅਪਣੇ ਮੁਲਕ ਵਿਚ, ਆਪਣੇ ਘਰਾਂ ਵਿਚ ਅਸੀਂ ਦਾਸ ਬਣਾਏ ਤੇ ਸਲੂਕੇ ਜਾਂਦੇ ਹਾਂ, ਸਾਡੇ ਕਰਮ ਧਰਮ ਵਿਚ ਜੁਲਮ ਕੀਤੇ ਜਾਂਦੇ ਹਨ। ਧਰਮ ਸਭ ਦਾ ਆਪਣਾ ਹੈ। ਰਾਜਾ ਕਿਉਂ ਦਖਲ ਦੇਵੇ ਸਾਡੇ ਧਰਮ ਵਿਚ? ਇਹ ਕਸ਼ਟ ਹੈ ਸਾਰੀ ਪਰਜਾ ਨੂੰ।
ਜੋਗੀ (ਠੰਡਾ ਸਾਹ ਲੈਕੇ)- ਦਾਤਾ! ਸੱਚ ਕਿਹਾ ਨੇ, ਸਦੀਆਂ ਤੋਂ ਪਰਜਾ ਦੁਖੀ ਹੈ ਤੇ ਪਰਵੱਸ ਪਈ ਹੋਈ ਹੈ। ਧਰਮ ਕਰਮ ਦੀ ਖੁੱਲ੍ਹ ਬੱਸ ਚੁਕੀ ਹੈ। ਨੀਵੇਂ ਸਮਝੇ ਤੇ ਧਿਕਾਰੇ ਜਾਂਦੇ ਹਾਂ। (ਠੰਡਾ ਸਾਹ ਲੈਕੇ) ਅਹੋ ਕਾਲ ਗਤੀ!
ਗੁਰੂ ਜੀ- ਸਾਧੂ ਜੀ! ਸ਼ਾਸਤ੍ਰਾਂ ਦਾ ਦੱਸਿਆ ਸਾਧਨ ਵੈਰਾਗ ਹੈ। ਵੈਰਾਗ ਧਾਰ ਕੇ ਹਿਮਾਂਚਲ ਵਿਚ ਜਾ ਕੇ ਸਰੀਰ ਗਾਲਣ ਦੀ ਥਾਂ ਅਸਾਂ ਸਿਖਾਇਆ ਹੈ ਕਿ ਦੇਹੀ ਨਾਲ ਵੈਰਾਗ ਬੇਸ਼ਕ ਕਰੋ, ਪਰ ਸਫਲ ਵੈਰਾਗ ਕਰੋ।
ਜੋਗੀ (ਕਾਹਲਾ ਹੋਕੇ)- ਸਫਲ ਵੈਰਾਗ ਕੀਹ ਹੁੰਦਾ ਹੈ ? ਭਗਵਨ! ਗੁਰੂ ਜੀ- ਸਰੀਰ ਦੀਆਂ ਵਿਹਤ ਲੋੜਾਂ ਪੂਰੀਆਂ ਕਰਕੇ ਮੰਦ ਕਰਮਾਂ ਤੋਂ ਬਚਣਾ ਤੇ ਮਨ ਵਿਚ ਸਰਬਤ ਦਾ ਭਲਾ ਚਿਤਵਨਾ। ਲੋੜ ਪਏ ਤਾਂ ਸਰੀਰ ਦੂਸਰਿਆਂ ਦੀ ਸੇਵ ਵਿਚ, ਦੂਏ ਦੇ ਦੁਖ ਹਰਨ ਵਿਚ ਖਰਚ ਕਰਨਾ। ਤੁਸੀਂ ਦੇਖੋ ਕਿ ਹੁਣ ਦੁਖ ਸਾਰੀ ਪਰਜਾ ਵਿਚ ਝਰਨਾਟਾਂ ਛੇੜ ਰਿਹਾ ਹੈ ਤੇ ਚੀਸਾਂ ਕਢਵਾ ਰਿਹਾ ਹੈ, ਸੋ ਅਸਾਂ ਸਿੱਖਾਂ ਨੂੰ ਜਥੇਬੰਦ ਕਰਕੇ ਇਸ ਪੀੜਾ ਹਰਨ ਤੇ ਲਾ ਦਿਤਾ ਹੈ। ਏਹ ਸਿਖ ਵੈਰ ਵਿਰੋਧ ਵਿਚ ਆਕੇ ਯਾ ਲੋਭ ਲਾਲਚ ਵਿਚ ਫਸਕੇ ਜੰਗ ਨਹੀਂ ਕਰਦੇ, ਇਹ ਦੀਨ ਰੱਖਿਆ ਲਈ ਜੰਗ ਕਰਦੇ ਹਨ। ਜੰਗ ਨਹੀਂ ਕਰਦੇ ਆਪਣਾ ਸਰੀਰ ਛਿਨ ਭੰਗਰ ਜਾਣ ਕੇ ਵੀਰਾਂ ਦੀ ਰਖ੍ਯਾ ਵਿਚ ਵੈਰੀ ਦੀ ਤਲਵਾਰ ਅਗੇ ਅਰਪਨ ਕਰਦੇ ਹਨ। ਆਖਦੇ ਹਨ: ਚਾਹੇ ਸਰੀਰ ਜਾਏ, ਵੀਰਾਂ ਭਰਾਵਾਂ ਦੇ ਦੁਖ ਹਰਨੇ ਹਨ, ਸੋ ਹਿਮਾਂਚਲ ਵਿਚ ਸਰੀਰ ਬਰਫ਼